ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਗ੍ਰੈਮੀ ਪੁਰਸਕਾਰਾਂ ’ਚ ਮਹਿਲਾਵਾਂ ਨੇ ਗੱਡਿਆ ਜਿੱਤ ਦਾ ਝੰਡਾ

ਗ੍ਰੈਮੀ ਪੁਰਸਕਾਰਾਂ ’ਚ ਮਹਿਲਾਵਾਂ ਨੇ ਗੱਡਿਆ ਜਿੱਤ ਦਾ ਝੰਡਾ

Spread the love

ਲਾਸ ਏਂਜਲਸ-ਇਸ ਸਾਲ ਦੇ ਗ੍ਰੈਮੀ ਪੁਰਸਕਾਰਾਂ ’ਚ ਮਹਿਲਾ ਸੰਗੀਤਕਾਰਾਂ ਕੇਸੀ ਮੁਸਗਰੇਵਜ਼, ਕਾਰਡੀ ਬੀ ਅਤੇ ਲੇਡੀ ਗਾਗਾ ਨੇ ਉਨ੍ਹਾਂ ਸ਼੍ਰੇਣੀਆਂ ’ਚ ਇਨਾਮ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਜਿਥੇ ਮਰਦ ਕਲਾਕਾਰਾਂ ਦਾ ਦਬਦਬਾ ਹੁੰਦਾ ਸੀ। ਔਰਤਾਂ ਦੀ ਨੁਮਾਇੰਦਗੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਪੁਰਸਕਾਰ ਸਮਾਗਮ ’ਚ ਅਖੀਰ ਔਰਤਾਂ ਅੱਗੇ ਆ ਗਈਆਂ। ਉਨ੍ਹਾਂ ਨਾ ਸਿਰਫ਼ ਕਈ ਪੁਰਸਕਾਰ ਜਿੱਤੇ ਸਗੋਂ ਸਮਾਗਮ ਦੀ ਮੇਜ਼ਬਾਨੀ ਕਰਕੇ ਵੀ ਦਰਸ਼ਕਾਂ ਦੇ ਦਿਲ ਜਿੱਤ ਲਏ।
ਮੁਸਗਰੇਵਜ਼ ਨੇ ‘ਐਲਬਮ ਆਫ਼ ਯੀਅਰ’ ਦੇ ਨਾਲ ਚਾਰ ਸ਼੍ਰੇਣੀਆਂ ’ਚ ਪੁਰਸਕਾਰ ਆਪਣੇ ਨਾਮ ਕੀਤੇ। ‘ਇਨਵੇਜ਼ਨ ਆਫ਼ ਪ੍ਰਾਈਵੇਸੀ’ ਲਈ ‘ਬਿਹਤਰੀਨ ਸੋਲੋ ਰੈਪ’ ਦਾ ਪੁਰਸਕਾਰ ਜਿੱਤਣ ਵਾਲੀ ਕਾਰਡੀ ਬੀ ਪਹਿਲੀ ਮਹਿਲਾ ਬਣ ਗਈ ਗਏ। ਉਧਰ ਲੇਡੀ ਗਾਗਾ ਅਤੇ ਬ੍ਰੈਡਲੀ ਕੂਪਰ ਦੀ ਜੋੜੀ ਨੇ ਬਿਹਤਰੀਨ ਪੋਪ ਜੋੜੀ ਅਤੇ ਫਿਲਮ ‘ਸ਼ੈਲੋ’ ਅਤੇ ‘ਏ ਸਟਾਰ ਇਜ਼ ਬੋਰਨ’ ਲਈ ਗੀਤ ਲਿਖਣ ਦੇ ਪੁਰਸਕਾਰ ਹਾਸਲ ਕੀਤੇ। ਲੇਡੀ ਗਾਗਾ ਨੂੰ ‘ਜੋਆਨੇ’ ਲਈ ਬਿਹਤਰੀਨ ਪੌਪ ਪੇਸ਼ਕਾਰੀ ਦਾ ਪੁਰਸਕਾਰ ਵੀ ਮਿਲਿਆ। ਬ੍ਰਾਂਡੀ ਕਾਰਲਾਈਨ ਨੇ ਤਿੰਨ ਗ੍ਰੈਮੀ ਪੁਰਸਕਾਰ ਆਪਣੇ ਨਾਮ ਕੀਤੇ। ਇਨ੍ਹਾਂ ’ਚ ਬਿਹਤਰੀਨ ਐਲਬਮ ਦਾ ਇਨਾਮ ਵੀ ਸ਼ਾਮਲ ਹੈ। ਗਾਇਕਾ ਲੀਪਾ ਨੂੰ ਬਿਹਤਰੀਨ ਡਾਂਸ ਰਿਕਾਰਡਿੰਗ ’ਚ ਐਵਾਰਡ ਮਿਲਿਆ। ਰੈਪਰ ਗਾਇਕ ਡਰੇਕ ਨੂੰ ‘ਗੌਡਸ ਪਲਾਨ’ ਲਈ ਬਿਹਤਰੀਨ ਰੈਪ ਗੀਤ ਦੇ ਵਰਗ ’ਚ ਐਵਾਰਡ ਮਿਲਿਆ। ਕ੍ਰਿਸ ਕੋਰਨੇਲ ਨੂੰ ਮਰਨ ਉਪਰੰਤ ‘ਵੈੱਨ ਬੈਡ ਇਜ਼ ਗੁੱਡ’ ਲਈ ਬਿਹਤਰੀਨ ਰੌਕ ਪੇਸ਼ਕਾਰੀ ਵਰਗ ’ਚ ਸਨਮਾਨਿਆ ਗਿਆ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਆਪਣੀ ਜੀਵਨੀ ਲਈ ਕਰੀਅਰ ਦਾ ਦੂਜਾ ਗ੍ਰੈਮੀ ਪੁਰਸਕਾਰ ਮਿਲਿਆ। ਇਸ ਮੌਕੇ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਵੀ ਹਾਜ਼ਰ ਸੀ। ਉਨ੍ਹਾਂ ਦੱਸਿਆ ਕਿ ਕਿਵੇਂ ਸੰਗੀਤ ਨੇ ਉਨ੍ਹਾਂ ਦੇ ਜੀਵਨ ’ਚ ਅਹਿਮ ਭੂਮਿਕਾ ਨਿਭਾਈ।
ਏ ਆਰ ਰਹਿਮਾਨ ਨੇ ਧੀ ਨਾਲ ਗ੍ਰੈਮੀ ਐਵਾਰਡ ’ਚ ਹਾਜ਼ਰੀ ਭਰੀ
ਉੱਘੇ ਸੰਗੀਤਕਾਰ ਏ ਆਰ ਰਹਿਮਾਨ ਨੇ 2019 ਦੇ ਗ੍ਰੈਮੀ ਪੁਰਸਕਾਰ ਸਮਾਗਮ ’ਚ ਆਪਣੀ ਧੀ ਰਹੀਮਾ ਨਾਲ ਹਾਜ਼ਰੀ ਭਰੀ। 2009 ’ਚ ‘ਸਲੱਮਡਾਗ ਮਿਲਿਅਨੇਅਰ’ ਲਈ ਦੋ ਗ੍ਰੈਮੀ ਪੁਰਸਕਾਰ ਜਿੱਤਣ ਵਾਲੇ ਰਹਿਮਾਨ ਨੇ ਸਮਾਗਮ ’ਚ ਸ਼ਮੂਲੀਅਤ ਦੀਆਂ ਕਈ ਤਸਵੀਰਾਂ ਸੋਸ਼ਲ ਸਾਈਟ ’ਤੇ ਨਸ਼ਰ ਕੀਤੀਆਂ ਹਨ। ਰਹਿਮਾਨ ਨਾਲ ਲੰਡਨ ਆਧਾਰਿਤ ਪ੍ਰਸ਼ਾਂਤ ਮਿਸਤਰੀ, ਨਿਊਯਾਰਕ ਆਧਾਰਿਤ ਫਾਲਗੁਨੀ ਸ਼ਾਹ ਅਤੇ ਅਮਰੀਕਾ ਆਧਾਰਿਤ ਸਤਨਾਮ ਕੌਰ ਮੌਜੂਦ ਸਨ ਜਿਨ੍ਹਾਂ ਦੀਆਂ ਐਲਬਮਾਂ ਕ੍ਰਮਵਾਰ ‘ਸਿੰਬਲ’, ‘ਫਾਲੂਜ਼ ਬਾਜ਼ਾਰ’ ਅਤੇ ‘ਬਿਲਵਡ’ ਵੱਖ ਵੱਖ ਸ਼੍ਰੇਣੀਆਂ ’ਚ ਨਾਮਜ਼ਦ ਸਨ। ਉਂਜ ਕੋਈ ਵੀ ਭਾਰਤੀ ਕਲਾਕਾਰ ਪੁਰਸਕਾਰ ਹਾਸਲ ਨਹੀਂ ਕਰ ਸਕਿਆ ਹੈ।

Leave a Reply

Your email address will not be published.