ਲਖਨਊ-ਕਾਂਗਰਸ ਜਨਰਲ ਸਕੱਤਰ ਵਜੋਂ ਆਪਣੇ ਸਿਆਸੀ ਸਫ਼ਰ ਦਾ ਆਗਾਜ਼ ਕਰਦਿਆਂ ਪ੍ਰਿਯੰਕਾ ਗਾਧੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ’ਚ ਜ਼ੋਰ-ਸ਼ੋਰ ਨਾਲ ਰੋਡਸ਼ੋਅ ਕੱਢਿਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਵਿੱਢੀ ਗਈ ਇਸ ਮੁਹਿੰਮ ਨੂੰ ਸਿਆਸੀ ਮਾਹਿਰ ਕਾਂਗਰਸ ਦੇ ਪ੍ਰਚਾਰ ਦੀ ਸ਼ੁਰੂਆਤ ਮੰਨ ਰਹੇ ਹਨ। ਪ੍ਰਿਯੰਕਾ ਦਾ ਕਾਫ਼ਲਾ ਜਿਵੇਂ ਜਿਵੇਂ ਅੱਗੇ ਵੱਧ ਰਿਹਾ ਸੀ, ਤਾਂ ਹਜ਼ਾਰਾਂ ਪਾਰਟੀ ਵਰਕਰਾਂ ਦਾ ਉਤਸ਼ਾਹ ਵੀ ਸੱਤਵੇਂ ਅਸਮਾਨ ’ਤੇ ਦੇਖਣ ਨੂੰ ਮਿਲਿਆ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੱਛਮੀ ਖ਼ਿੱਤੇ ਦੇ ਇੰਚਾਰਜ ਜਯੋਤਿਰਦਿਤਿਆ ਸਿੰਧੀਆ ਨਾਲ ਮੌਜੂਦ 47 ਵਰ੍ਹਿਆਂ ਦੀ ਪ੍ਰਿਯੰਕਾ ਕੁੜਤੇ ਅਤੇ ਚੁੰਨੀ ’ਚ ਫੱਬ ਰਹੀ ਸੀ। ਉਸ ਦੀ ਇਕ ਝਲਕ ਦੇਖਣ ਲਈ ਜ਼ੋਰ ਅਜ਼ਾਮਇਸ਼ ਕਰ ਰਹੇ ਪਾਰਟੀ ਵਰਕਰਾਂ ਵੱਲ ਉਹ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਬੂਲ ਰਹੀ ਸੀ।
ਯੂਪੀ ਦੇ ਦੌਰੇ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਸੁਨੇਹੇ ’ਚ ਪ੍ਰਿਯੰਕਾ ਨੇ ਕਿਹਾ,‘‘ਆਓ, ਮੇਰੇ ਨਾਲ ਨਵੇਂ ਭਵਿੱਖ ਦਾ ਨਿਰਮਾਣ ਅਤੇ ਨਵੀਂ ਸਿਆਸਤ ਦੀ ਸ਼ੁਰੂਆਤ ਕਰੋ। ਤੁਹਾਡਾ ਧੰਨਵਾਦ।’’ ਹਵਾਈ ਅੱਡੇ ਤੋਂ ਪਾਰਟੀ ਸਦਰਮੁਕਾਮ ਤਕ ਕੱਢੇ ਗਏ ਕਰੀਬ 25 ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਕਾਫ਼ਲੇ ’ਤੇ ਫੁੱਲਾਂ ਦੀ ਵਰਖਾ ਹੁੰਦੀ ਰਹੀ। ਜਿਵੇਂ ਜਿਵੇਂ ਉਨ੍ਹਾਂ ਦਾ ‘ਰੱਥ’ ਵੱਡੀਆਂ ਸੜਕਾਂ ਤੋਂ ਗੁਜ਼ਰਿਆ ਤਾਂ ਜੋਸ਼ ’ਚ ਆਏ ਲੋਕਾਂ ਅਤੇ ਪਾਰਟੀ ਮੈਂਬਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਲਈਆਂ। ਕਾਂਗਰਸ ਵਰਕਰਾਂ ਨੇ ਹੱਥਾਂ ’ਚ ਪਾਰਟੀ ਦੇ ਝੰਡੇ ਅਤੇ ਬੈਨਰ ਫੜੇ ਹੋਏ ਸਨ ਜਿਸ ਨਾਲ ਨਵਾਬਾਂ ਦਾ ਸ਼ਹਿਰ ਤਿਉਹਾਰ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਕੁਲ ਹਿੰਦ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਟਵੀਟ ਕਰਕੇ ਕਿਹਾ,‘‘ਲਖਨਊ ਦੇ ਨਹਿਰੂ ਭਵਨ ’ਚ ਪ੍ਰਿਯੰਕਾ ਸੈਨਾ ਦੇ ਪੁੱਜਣ ਨਾਲ ਜਸ਼ਨ ਦਾ ਮਾਹੌਲ ਬਣ ਗਿਆ ਹੈ।’’ ਦੋਵੇਂ ਜਨਰਲ ਸਕੱਤਰਾਂ (ਪ੍ਰਿਯੰਕਾ ਅਤੇ ਸਿੰਧੀਆ) ਵੱਲੋਂ ਲਖਨਊ ’ਚ ਕਾਂਗਰਸ ਦਫ਼ਤਰ ’ਤੇ 12, 13 ਅਤੇ 14 ਫਰਵਰੀ ਨੂੰ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਰਜਮਾਨ ਰਾਜੀਵ ਬਕਸ਼ੀ ਨੇ ਕਿਹਾ ਕਿ ਯੂਪੀ ’ਚ ਖੁੱਸਿਆ ਆਧਾਰ ਵਾਪਸ ਹਾਸਲ ਕਰਨ ਲਈ ਪ੍ਰਿਯੰਕਾ ਗਾਂਧੀ ਦੇ ਸਿਆਸਤ ’ਚ ਆਉਣ ਨਾਲ ਪਾਰਟੀ ਵਰਕਰਾਂ ’ਚ ਉਤਸ਼ਾਹ ਭਰੇਗਾ। ਪ੍ਰਿਯੰਕਾ ਦਾ ਸਰਗਰਮ ਸਿਆਸਤ ’ਚ ਉਸ ਸਮੇਂ ਦਾਖ਼ਲਾ ਹੋ ਰਿਹਾ ਹੈ ਜਦੋਂ ਕਾਂਗਰਸ ਨੂੰ ਆਪਣਾ ਸਭ ਤੋਂ ਮੁਸ਼ਕਲ ਸਮਾਂ ਦੇਖਣਾ ਪੈ ਰਿਹਾ ਹੈ ਕਿਉਂਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਨੇ ਸਮਝੌਤਾ ਕਰਕੇ ਕਾਂਗਰਸ ਨੂੰ ਸੂਬੇ ’ਚ ਇਕੱਲਾ ਛੱਡ ਦਿੱਤਾ। ਇਸ ਦੌਰਾਨ ਪ੍ਰਿਯੰਕਾ ਦਾ ਟਵਿੱਟਰ ’ਤੇ ਅਕਾਊਂਟ ਖੁਲ੍ਹ ਗਿਆ ਹੈ। ਕੁਝ ਘੰਟਿਆਂ ਦੇ ਅੰਦਰ ਹੀ ਸੋਸ਼ਲ ਮੀਡੀਆ ’ਤੇ 45 ਹਜ਼ਾਰ ਲੋਕ ਉਸ ਨੂੰ ਫਾਲੋ ਕਰਨ ਲੱਗ ਪਏ।

Lucknow: Congress President Rahul Gandhi with party general secretaries Priyanka Gandhi Vadra and Jyotiraditya Madhavrao Scindia during a roadshow, in Lucknow, Monday, Feb. 11, 2019. (PTI Photo/Nand Kumar)(PTI2_11_2019_000154A)