ਜਲੰਧਰ-ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਤੇ ‘ਆਪ’ ਤੋਂ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਨਵੇਂ ਬਣਾਏ ਗਏ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਰੂਸਾ ਆਲਮ ਅਤੇ ਅਜੀਤ ਡੋਵਾਲ ਦੀ ਸਿਫਾਰਸ਼ ’ਤੇ ਹੀ ਡੀਜੀਪੀ ਬਣਾਇਆ ਗਿਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖਹਿਰਾ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਫੋਟੋ ਵੀ ਦਿਖਾਈ ਜਿਸ ’ਚ ਡੀਜੀਪੀ ਦਿਨਕਰ ਗੁਪਤਾ, ਅਰੂਸਾ ਆਲਮ ਨਾਲ ਬੈਠੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਦਿਨਕਰ ਗੁਪਤਾ ਕਾਫੀ ਜੂਨੀਅਰ ਪੁਲੀਸ ਅਫਸਰ ਹਨ। ਦੂਜੇ ਸੀਨੀਅਰ ਅਫਸਰਾਂ ਨੂੰ ਅਣਗੌਲਿਆਂ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਡੀਜੀਪੀ ਲਾਇਆ ਹੈ ਪਰ ਉਹ ਇਹ ਵੀ ਸਪੱਸ਼ਟ ਕਰਨ ਕਿ ਜਿਹੜੇ ਦੋਸ਼ ਨਸ਼ਿਆਂ ਦੇ ਮਾਮਲੇ ਵਿਚ ਦਿਨਕਰ ਗੁਪਤਾ ’ਤੇ ਲੱਗਦੇ ਸਨ, ਕੀ ਉਨ੍ਹਾਂ ਬਾਰੇ ਜਾਂਚ ਕੀਤੀ ਗਈ ਹੈ? ਸ੍ਰੀ ਖਹਿਰਾ ਨੇ ਕਿਹਾ ਕਿ ਡੀਜੀਪੀ ਬਣਨ ਤੋਂ ਬਾਅਦ ਦਿਨਕਰ ਗੁਪਤਾ ਨੇ ਪਹਿਲੀ ਕਾਰਵਾਈ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕੀਤੀ ਹੈ। ਉਨ੍ਹਾਂ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਅਧਿਆਪਕਾਂ ਦੀ ਗੱਲ ਸੁਣਨ ਦਾ ਵੀ ਸਮਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਡੈਮੋਕਰੈਟਿਕ ਗੱਠਜੋੜ ਵੱਲੋਂ ਲੋਕ ਸਭਾ ਚੋਣਾਂ ਲਈ ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਏਕਤਾ ਪਾਰਟੀ ਅਤੇ ਬਠਿੰਡਾ ਦੇ ਲੋਕਾਂ ਦੀ ਇਹ ਇੱਛਾ ਹੈ ਕਿ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਚੋਣ ਲੜੀ ਜਾਵੇ ਪਰ ਇਸ ਬਾਰੇ ਅੰਤਿਮ ਫ਼ੈਸਲਾ ਮਹਾਂਗੱਠਜੋੜ ’ਚ ਕੀਤਾ ਜਾਣਾ ਹੈ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਨਹੀਂ ਲੱਭ ਰਹੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬਸਪਾ ਵੱਲੋਂ ਇਹ ਕੋਈ ਸ਼ਰਤ ਨਹੀਂ ਰੱਖੀ ਗਈ ਕਿ ਗੱਠਜੋੜ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੁਮਾਰੀ ਮਾਇਆਵਤੀ ਦੀ ਹਮਾਇਤ ਕਰੇ।
ਉਨ੍ਹਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੋ ਸਿੱਕੇ ਦੇ ਦੋ ਪਾਸੇ ਦੱਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਬਾਦਲਾਂ ਦੇ ਟਰਾਂਸਪੋਰਟ ਦਾ ਕਾਰੋਬਾਰ ਪਹਿਲਾਂ ਦੇ ਮੁਕਾਬਲੇ ਵਧਿਆ ਹੈ। ਇਸ ਮੌਕੇ ਆਦਮਪੁਰ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਵੱਡੀ ਟੀਮ ਪੰਜਾਬੀ ਏਕਤਾ ਪਾਰਟੀ ’ਚ ਸ਼ਾਮਲ ਹੋ ਗਈ।
