ਮੁੱਖ ਖਬਰਾਂ
Home / ਭਾਰਤ / ਕੁੰਭ ਦੇ ਆਖਰੀ ਸ਼ਾਹੀ ਇਸ਼ਨਾਨ ਦੌਰਾਨ 1.25 ਕਰੋੜ ਸ਼ਰਧਾਲੂਆਂ ਨੇ ਲਾਈ ਡੁਬਕੀ

ਕੁੰਭ ਦੇ ਆਖਰੀ ਸ਼ਾਹੀ ਇਸ਼ਨਾਨ ਦੌਰਾਨ 1.25 ਕਰੋੜ ਸ਼ਰਧਾਲੂਆਂ ਨੇ ਲਾਈ ਡੁਬਕੀ

Spread the love

ਇਲਾਹਾਬਾਦ-ਕੁੰਭ ਮੇਲੇ ਦੇ ਆਖ਼ਰੀ ਸ਼ਾਹੀ ਇਸ਼ਨਾਨ ਦੌਰਾਨ ਜ਼ਬਰਦਸਤ ਠੰਢ ਦੇ ਬਾਵਜੂਦ ਕਰੀਬ 1.25 ਕਰੋੜ ਸ਼ਰਧਾਲੂਆਂ ਨੇ ਆਸਥਾ ਦੀ ਡੁਬਕੀ ਲਗਾਈ | ਸ਼ਰਧਾਲੂ ਇੱਥੇ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ ‘ਤੇ ਆਯੋਜਿਤ ਤੀਜੇ ਸ਼ਾਹੀ ਇਸ਼ਨਾਨ ‘ਚ ਹਿੱਸਾ ਲੈਣ ਲਈ ਐਤਵਾਰ ਸਵੇਰ ਤੋਂ ਹੀ ਇਕੱਠੇ ਹੋਏ ਸਨ | ਦਿਨ ਚੜ੍ਹਨ ਤੋਂ ਪਹਿਲਾਂ ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਇੱਥੇ ਡੁਬਕੀ ਲਗਾਈ | ਜਿਉਂ ਹੀ ਦਿਨ ਚੜਿ੍ਹਆ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ | ਕੁੰਭ ਮੇਲੇ ਦੇ ਅਧਿਕਾਰੀ ਵਿਜੇ ਕਿਰਨ ਅਨੰਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਸੰਤ ਪੰਚਮੀ ਮੌਕੇ ਕਰੀਬ 1.25 ਕਰੋੜ ਲੋਕਾਂ ਨੇ ਸ਼ਾਹੀ ਇਸ਼ਨਾਨ ‘ਚ ਹਿੱਸਾ ਲਿਆ, ਜਿਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ | 50 ਲੱਖ ਦੇ ਕਰੀਬ ਲੋਕਾਂ ਨੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਸ਼ਨਾਨ ਕਰ ਲਿਆ ਸੀ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਅਖਾੜਿਆਂ ਨੇ ਸ਼ਾਹੀ ਇਸ਼ਨਾਨ ਪੂਰਾ ਕਰ ਲਿਆ ਹੈ | ਮੇਲੇ ਦੌਰਾਨ ਚੱਲ ਰਹੀ ਠੰਢੀ ਹਵਾ ਵੀ ਸ਼ਰਧਾਲੂਆਂ ਦੇ ਉਤਸ਼ਾਹ ਨੂੰ ਮੱਠਾ ਨਹੀਂ ਕਰ ਸਕੀ | ਇਸ਼ਨਾਨ ਦੌਰਾਨ ਸ਼ਰਧਾਲੂ ‘ਹਰ ਹਰ ਗੰਗੇ’ ਅਤੇ ‘ਜੈ ਗੰਗਾ ਮਈਆ’ ਦੇ ਭਜਨ ਗਾ ਰਹੇ ਸਨ | ਕੁੰਭ ਮੇਲਾ ਪ੍ਰਸ਼ਾਸਨ ਅਨੁਸਾਰ 9 ਫਰਵਰੀ ਤੱਕ 14.94 ਕਰੋੜ ਸ਼ਰਧਾਲੂ ਕੁੰਭ ਮੇਲੇ ‘ਚ ਹਿੱਸਾ ਲੈ ਚੁੱਕੇ ਹਨ, ਹਾਲਾਂਕਿ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਅਤੇ ਐਸ.ਬੀ.ਐਸ.ਪੀ. ਦੇ ਓਮ ਪ੍ਰਕਾਸ਼ ਰਾਜਭਰ ਨੇ ਕੁੰਭ ਮੇਲੇ ‘ਚ ਸ਼ਾਮਿਲ ਸ਼ਰਧਾਲੂਆਂ ਦੇ ਜਾਰੀ ਅੰਕੜਿਆਂ ‘ਤੇ ਸਵਾਲ ਚੁੱਕੇ ਹਨ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸ ਆਧਾਰ ‘ਤੇ ਸਰਕਾਰ ਕਹਿ ਰਹੀ ਹੈ ਕੁੰਭ ਮੇਲੇ ‘ਚ ਕਰੀਬ 15 ਕਰੋੜ ਸ਼ਰਧਾਲੂਆਂ ਨੇ ਹਿੱਸਾ ਲਿਆ ਹੈ | ਕੀ ਉਹ ਦੱਸ ਸਕਦੇ ਹਨ ਕਿ ਤੀਰਥ ਯਾਤਰੀ ਅਤੇ ਸ਼ਰਧਾਲੂ ਕਿਸ ਰੂਟ ਰਾਹੀਂ ਕੁੰਭ ਮੇਲੇ ‘ਚ ਪਹੁੰਚੇ ਤੇ ਇੱਥੋਂ ਰਵਾਨਾ ਹੋਏ | ਸੂਬੇ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਦੱਸਿਆ ਕਿ ਪੂਰੇ ਖੇਤਰ ਨੂੰ 9 ਜ਼ੋਨਾਂ ਅਤੇ 20 ਸੈਕਟਰਾਂ ‘ਚ ਵੰਡਿਆ ਗਿਆ ਹੈ | ਸ਼ਰਧਾਲੂਆਂ ਦੀ ਸੁਰੱਖਿਆ ਵਿਚ 20000 ਪੁਲਿਸ ਮੁਲਾਜ਼ਮ, 6000 ਹੋਮਗਾਰਡ ਤਾਇਨਾਤ ਕੀਤੇ ਗਏ ਹਨ | ਇਸ ਤੋਂ ਇਲਾਵਾ 40 ਪੁਲਿਸ ਥਾਣੇ, 59 ਚੌਕੀਆਂ, 40 ਅੱਗ ਬੁਝਾਊ ਕੇਂਦਰ ਬਣਾਏ ਗਏ ਹਨ | ਇਸ ਦੇ ਨਾਲ ਹੀ ਕੇਂਦਰੀ ਬਲਾਂ ਦੀਆਂ 80 ਕੰਪਨੀਆਂ ਅਤੇ ਪੀ.ਏ.ਸੀ. ਦੀਆਂ 20 ਕੰਪਨੀਆਂ ਤਾਇਨਾਤ ਹਨ |

Leave a Reply

Your email address will not be published.