ਮੁੱਖ ਖਬਰਾਂ
Home / ਪੰਜਾਬ / ਸੈਸ਼ਨ ਦੌਰਾਨ ਤੀਲਾ ਤੀਲਾ ਨਜ਼ਰ ਆਏਗੀ ‘ਆਪ’

ਸੈਸ਼ਨ ਦੌਰਾਨ ਤੀਲਾ ਤੀਲਾ ਨਜ਼ਰ ਆਏਗੀ ‘ਆਪ’

Spread the love

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਪੰਜਾਬ ਵਿਧਾਨ ਸਭਾ ਦੇ ਭਲਕੇ 12 ਫਰਵਰੀ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਵਿਚ ਚਾਰ ਧਿਰਾਂ ਵਿੱਚ ਵੰਡੀ ਨਜ਼ਰ ਆਵੇਗੀ। ਸ਼ਾਇਦ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਦੇ ਚਾਰ ਰੂਪ ਦੇਖਣ ਨੂੰ ਮਿਲਣਗੇ।
ਜਾਣਕਾਰੀ ਅਨੁਸਾਰ ‘ਆਪ’ ਦੇ ਕੁੱਲ 20 ਵਿਧਾਇਕਾਂ ਵਿੱਚੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪਾਰਟੀ ਦੇ 12 ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਪ੍ਰੋਫੈਸਰ ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਮੀਤ ਹੇਅਰ, ਕੁਲਵੰਤ ਸਿੰਘ ਕੋਟਲੀ, ਮਨਜੀਤ ਸਿੰਘ ਬਿਲਾਸਪੁਰ, ਜੈ ਕਿਸ਼ਨ ਸਿੰਘ ਰੋੜੀ ਤੇ ਰੁਪਿੰਦਰ ਰੂਬੀ ਵਿਰੋਧੀ ਧਿਰ ਦੇ ਆਗੂ ਵਕੀਲ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਜਟ ਸੈਸ਼ਨ ਵਿਚ ਪਾਰਟੀ ਵੱਲੋਂ ਅਧਿਕਾਰਤ ਹਾਜ਼ਰੀ ਭਰਨਗੇ। ਇਨ੍ਹਾਂ ਵਿਚੋਂ ਵੀ ਪ੍ਰੋਫੈਸਰ ਬਲਜਿੰਦਰ ਕੌਰ ਕੇਵਲ ਤਿੰਨ ਦਿਨਾਂ (12 ਤੋਂ 14 ਫਰਵਰੀ) ਤਕ ਹੀ ਸੈਸ਼ਨ ਵਿਚ ਹਾਜ਼ਰੀ ਭਰਨਗੇ ਕਿਉਂਕਿ 17 ਫਰਵਰੀ ਨੂੰ ਉਨ੍ਹਾਂ ਦਾ ਵਿਆਹ ਹੈ। ਇਸੇ ਤਰ੍ਹਾਂ ਅਮਨ ਅਰੋੜਾ ਵੀ 15 ਤੇ 18 ਫਰਵਰੀ ਨੂੰ ਸੈਸ਼ਨ ’ਚੋਂ ਗੈਰਹਾਜ਼ਰ ਰਹਿਣਗੇ। ਇਨ੍ਹਾਂ ਦਿਨਾਂ ਦੌਰਾਨ ਉਹ ਹਾਰਵਰਡ ਬਿਜ਼ਨਸ ਸਕੂਲ ਅਤੇ ਹਾਰਵਰਡ ਕੈਨੇਡੀ ਸਕੂਲ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਲਈ ਬੋਸਟਨ, ਅਮਰੀਕਾ ਵਿੱਚ ਹੋਣਗੇ।
ਦੂਜੇ ਪਾਸੇ ਸੱਤ ਬਾਗ਼ੀ ਵਿਧਾਇਕਾਂ ਵਿਚੋਂ 5 ਵਿਧਾਇਕ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਹਿੱਸੋਵਾਲ ਅਤੇ ਜਗਦੇਵ ਸਿੰਘ ਕਮਾਲੂ ਇਕ ਗਰੁੱਪ ਦੇ ਰੂਪ ਵਿਚ ਬਜਟ ਸੈਸ਼ਨ ਵਿਚ ਹਾਜ਼ਰੀ ਭਰਨਗੇ। ਇਨ੍ਹਾਂ ਵਿਚੋਂ ਸ੍ਰੀ ਸੰਧੂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ, ਪਰ ਇਨ੍ਹਾਂ ਪੰਜੇ ਵਿਧਾਇਕਾਂ ਨੇ ਨਾ ਤਾਂ ‘ਆਪ’ ਅਤੇ ਨਾ ਹੀ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਪਾਰਟੀ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਐਚਐਸ ਫੂਲਕਾ ਇਕੱਲੇ ਰੂਪ ਵਿਚ ਬਰਗਾੜੀ ਕਾਂਡ ਆਦਿ ਮੁੱਦਿਆਂ ਨੂੰ ਲੈ ਕੇ ਬਜਟ ਸੈਸ਼ਨ ਵਿੱਚ ਨਿਤਰਨਗੇ। ਉਹ 12 ਫਰਵਰੀ ਨੂੰ ਦਿੱਲੀ ਵਿੱਚ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਰੁੱਝੇ ਹੋਣ ਕਾਰਨ 13 ਫਰਵਰੀ ਤੋਂ ਸੈਸ਼ਨ ਵਿੱਚ ਸ਼ਾਮਲ ਹੋਣਗੇ। ‘ਆਪ’ ਤੋਂ ਅਸਤੀਫਾ ਦੇ ਕੇ ਪੰਜਾਬੀ ਏਕਤਾ ਪਾਰਟੀ ਵਿਚ ਸ਼ਾਮਲ ਹੋਏ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਇਕੱਲੇ ਤੌਰ ’ਤੇ ਬਜਟ ਸੈਸ਼ਨ ’ਚ ਸ਼ਾਮਲ ਹੋਣਗੇ। ‘ਆਪ’ ਤੋਂ ਅਸਤੀਫਾ ਦੇ ਕੇ ਆਪਣੀ ਪੰਜਾਬੀ ਏਕਤਾ ਪਾਰਟੀ ਬਣਾ ਕੇ ਵਿਚਰ ਰਹੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੈਸ਼ਨ ਵਿੱਚ ਸ਼ਾਮਲ ਨਾ ਹੋਣ ਦੀ ਗੱਲ ਕਹੀ ਹੈ।
‘ਆਪ’ ਵਿਧਾਇਕ ਦਲ ਦੀ ਅੱਜ ਇਥੇ ਹਰਪਾਲ ਚੀਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਬਜਟ ਸੈਸ਼ਨ ਲਈ ਰਣਨੀਤੀ ਘੜੀ ਗਈ। ਸ੍ਰੀ ਚੀਮਾ ਨੇ ਸਪਸ਼ਟ ਕੀਤਾ ਕਿ ਜੇ ਪਾਰਟੀ ਦੇ ਬਾਗ਼ੀ ਵਿਧਾਇਕ ਉਨ੍ਹਾਂ ਨੂੰ ਸੈਸ਼ਨ ਵਿੱਚ ਉਠਾਏ ਜਾਣ ਵਾਲੇ ਮੁੱਦੇ ਦੱਸ ਕੇ ਬੋਲਣ ਦਾ ਸਮਾਂ ਮੰਗਣਗੇ ਤਾਂ ਹੀ ਉਹ ਸਮਾਂ ਮੁਹੱਈਆ ਕਰਨ ਬਾਰੇ ਸੋਚਣਗੇ। ਪੰਜ ਬਾਗ਼ੀ ਵਿਧਾਇਕਾਂ ਵੱਲੋਂ ਕੰਵਰ ਸੰਧੂ ਨੇ ਦੱਸਿਆ ਕਿ ਉਹ ਸ੍ਰੀ ਚੀਮਾ ਕੋਲੋਂ ਸੈਸ਼ਨ ਵਿਚ ਬੋਲਣ ਦਾ ਸਮਾਂ ਨਹੀਂ ਮੰਗਣਗੇ ਅਤੇ ਸਿੱਧਾ ਸਪੀਕਰ ਨਾਲ ਸੰਪਰਕ ਕਰਕੇ ਸਮੇਂ ਦੀ ਮੰਗ ਕਰਨਗੇ। ਸ੍ਰੀ ਸੰਧੂ ਅਨੁਸਾਰ ਸਮੂਹ ਪੰਜਾਂ ਵਿਧਾਇਕਾਂ ਨੇ ਫੈਸਲਾ ਕੀਤਾ ਹੈ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਜਾਂ ਹੋਰ ਕਿਸੇ ਪਾਰਟੀ ਦਾ ਜਿਹੜਾ ਵਿਧਾਇਕ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਉਠਾਏਗਾ, ਉਹ ਬਿਨਾਂ ਝਿਜਕ ਅਜਿਹੇ ਵਿਧਾਇਕ ਦੀ ਹਮਾਇਤ ਕਰਨਗੇ। ਉਹ ਨਕੋਦਰ ਬੇਅਦਬੀ ਕਾਂਡ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਦੇ ਮੁੱਦੇ ਵੀ ਸੈਸ਼ਨ ਵਿਚ ਉਠਾਉਣਗੇ।

Leave a Reply

Your email address will not be published.