ਮੁੱਖ ਖਬਰਾਂ
Home / ਭਾਰਤ / ਨਾਇਡੂ ਦੀ ਇਕ ਦਿਨ ਦੀ ਭੁੱਖ ਹੜਤਾਲ ਬਣੀ ਵਿਰੋਧੀ ਪਾਰਟੀਆਂ ਦੀ ਏਕਤਾ ਦਾ ਕੇਂਦਰੀ ਮੰਚ

ਨਾਇਡੂ ਦੀ ਇਕ ਦਿਨ ਦੀ ਭੁੱਖ ਹੜਤਾਲ ਬਣੀ ਵਿਰੋਧੀ ਪਾਰਟੀਆਂ ਦੀ ਏਕਤਾ ਦਾ ਕੇਂਦਰੀ ਮੰਚ

Spread the love

ਨਵੀਂ ਦਿੱਲੀ- ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦੇ ਦਰਜੇ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਇਕ ਦਿਨ ਦੀ ਭੁੱਖ ਹੜਤਾਲ ਸੋਮਵਾਰ ਨੂੰ ਵਿਰੋਧੀ ਆਗੂਆਂ ਦੀ ਰੈਲੀ ਦਾ ਸਥਾਨ ਬਣੀ ਰਹੀ। ਇਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਇਹ ਦੂਜਾ ਮੌਕਾ ਹੈ ਜਦੋਂ ਵਿਰੋਧੀ ਆਗੂ ਸਰਕਾਰ ਵਿਰੁਧ ਇਕਜੁਟ ਹੋਏ ਹਨ। ਸੂਬੇ ਦੇ ਮੁੱਦਿਆਂ ਨੂੰ ਇਕ ਕੇਂਦਰੀ ਮੰਚ ‘ਤੇ ਚੁੱਕਣ ਲਈ ਨਾਇਡੂ ਨੇ ਆਂਧਰ ਭਵਨ ‘ਚ ਪ੍ਰਦਰਸ਼ਨ ਸ਼ੁਰੂ ਕੀਤਾ, ਜਿੱਥੇ ਕਈ ਵਿਰੋਧੀ ਪਾਰਟੀ ਦੇ ਆਗੂ ਉਨ੍ਹਾਂ ਦੀ ਹਮਾਇਤ ‘ਚ ਉਤਰੇ। ਨਾਇਡੂ ਨਾਲ ਮੁਲਾਕਾਤ ਕਰਨ ਵਾਲੇ ਆਗੂਆਂ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਨੈਸ਼ਨਲ ਕਾਂਗਰਸ ਆਗੂ ਫ਼ਾਰੂਖ ਅਬਦੁੱਲਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮਾਜਿਦ ਮੇਮਨ, ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ. ਬਰਾਊਨ, ਡੀ.ਐਮ.ਕੇ. ਦੇ ਤਿਰੂਚੀ ਸ਼ਿਵਾ, ਲੋਕਤੰਤਰਿਕ ਜਨਤਾ ਦਲ ਦੇ ਸ਼ਰਦ ਯਾਦਵ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਸ਼ਾਮਲ ਹਨ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਨਾਇਡੂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਦੀ ਪਾਰਟੀ ਦੇ ਡੇਰੇਕ ਓ. ਬਰਾਊਨ ਨੇ ਨਾਇਡੂ ਨਾਲ ਮੁਲਾਕਾਤ ਵੀ ਕੀਤੀ।
ਪਿਛਲੀ ਵਾਰੀ 19 ਜਨਵਰੀ ਨੂੰ 22 ਵਿਰੋਧੀ ਪਾਰਟੀਆਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਇਕਜੁਟ ਹੋਈਆਂ ਸਨ। ਤੇਲਗੂਦੇਸ਼ਮ ਪਾਰਟੀ (ਟੀ.ਡੀ.ਪੀ.) ਪ੍ਰਧਾਨ ਨੇ ਮੰਗ ਕੀਤੀ ਹੈ ਕਿ ਕੇਂਦਰ 2014 ‘ਚ ਆਂਧਰ ਪ੍ਰਦੇਸ਼ ਦੀ ਵੰਡ ਦੌਰਾਨ ਕੀਤੇ ਗਏ ਅਪਣੇ ਵਾਅਦੇ ਨੂੰ ਪੂਰਾ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਤੋਂ ਇਨਕਾਰ ਕਰ ਕੇ ਮੋਦੀ ‘ਰਾਜਧਰਮ’ ਦਾ ਪਾਲਣ ਨਹੀਂ ਕਰ ਰਹੇ ਹਨ। ਰਾਹੁਲ ਗਾਂਧੀ ਨੇ ਦੋਸ਼ ਲਾਇਆ, ”ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੀ ਜਨਤਾ ਤੋਂ ਚੋਰੀ ਕਰ ਕੇ ਪੈਸਾ ਅਨਿਲ ਅੰਬਾਨੀ ਨੂੰ ਦੇ ਦਿਤਾ ਹੈ। ਇਸ ਮਾਮਲੇ ‘ਚ ਇਹੀ ਤੱਥ ਹੈ।”
