ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਪੂੰਜੀਵਾਦ ਨੂੰ ਗੰਭੀਰ ਖ਼ਤਰਾ: ਰਾਜਨ

ਪੂੰਜੀਵਾਦ ਨੂੰ ਗੰਭੀਰ ਖ਼ਤਰਾ: ਰਾਜਨ

Spread the love

ਲੰਡਨ-ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਚਿਤਾਵਨੀ ਦਿੱਤੀ ਹੈ ਪੂੰਜੀਵਾਦ ਨੂੰ ‘ਵਿਦਰੋਹ/ਬਗ਼ਾਵਤ’ ਜਿਹੀਆਂ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਰਾਜਨ ਨੇ ਕਿਹਾ ਕਿ 2008 ਵਿੱਚ ਖਾਸ ਕਰਕੇ ਆਲਮੀ ਪੱਧਰ ’ਤੇ ਆਏ ਵਿੱਤੀ ਨਿਘਾਰ ਮਗਰੋਂ ਦੇਸ਼ ਦੇ ਆਰਥਿਕ ਤੇ ਸਿਆਸੀ ਪ੍ਰਬੰਧ ਨੇ ਲੋਕਾਂ ਨੂੰ ਉੱਕਾ ਹੀ ਵਿਸਾਰ ਦਿੱਤਾ ਸੀ। ਉਨ੍ਹਾਂ (ਲੋਕਾਂ) ਨੂੰ ਜੋ ਸੇਵਾਵਾਂ ਮਿਲਣੀਆਂ ਚਾਹੀਦੀਆਂ ਸਨ, ਉਹ ਨਹੀਂ ਮਿਲੀਆਂ। ਰਾਜਨ ਸ਼ਿਕਾਗੋ ਦੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਬੀਬੀਸੀ ਰੇਡੀਓ 4 ਦੇ ‘ਅੱਜ ਦੇ ਪ੍ਰੋਗਰਾਮ’ ਦੌਰਾਨ ਦੱਸਿਆ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਅਰਥਚਾਰੇ ਦੇ ਸਬੰਧ ਵਿੱਚ ਸਮਾਜਿਕ ਨਾਬਰਾਬਰੀ ਨੂੰ ਨਜ਼ਰਅੰਦਾਜ਼ ਕਰਨ ਜਿਹਾ ਜੋਖ਼ਮ ਨਹੀਂ ਲੈ ਸਕਦੀਆਂ। ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਵਿੱਚ ਮੁੱਖ ਅਰਥਸ਼ਾਸਤਰੀ ਵਜੋਂ ਸੇਵਾਵਾਂ ਦੇ ਚੁੱਕੇ ਰਾਜਨ ਨੇ ਕਿਹਾ, ‘ਮੈਨੂੰ ਲਗਦਾ ਹੈ ਪੂੰਜੀਵਾਦ ਨੂੰ ਗੰਭੀਰ ਖ਼ਤਰੇ ਦਰਪੇਸ਼ ਹਨ ਕਿਉਂਕਿ ਲੋਕਾਂ ਨੂੰ ਜੋ ਸੇਵਾਵਾਂ ਮਿਲਣੀਆਂ ਚਾਹੀਦੀਆਂ ਸਨ, ਉਹ ਨਹੀਂ ਮਿਲੀਆਂ ਅਤੇ ਜਦੋਂ ਅਜਿਹਾ ਕੁਝ ਹੁੰਦਾ ਹੈ ਤੇ ਵੱਡੀ ਗਿਣਤੀ ਪੂੰਜੀਵਾਦ ਖ਼ਿਲਾਫ਼ ਖੜ੍ਹੇ ਹੋ ਜਾਂਦੇ ਹਨ।’ ਰਾਜਨ ਨੇ ਕਿਹਾ ਕਿ ਉਹ ਇਹ ਮੰਨਦੇ ਹਨ ਕਿ ਪੂੰਜੀਵਾਦ ਦੀ ਤੋੜ-ਭੰਨ ਹੋਣ ਲੱਗੀ ਹੈ ਕਿਉਂਕਿ ਇਸ ਵੱਲੋਂ ਬਰਾਬਰ ਦੇ ਮੌਕੇ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ, ‘ਇਥੇ ਗੱਲ ਸਿਰਫ਼ ਬਰਾਬਰੀ ਦੇ ਮੌਕੇ ਦੇਣ ਦੀ ਨਹੀਂ, ਬਲਕਿ ਜਿਨ੍ਹਾਂ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਹਨ, ਉਨ੍ਹਾਂ ਦੇ ਹਾਲਾਤ ਬਹੁਤ ਬਦਤਰ ਹਨ।’ ਰਾਜਨ ਨੇ ਕਿਹਾ ਕਿ ਜਦੋਂ ਉਤਪਾਦਨ ਦੇ ਸਾਰੀ ਪ੍ਰਕਿਰਿਆ ਦਾ ਸਮਾਜੀਕਰਨ ਕਰ ਦਿੱਤਾ ਜਾਂਦਾ ਹੈ ਤਾਂ ਸੱਤਾਵਾਦੀ ਪ੍ਰਬੰਧ ਦਾ ਉਭਾਰ ਹੁੰਦਾ ਹੈ। ਰਾਜਨ, ਜਿਨ੍ਹਾਂ ਨੂੰ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਮਾਰਕ ਕਾਰਨੇ ਦਾ ਸੰਭਾਵੀ ਜਾਨਸ਼ੀਨ ਦੱਸਿਆ ਜਾ ਰਿਹਾ ਹੈ, ਨੇ ਕਿਹਾ ਕਿ ‘ਘੱਟੋ-ਘੱਟ ਸਿੱਖਿਆ’ ਹਾਸਲ ਕਰਕੇ ਮੱਧਵਰਗੀ ਨੌਕਰੀ ਹਾਸਲ ਕਰਨਾ ਹੁਣ ਬੀਤੇ ਦੀ ਗੱਲ ਹੈ।
ਰਾਜਨ ਦਾ ਮੰਨਣਾ ਹੈ ਕਿ ਜੇਕਰ ਯੂਕੇ ਸਰਕਾਰ ਬ੍ਰੈਗਜ਼ਿਟ ਪਾਲਿਸੀ ਨਾਲ ਸਬੰਧਤ ਢਾਂਚੇ ਨੂੰ ਸਹੀ ਕਰ ਲੈਂਦੀ ਹੈ ਤਾਂ ਮੁਲਕ ਨੂੰ ਯੂਰੋਪੀਅਨ ਯੂਨੀਅਨ (ਈਯੂ) ਤੋਂ ਲਾਂਭੇ ਹੋਣ ਦਾ ਲਾਹਾ ਮਿਲੇਗਾ।

Leave a Reply

Your email address will not be published.