ਮੁੱਖ ਖਬਰਾਂ
Home / ਭਾਰਤ / ਕਾਂਗਰਸ ਵਲੋਂ ਮਹਾ-ਲੇਖਾਕਾਰ ਮਹਰਿਸ਼ੀ ਨੂੰ ਰਾਫ਼ਾਲ ਦੇ ਲੇਖੇ ਜੋਖੇ ਤੋਂ ਲਾਂਭੇ ਹੋਣ ਦੀ ਅਪੀਲ

ਕਾਂਗਰਸ ਵਲੋਂ ਮਹਾ-ਲੇਖਾਕਾਰ ਮਹਰਿਸ਼ੀ ਨੂੰ ਰਾਫ਼ਾਲ ਦੇ ਲੇਖੇ ਜੋਖੇ ਤੋਂ ਲਾਂਭੇ ਹੋਣ ਦੀ ਅਪੀਲ

Spread the love

ਨਵੀਂ ਦਿੱਲੀ-ਕਾਂਗਰਸ ਨੇ ਮਹਾਲੇਖਾਕਾਰ ਕੈਗ ਰਾਜੀਵ ਮਹਰਿਸ਼ੀ ਨੂੰ 36 ਰਾਫ਼ਾਲ ਲੜਾਕੂ ਜਹਾਜ਼ਾਂ ਦੀ ਖਰੀਦੋ ਫਰੋਖ਼ਤ ਦੇ ਲੇਖੇ ਜੋਖੇ ਤੋਂ ਆਪਣੇ ਆਪ ਨੂੰ ਲਾਂਭੇ ਕਰ ਲੈਣ ਦੀ ਅਪੀਲ ਕੀਤੀ ਹੈ ਕਿਉਂਕਿ ਵਿੱਤ ਸਕੱਤਰ ਹੁੰਦਿਆਂ ਸੌਦੇ ਲਈ ਗੱਲਬਾਤ ਕਰਨ ਦੀ ਪ੍ਰਕਿਰਿਆ ਦਾ ਉਹ ਹਿੱਸਾ ਰਹੇ ਸਨ। ਵਿਰੋਧੀ ਪਾਰਟੀ ਨੇ ਹਿੱਤਾਂ ਦਾ ਟਕਰਾਅ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਲੀਮੈਂਟ ਵਿਚ ਪੇਸ਼ ਹੋਣ ਵਾਲੀ ਇਸ ਰਿਪੋਰਟ ਵਿਚ ਸ੍ਰੀ ਮਹਰਿਸ਼ੀ ਦੀ ਭੂਮਿਕਾ ਵਾਜਿਬ ਨਹੀਂ ਹੋਵੇਗੀ। ਵਿਵਾਦਗ੍ਰਸਤ ਰਾਫ਼ਾਲ ਸੌਦੇ ਬਾਰੇ ਕੈਗ ਦੀ ਰਿਪੋਰਟ ਸੋਮਵਾਰ ਨੂੰ ਪਾਰਲੀਮੈਂਟ ਵਿਚ ਪੇਸ਼ ਹੋਣ ਦੇ ਆਸਾਰ ਹਨ।
ਕਾਂਗਰਸ ਨੇ ਇਕ ਪ੍ਰੈਸ ਬਿਆਨ ਰਾਹੀਂ ਦੋਸ਼ ਲਾਇਆ ਹੈ ਕਿ ਸਰਕਾਰ ਨੇ ਇਹ ਸੌਦਾ ਕਰ ਕੇ ਕੌਮੀ ਹਿੱਤਾਂ ਤੇ ਕੌਮੀ ਸੁਰੱਖਿਆ ਨੂੰ ਦਾਅ ’ਤੇ ਲਾ ਦਿੱਤਾ ਹੈ ਅਤੇ ਰਾਫ਼ਾਲ ਸਮੇਤ ਸਾਰੇ ਰੱਖਿਆ ਸੌਦਿਆਂਂ ਦੇ ਫੋਰੈਂਸਿਕ ਆਡਿਟ ਦੀ ਕੈਗ ਦੀ ਸੰਵਿਧਾਨਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ। ਬਿਆਨ ਵਿਚ ਕਿਹਾ ਗਿਆ ‘‘ ਹਿੱਤਾਂ ਦੇ ਟਕਰਾਅ ਦੇ ਲਿਹਾਜ਼ ਤੋਂ ਤੁਹਾਡੇ ਲਈ 36 ਰਾਫ਼ਾਲ ਜਹਾਜ਼ਾਂ ਦੇ ਸੌਦੇ ਦੇ ਲੇਖੇ ਜੋਖੇ ਨਾਲ ਸਿੱਝਣਾ ਸਹੀ ਨਹੀਂ ਹੋਵੇਗਾ… ਤੁਸੀਂ ਸੰਵਿਧਾਨਕ, ਕਾਨੂੰਨੀ ਅਤੇ ਨੈਤਿਕ ਪਹਿਲੂਆਂ ਤੋਂ ਪਾਰਲੀਮੈਂਟ ਸਾਹਮਣੇ ਇਹ ਰਿਪੋਰਟ ਪੇਸ਼ ਕਰਨ ਦਾ ਹੱਕ ਨਹੀਂ ਰੱਖਦੇ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਆਪ ਲਾਂਭੇ ਹੋ ਜਾਓ ਅਤੇ ਜਨਤਕ ਤੌਰ ’ਤੇ ਇਹ ਪ੍ਰਵਾਨ ਕਰੋ ਕਿ ਆਡਿਟ ਕਰਵਾ ਕੇ ਤੁਹਾਡੇ ਵਲੋਂ ਘੋਰ ਭੁੱਲ ਕੀਤੀ ਗਈ ਸੀ।’’ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੀ ਮਹਰਿਸ਼ੀ ਵਲੋਂ ਰਾਫ਼ਾਲ ਸੌਦੇ ਬਾਰੇ ਆਡਿਟ ਰਿਪੋਰਟ ਸੋਮਵਾਰ ਨੂੰ ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਹਰਿਸ਼ੀ 24 ਅਕਤੂਬਰ, 2014 ਤੋਂ ਲੈ ਕੇ 30 ਅਗਸਤ, 2015 ਤੱਕ ਵਿੱਤ ਸਕੱਤਰ ਰਹੇ ਸਨ ਜਿਸ ਅਰਸੇ ਦੌਰਾਨ (10 ਅਪਰੈਲ, 2015) ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਰਾਂਸ ਦੇ ਦੌਰੇ ’ਤੇ ਗਏ ਸਨ ਅਤੇ ਉਨ੍ਹਾਂ ਰਾਫ਼ਾਲ ਸੌਦਾ ਸਿਰੇ ਚੜ੍ਹਨ ਦਾ ਐਲਾਨ ਕੀਤਾ ਸੀ।

Leave a Reply

Your email address will not be published.