ਰਾਹੁਲ ਨੇ ਪ੍ਰਦਰਸ਼ਨ ਵਾਲੀ ਥਾਂ ਆਂਧਰ ਭਵਨ ‘ਚ ਕੇਂਦਰ ‘ਤੇ ਲਾਏ ਦੋਸ਼ ‘ਚ ਫ਼ਰਾਂਸ ਨਾਲ ਰਾਫ਼ੇਲ ਲੜਾਕੂ ਜੈੱਟ ਜਹਾਜ਼ ਸੌਦੇ ਦਾ ਸਾਫ਼ ਤੌਰ ‘ਤੇ ਜ਼ਿਕਰ ਕੀਤਾ। ਸਰਕਾਰ ਅਤੇ ਅੰਬਾਨੀ ਨੇ ਸੌਦੇ ‘ਚ ਭ੍ਰਿਸ਼ਟਾਚਾਰ ਦੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਾਇਡੂ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦਾ ਵਾਅਦਾ ਬਿਨਾਂ ਦੇਰੀ ਕੀਤਿਆਂ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਸੰਸਦ ‘ਚ ਜਦੋਂ ਇਸ ਮੁੱਦੇ ‘ਤੇ ਚਰਚਾ ਹੋਈ ਸੀ ਤਾਂ ਸਾਰੀਆਂ ਪਾਰਟੀਆਂ ਨੇ ਇਸ ਮੰਗ ਦੀ ਹਮਾਇਤ ਕੀਤੀ ਸੀ।
ਮੈਂ ਨਾਇਡੂ ਨਾਲ ਹਾਂ।”ਪ੍ਰਧਾਨ ਮੰਤਰੀ ‘ਤੇ ਵਰ੍ਹਦਿਆਂ ਅਬਦੁੱਲਾ ਨੇ ਕਿਹਾ, ”ਮੋਦੀ ਏਨੀ ਹੇਠਾਂ ਡਿੱਗ ਗਏ ਹਨ ਕਿ ਉਹ ਅਜਿਹੇ ਨਾਇਡੂ ਵਿਰੁਧ ਨਿਜੀ ਹਮਲੇ ਕਰ ਰਹੇ ਹਨ ਜੋ ਦੇਸ਼ ਦੀ ਮਹਾਨ ਸੇਵਾ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ ਜੰਮੂ-ਸ੍ਰੀਨਗਰ ਹਾਈਵੇ ਛੇ ਦਿਨਾਂ ਤੋਂ ਬੰਦ ਹੈ। ਮੋਦੀ 30 ਕਿਲੋਮੀਟਰ ਸੜਕ ਸਾਫ਼ ਨਹੀਂ ਕਰਵਾ ਸਕਦੇ ਪਰ ਦੇਸ਼ ‘ਤੇ ਰਾਜ ਕਰਨਾ ਚਾਹੁੰਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਸੂਬਿਆਂ ‘ਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨਾਲ ਸਲੂਕ ਕਰ ਰਹੇ ਹਨ ਅਜਿਹਾ ਲਗਦਾ ਹੈ ਕਿ ਉਹ ਭਾਰਤ ਦੇ ਨਹੀਂ ਬਲਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ, ”ਕਿਸੇ ਵਿਅਕਤੀ ਨੇ ਭਾਵੇਂ ਕਿਸੇ ਪਾਰਟੀ ਨੂੰ ਵੋਟ ਦਿਤਾ ਹੋਵੇ, ਪਰ ਚੋਣ ਜਿੱਤ ਕੇ ਜੇ ਉਹ ਮੁੱਖ ਮੰਤਰੀ ਬਣਦਾ ਹੈ ਤਾਂ ਉਹ ਸਮੁੱਚ ਸੂਬੇ ਦਾ ਮੁੱਖ ਮੰਤਰੀ ਹੈ ਨਾ ਕਿ ਕਿਸੇ ਖ਼ਾਸ ਪਾਰਟੀ ਦਾ। ਇਸੇ ਤਰ੍ਹਾਂ ਜੇ ਕੋਈ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਹ ਸਮੁੱਚੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਨਾ ਸਿਰਫ਼ ਇਕ ਪਾਰਟੀ ਦਾ।”

Leave a Reply

Your email address will not be published.