ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਦਿੱਲੀ ਦੇ ਜੰਤਰ ਮੰਤਰ ਵਿਖੇ ‘ਤਾਨਾਸ਼ਾਹੀ ਹਟਾਓ ਦੇਸ਼ ਬਚਾਓ’ ਰੈਲੀ ਹੋਈ, ਜਿਸ ‘ਚ ਤਕਰੀਰ ਕਰਨ ਵਾਲੇ ਸਭ ਬੁਲਾਰਿਆਂ ਨੇ ਇੱਕਜੁਟਤਾ ਵਿਖਾਉਂਦਿਆ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਤਿੱਖੇ ਹਮਲੇ ਕੀਤੇ | ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਮੋਦੀ ਿਖ਼ਲਾਫ਼ ਹੋਈ ਇਸ ਰੈਲੀ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸੀ.ਪੀ.ਐਮ. ਨੇਤਾ ਸੀਤਾਰਾਮ ਯੇਚੁਰੀ, ਐਨ.ਸੀ.ਪੀ. ਦੇ ਸ਼ਰਦ ਪਵਾਰ, ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਕਾਂਗਰਸੀ ਆਗੂ ਆਨੰਦ ਸ਼ਰਮਾ, ‘ਆਪ’ ਦੇ ਸੰਜੇ ਸਿੰਘ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਤੇ ਭਾਜਪਾ ਦੇ ਬਾਗੀ ਆਗੂ ਸ਼ਤਰੂਘਨ ਸਿਨਹਾ ਸਮੇਤ ਕਈ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 5 ਸਾਲ ਪਹਿਲਾਂ ਪਿਛਲੀ ਸਰਕਾਰ ਦੇ ਿਖ਼ਲਾਫ਼ ਅੰਦੋਲਨ ਹੋਇਆ ਸੀ ਤੇ ਹੁਣ ਸੰਸਦ ਦੇ ਆਖਰੀ ਦਿਨ ਅੱਜ ਇਹ ਅੰਦੋਲਨ ਇਸ ਲਈ ਹੋ ਰਿਹਾ ਹੈ ਕਿਉਂਕਿ ਮੋਦੀ ਸਰਕਾਰ ਸੰਵਿਧਾਨ ਨੂੰ ਪਾੜਨ ਤੇ ਲੋਕਤੰਤਰ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ | ਸੀ.ਪੀ.ਆਈ-ਐਮ. ਦੇ ਸੀਤਾਰਾਮ ਯੇਚਰੀ ਨੇ ਦੋਸ਼ ਲਾਇਆ ਕਿ ਭਾਜਪਾ ਵਲੋਂ ਭਰਾ ਨੂੰ ਭਰਾ ਨਾਲ ਲੜਾਉਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ | ਇਸ ਮੌਕੇ ਸ਼ਰਦ ਯਾਦਵ ਨੇ ਕਿਹਾ ਕਿ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣ ਦਾ ਸਮਾਂ ਆ ਗਿਆ ਹੈ | ਮਮਤਾ ਬੈਨਰਜੀ ਨੇ ਕਿਹਾ ਕਿ ਅੱਜ ਮੋਦੀ ਦਾ ਸੰਸਦ ‘ਚ ਆਖਰੀ ਦਿਨ ਹੈ ਤੇ ਇਕ ਮਹੀਨੇ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਉਸ ਤੋਂ ਬਾਅਦ ਮੋਦੀ ਜੋ ਚਾਹੁਣ ਉਹ ਨਹੀਂ ਕਰ ਸਕਣਗੇ | ਉਨ੍ਹਾਂ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ, ਬਲਕਿ ਮੁਕਾਬਲਾ ਕਰਨ ਵਾਲਿਆਂ ‘ਚ ਸ਼ਾਮਿਲ ਹਾਂ ਅਤੇ ਸਭ ਵਿਰੋਧੀ ਧਿਰਾਂ ਨੂੰ ਕੌਮੀ ਪੱਧਰ ‘ਤੇ ਭਾਜਪਾ ਿਖ਼ਲਾਫ਼ ਇੱਕਠੇ ਹੋ ਕੇ ਲੜਨਾ ਚਾਹੀਦਾ ਹੈ | ਫਾਰੂਕ ਅਬਦੁੱਲਾ ਨੇ ਕਿਹਾ ਕਿ ਦੇਸ਼ ਨੂੰ ਉਨ੍ਹਾਂ ਕੋਲੋ ਬਚਾਉਣਾ ਹੋਵੇਗਾ ਜਿਹੜੇ ਦੇਸ਼ ਨੂੰ ਤੋੜਨ ‘ਚ ਲੱਗੇ ਹੋਏ ਹਨ | ਭਾਜਪਾ ਦੇ ਬਾਗੀ ਨੇਤਾ ਸ਼ਤਰੂਘਨ ਸਿਨ੍ਹਾ ਨੇ ਕਿਹਾ ਕਿ ਉਹ ਮਹਾਂਗੱਠਜੋੜ ਨੂੰ ਸਮਰਥਨ ਦਿੰਦੇ ਹਨ, ਜੋ ਲੋਕ ਦੇਸ਼ ਤੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਹਨ |
