ਮੁੱਖ ਖਬਰਾਂ
Home / ਪੰਜਾਬ / ਚੈੱਕ ਵਾਪਸ ਕਰਾਉਣ ਲਈ ਕਿਸਾਨਾਂ ਨੇ ਪੰਜਾਬ ਗ੍ਰਾਮੀਣ ਬੈਂਕ ਘੇਰਿਆ

ਚੈੱਕ ਵਾਪਸ ਕਰਾਉਣ ਲਈ ਕਿਸਾਨਾਂ ਨੇ ਪੰਜਾਬ ਗ੍ਰਾਮੀਣ ਬੈਂਕ ਘੇਰਿਆ

Spread the love

ਲੰਬੀ-ਕਰਜ਼ਦਾਰ ਕਿਸਾਨਾਂ ਦੇ ਖਾਲੀ ਚੈੱਕਾਂ ਜ਼ਰੀਏ ਡਿਫਾਲਟਰ ਕਿਸਾਨਾਂ ’ਤੇ ਅਦਾਲਤੀ ਕੇਸ ਦਰਜ ਕਰਾਉਣ ਖਿਲਾਫ਼ ਭਾਕਿਯੂ ਏਕਤਾ (ਉਗਰਾਹਾਂ’) ਨੇ ਪੰਜਾਬ ਗ੍ਰਾਮੀਣ ਬੈਂਕ ਦੀ ਕਿੱਲਿਆਂਵਾਲੀ ਬਰਾਂਚ ਦਾ ਘਿਰਾਓ ਕੀਤਾ। ਘਿਰਾਓ ਕਾਰਨ ਬੈਂਕ ਮੈਨੇਜਰ ਅਤੇ ਤਿੰਨ ਔਰਤ ਮੁਲਾਜ਼ਮਾਂ ਸਮੇਤ ਕੁੱਲ ਦਸ ਵਰਕਰ ਬੈਂਕ ਅੰਦਰ ਘਿਰ ਗਏ। ਕਿਸਾਨਾਂ ਦਾ ਘਿਰਾਓ ਸ਼ਾਮ 4.42 ਵਜੇ ਸ਼ੁਰੂ ਹੋਇਆ, ਜਦੋਂਕਿ ਅੱਜ ਸਵੇਰੇ ਤੋਂ ਕਿਸਾਨਾਂ ਨੇ ਬੈਂਕ ਮੂਹਰੇ ਧਰਨਾ ਲਾਇਆ ਹੋਇਆ ਸੀ। ਧਰਨੇ ਦੇ ਮੱਦੇਨਜ਼ਰ ਥਾਣਾ ਸਦਰ ਮਲੋਟ ਦੇ ਮੁਖੀ ਬਿਕਰਮਜੀਤ ਸਿੰਘ ਅਤੇ ਕਿੱਲਿਆਂਵਾਲੀ ਚੌਕੀ ਮੁਖੀ ਗੁਰਮੇਜ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਮੌਕੇ ’ਤੇ ਤਾਇਨਾਤ ਸਨ। ਘਿਰਾਓ ਦੌਰਾਨ ਕਿਸਾਨਾਂ ਨੇ ਤਿੱਖੀ ਨਾਅਰੇਬਾਜ਼ੀ ਕੀਤੀ। ਖੇਤਰ ਦੇ ਕਰੀਬ 18 ਪਿੰਡਾਂ ’ਚ ਪੰਜਾਬ ਗ੍ਰਾਮੀਣ ਬੈਂਕ ਮੰਡੀ ਕਿੱਲਿਆਂਵਾਲੀ ਦੇ ਲਗਪਗ ਚਾਰ ਸੌ ਕਿਸਾਨਾਂ ਸਿਰ ਦਸ ਕਰੋੜ ਰੁਪਏ ਬਕਾਇਆ ਹਨ। ਪੰਜਾਬ ਦੀ ਸੂਬਾ ਪੱਧਰੀ ਬੈਂਕਰ ਕਮੇਟੀ ਨੇ ਵੀ ਕਿਸਾਨਾਂ ਦੇ ਚੈੱਕ ਮੋੜਨ ਲਈ ਬੈਂਕਾਂ ਨੂੰ ਸਰਕੂਲਰ ਕੱਢਿਆ ਹੋਇਆ ਹੈ। ਧਰਨੇ ਦੌਰਾਨ ਬਲਾਕ ਲੰਬੀ ਦੇ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਭੁਪਿੰਦਰ ਸਿੰਘ ਚੰਨੂ, ਗੁਰਭਗਤ ਸਿੰਘ ਭਲਾਈਆਣਾ ਅਤੇ ਪੂਰਨ ਸਿੰਘ ਦੋਦਾ ਨੇ ਸੰਬੋਧਨ ਕੀਤਾ ਤੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਸਰਕਾਰ ’ਤੇ ਕਰਜ਼ਾ ਮੁਆਫੀ਼ ਦੇ ਨਾਂ ’ਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਬੁਲਾਰਿਆਂ ਨੇ ਇਸ ਮੌਕੇ ਕਿਸਾਨਾਂ ਦੇ ਚੈੱਕ ਅਤੇ ਉਨ੍ਹਾਂ ਖਿਲਾਫ਼ ਕੀਤੇ ਕੇਸ ਵਾਪਸ ਲੈਣ ਦੀ ਮੰਗ ਕੀਤੀ। ਬੈਂਕ ਮੈਨੇਜਰ ਕੁਲਵਿੰਦਰ ਸਿੰਘ ਸੇਖੋਂ ਅਤੇ ਕਿਸਾਨੀ ਲੀਡਰਸ਼ਿਪ ਵਿਚਾਲੇ ਦੋ ਪੜਾਵਾਂ ਵਿੱਚ ਮੀਟਿੰਗ ਹੋਈ ਜਿਸ ਤੋਂ ਬਾਅਦ ਬੈਂਕ ਚੈੱਕ ਮੋੜਨ ਨੂੰ ਰਾਜ਼ੀ ਹੋ ਗਿਆ। ਇਸ ਤੋਂ ਬਾਅਦ ਕਿਸਾਨ ਕਰਜ਼ਦਾਰ ਕਿਸਾਨਾਂ ’ਤੇ ਦਾਇਰ ਅਦਾਲਤੀ ਕੇਸਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਅੜ ਗਏ ਅਤੇ ਮਗਰੋਂ ਕਿਸਾਨਾਂ ਨੇ ਧਰਨੇ ਨੂੰ ਘਿਰਾਓ ਵਿੱਚ ਤਬਦੀਲ ਕਰ ਦਿੱਤਾ। ਕਰੀਬ ਸਾਢੇ ਛੇ ਵਜੇ ਪੰਜਾਬ ਗ੍ਰਾਮੀਣ ਬੈਂਕ ਬਠਿੰਡਾ ਦੇ ਰਿਜਨਲ ਅਧਿਕਾਰੀ ਪਵਨ ਜਿੰਦਲ ਅਤੇ ਲੰਬੀ ਦੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਇਸ ਤੋਂ ਬਾਅਦ ਕਿਸਾਨਾਂ ਨੇ ਘਿਰਾਓ ਖ਼ਤਮ ਕਰ ਦਿੱਤਾ।

Leave a Reply

Your email address will not be published.