ਮੁੱਖ ਖਬਰਾਂ
Home / ਮੁੱਖ ਖਬਰਾਂ / ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਬਣਿਆ ਇੰਮੀਗ੍ਰੇਸ਼ਨ ਕੇਂਦਰ

ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਬਣਿਆ ਇੰਮੀਗ੍ਰੇਸ਼ਨ ਕੇਂਦਰ

Spread the love

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲੇ ਨੇ ਡੇਰਾ ਬਾਬਾ ਨਾਨਕ ਵਿਖੇ ਜ਼ਮੀਨੀ ਚੌਕੀ ਜਿਸ ਰਾਹੀਂ ਸ਼ਰਧਾਲੂ ਪਾਕਿਸਤਾਨ ‘ਚ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਜਾ ਤੇ ਆ ਸਕਣਗੇ, ਨੂੰ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੁਆਇੰਟ ਵਜੋਂ ਮਨੋਨੀਤ ਕੀਤਾ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਇਸ ਚੌਕੀ ਰਾਹੀਂ ਕੋਈ ਵੀ ਵਿਅਕਤੀ ਯੋਗ ਯਾਤਰਾ ਦਸਤਾਵੇਜ਼ਾਂ ਨਾਲ ਪਾਕਿਸਤਾਨ ਜਾ ਤੇ ਆ ਸਕੇਗਾ। ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਿਕ ਪਾਸਪੋਰਟ (ਭਾਰਤ ਵਿਚ ਦਾਖਲ ਹੋਣ) ਰੂਲਜ਼ 1950 ਦੇ ਨਿਯਮ 3 ਦੇ ਉਪ ਨਿਯਮ (ਬੀ) ਦੀ ਪਾਲਣਾ ਕਰਦੇ ਹੋਏ ਕੇਂਦਰ ਸਰਕਾਰ ਨੇ ਯਾਤਰੀਆਂ ਦੇ ਸਾਰੇ ਵਰਗਾਂ ਲਈ ਯੋਗ ਦਸਤਾਵੇਜ਼ਾਂ ਨਾਲ ਭਾਰਤ ਤੋਂ ਬਾਹਰ ਜਾਣ ਤੇ ਅੰਦਰ ਦਾਖਲ ਹੋਣ ਲਈ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਜ਼ਮੀਨੀ ਚੌਕੀ ਨੂੰ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਚੌਕੀ ਵਜੋਂ ਮਨੋਨੀਤ ਕੀਤਾ ਹੈ। ਕਰਤਾਰਪੁਰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਵਿਚ ਪੈਂਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਇਸ ਥਾਂ ‘ਤੇ ਗੁਜ਼ਾਰੇ ਸਨ। ਗੁਰਦੁਆਰਾ ਕਰਤਾਰਪੁਰ ਸਾਹਿਬ ਸਰਹੱਦ ਤੋਂ ਤਿੰਨ ਚਾਰ ਕਿੱਲੋਮੀਟਰ ਦੂਰ ਪਾਕਿਸਤਾਨ ਵਿਚ ਰਾਵੀ ਦਰਿਆ ਦੇ ਕਿਨਾਰਿਆਂ ‘ਤੇ ਸਥਿਤ ਹੈ। ਪਿਛਲੇ ਸਾਲ 26 ਨਵੰਬਰ ਨੂੰ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਮਾਨ ਪਿੰਡ ਵਿਖੇ ਇਕ ਸਮਾਗਮ ਦੌਰਾਨ ਅੰਤਰਰਾਸ਼ਟਰੀ ਸਰਹੱਦ ਤਕ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਦੋ ਦਿਨ ਬਾਅਦ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਵਾਲੇ ਪਾਸੇ ਚਾਰ ਕਿੱਲੋਮੀਟਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ ਜਿਹੜਾ ਛੇਤੀ ਹੀ ਮੁਕੰਮਲ ਹੋਣ ਦੀ ਆਸ ਹੈ। ਇਹ ਲਾਂਘਾ ਗੁਰਦੁਆਰਾ ਦਰਬਾਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਜੋੜੇਗਾ ਜਿਸ ਨਾਲ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਕੇਵਲ ਪਰਮਿਟ ਹਾਸਲ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਸਕਣਗੇ।

Leave a Reply

Your email address will not be published.