Home / ਪੰਜਾਬ / ਪੰਜ ਸਾਲ ਪਹਿਲਾਂ ਲਾਪਤਾ ਹੋਏ ਬੱਚੇ ਦਾ ਪਰਿਵਾਰ ਨਾਲ ਮੇਲ
Joban reunites with his parents at CWC in Amritsar on Wednesday photo vishal kumar.

ਪੰਜ ਸਾਲ ਪਹਿਲਾਂ ਲਾਪਤਾ ਹੋਏ ਬੱਚੇ ਦਾ ਪਰਿਵਾਰ ਨਾਲ ਮੇਲ

Spread the love

ਅੰਮ੍ਰਿਤਸਰ-ਪੰਜ ਸਾਲ ਪਹਿਲਾਂ ਭੁਨਤਰਪੁਰਾ ਤੋਂ ਲਾਪਤਾ ਹੋਏ ਇੱਕ 11 ਸਾਲਾ ਬੱਚੇ ਜੋਬਨ ਨੂੰ ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਤੋਂ ਬਰਾਮਦ ਕੀਤਾ ਗਿਆ ਹੈ। ਇਸ ਦੌਰਾਨ ਇਸ ਬੱਚੇ ਕੋਲੋਂ ਕੁਝ ਵਰ੍ਹੇ ਬੰਧੂਆ ਮਜ਼ਦੂਰ ਵਜੋਂ ਕੰਮ ਕਰਵਾਇਆ ਗਿਆ ਅਤੇ ਹੁਣ ਬਾਲ ਭਲਾਈ ਕਮੇਟੀ (ਸੀਡਬਲਿਊਸੀ) ਦੀ ਮਦਦ ਨਾਲ ਉਸ ਦਾ ਮੁੜ ਆਪਣੇ ਮਾਪਿਆਂ ਨਾਲ ਮਿਲਾਪ ਹੋ ਸਕਿਆ ਹੈ। ਰਾਏ ਬਰੇਲੀ ਤੋਂ ਪੁੱਜੇ ਸੀਡਬਲਿਊਸੀ ਦੇ ਨੁਮਾਇੰਦਿਆਂ ਨੇ ਜੋਬਨ ਨੂੰ ਪਿਤਾ ਬਲਵਿੰਦਰ ਸਿੰਘ ਤੇ ਮਾਂ ਨਿਰਮਲ ਕੌਰ ਨੂੰ ਸੌਂਪਿਆ। ਇਹ ਬੱਚਾ ਜਦੋਂ ਛੇ ਵਰ੍ਹਿਆਂ ਦਾ ਸੀ ਤਾਂ ਘਰੋਂ ਨਾਰਾਜ਼ ਹੋ ਕੇ ਚਲਾ ਗਿਆ ਸੀ। ਉਹ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਰੇਲਗੱਡੀ ਵਿਚ ਬੈਠ ਗਿਆ ਅਤੇ ਪੀਲੀਭੀਤ ਪਹੁੰਚ ਗਿਆ, ਜਿੱਥੇ ਉਸ ਨੂੰ ਇੱਕ ਪਰਿਵਾਰ ਆਪਣੇ ਘਰ ਲੈ ਗਿਆ ਤੇ ਉਸ ਕੋਲੋਂ ਘਰੇਲੂ ਕੰਮ ਕਰਵਾਉਂਦਾ ਰਿਹਾ। ਬਦਲੇ ਵਿਚ ਉਸ ਨੂੰ ਕੋਈ ਤਨਖ਼ਾਹ ਵਗੈਰਾ ਨਹੀਂ ਦਿੱਤੀ ਗਈ। ਕੁਝ ਵਰ੍ਹੇ ਪੀਲੀਭੀਤ ਰਹਿਣ ਮਗਰੋਂ ਜੋਬਨ ਉੱਥੋਂ ਵੀ ਭੱਜ ਗਿਆ ਅਤੇ ਰਾਏ ਬਰੇਲੀ ਪੁੱਜ ਗਿਆ। ਉੱਥੇ ਉਹ ਕਈ ਤਰ੍ਹਾਂ ਦੇ ਕੰਮ ਕਰਦਾ ਰਿਹਾ ਤੇ ਰਾਤ ਨੂੰ ਸਟੇਸ਼ਨ ਉੱਤੇ ਸੌਂ ਜਾਂਦਾ। ਪਿਛਲੇ ਮਹੀਨੇ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਚੌਕਸੀ ਵਜੋਂ ਰਾਏ ਬਰੇਲੀ ਸਟੇਸ਼ਨ ਤੋਂ ਉਸ ਨੂੰ ਪੁਲੀਸ ਨੇ ਕਾਬੂ ਕਰ ਕੇ ਚਾਈਲਡ ਵੈੱਲਫੇਅਰ ਕਮੇਟੀ ਨੂੰ ਸੌਂਪ ਦਿੱਤਾ। ਕੌਂਸਲਿੰਗ ਦੌਰਾਨ ਜਦੋਂ ਉਸ ਤੋਂ ਘਰ ਦਾ ਪਤਾ ਪੁੱਛਿਆ ਗਿਆ ਤਾਂ ਉਸ ਨੇ ਭੁਨਤਰਪੁਰਾ ਦਾ ਨਾਂ ਲਿਆ। ਉਸ ਨੇ ਦੱਸਿਆ ਕਿ ਘਰ ਨੇੜੇ ਗੁਰਦੁਆਰਾ ਹੈ ਤੇ ਇਸੇ ਤੋਂ ਅੰਦਾਜ਼ਾ ਲਾਇਆ ਗਿਆ ਕਿ ਉਹ ਪੰਜਾਬ ਨਾਲ ਸਬੰਧਤ ਹੋ ਸਕਦਾ ਹੈ। ਇਸ ਮਗਰੋਂ ਅੰਮ੍ਰਿਤਸਰ ਦੀ ਇਕਾਈ ਨਾਲ ਸੰਪਰਕ ਹੋਣ ’ਤੇ ਪੁਲੀਸ ਦੀ ਮਦਦ ਨਾਲ ਬੱਚੇ ਦੇ ਘਰ ਦੀ ਭਾਲ ਕੀਤੀ ਗਈ। ਲਾਪਤਾ ਬੱਚਿਆਂ ਬਾਰੇ ਸ਼ਿਕਾਇਤਾਂ ਦੀ ਘੋਖ਼ ਕੀਤੀ ਗਈ। ਬੱਚੇ ਦੇ ਘਰ ਪੁੱਜ ਕੇ ਕੁਝ ਨਿਸ਼ਾਨੀਆਂ ਦੇ ਮੇਲ ਖਾਣ ਤੋਂ ਬਾਅਦ ਪੰਜ ਵਰ੍ਹਿਆਂ ਬਾਅਦ ਉਹ ਮਾਪਿਆਂ ਕੋਲ ਪਰਤਣ ਵਿਚ ਸਫ਼ਲ ਹੋ ਗਿਆ। ਜੋਬਨ ਦੇ ਪਿਤਾ ਕਿੱਤੇ ਵਜੋਂ ਰਾਜ ਮਿਸਤਰੀ ਹਨ ਜਿਨ੍ਹਾਂ ਦੱਸਿਆ ਕਿ ਉਨ੍ਹਾਂ ਉਸ ਨੂੰ ਪੜ੍ਹਾਈ ਵੱਲ ਧਿਆਨ ਨਾ ਦੇਣ ’ਤੇ ਝਿੜਕਿਆ ਸੀ।

Leave a Reply

Your email address will not be published.