ਮੁੱਖ ਖਬਰਾਂ
Home / ਪੰਜਾਬ / ਰਾਜਿੰਦਰਾ ਹਸਪਤਾਲ ਦੀ ਛੱਤ ’ਤੇ ਚੜ੍ਹੇ ਮੁਲਾਜ਼ਮਾਂ ਦਾ ਸੰਘਰਸ਼ ਜਾਰੀ

ਰਾਜਿੰਦਰਾ ਹਸਪਤਾਲ ਦੀ ਛੱਤ ’ਤੇ ਚੜ੍ਹੇ ਮੁਲਾਜ਼ਮਾਂ ਦਾ ਸੰਘਰਸ਼ ਜਾਰੀ

Spread the love

ਪਟਿਆਲਾ-ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫ਼ਤਰ ਦੀ ਛੱਤ ’ਤੇ ਚੜ੍ਹ ਕੇ ਰੋਸ ਪ੍ਰਗਟਾ ਰਹੀਆਂ ਦੋ ਨਰਸਾਂ ਤੇ ਇੱਕ ਚੌਥਾ ਦਰਜਾ ਮੁਲਾਜ਼ਮ ਦਾ ਸੰਘਰਸ਼ ਅੱਜ ਵੀ ਜਾਰੀ ਰਿਹਾ| ਇਸ ਤੋਂ ਇਲਾਵਾ ਸੁਪਰਡੈਂਟ ਦਫ਼ਤਰ ਅੱਗੇ ਚਾਰ ਕਾਰਕੁਨਾਂ ਨੇ ਭੁੱਖ ਹੜਤਾਲ ਆਰੰਭ ਦਿੱਤੀ ਹੈ। ਛੱਤ ’ਤੇ ਚੜ੍ਹੇ ਕਰਮਚਾਰੀਆਂ ਨੇ ਵੀ ਭੁੱਖ ਹੜਤਾਲ ਆਰੰਭ ਦਿੱਤੀ ਹੈ| ਡੀਆਰਐਮਈ ਨੇ ਕਿਹਾ ਹੈ ਕਿ ਸੰਘਰਸ਼ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਕਵਾਇਦ ਆਰੰਭੀ ਗਈ ਹੈ। ਨਰਸਿੰਗ, ਸਹਾਇਕ ਸਟਾਫ਼ ਤੇ ਪੈਰਾ-ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਰੈਗੂਲਰ ਕੀਤੇ ਜਾਣ ਦੀ ਮੰਗ ਪ੍ਰਵਾਨ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ|
ਦੱਸਣਯੋਗ ਹੈ ਕਿ ਠੇਕਾ ਅਧਾਰਿਤ ਨਰਸਾਂ, ਦਰਜਾ ਚਾਰ ਕਰਮਚਾਰੀਆਂ ਅਤੇ ਐਨਸਿਲਰੀ ਸਟਾਫ਼ ਨੇ ਲੰਘੇ ਚਾਰ ਦਿਨਾਂ ਤੋਂ ਸੰਘਰਸ਼ ਆਰੰਭਿਆ ਹੋਇਆ ਹੈ। ਇਸ ਦੌਰਾਨ ਅੱਧੀ ਦਰਜਨ ਨਰਸਾਂ ਤੇ ਹੋਰ ਸਟਾਫ਼ ਮੈਡੀਕਲ ਸੁਪਰਡੈਂਟ ਦਫ਼ਤਰ ਦੀ ਛੱਤ ’ਤੇ ਚੜ੍ਹ ਗਏ, ਪਰ ਸਿਹਤ ਵਿਗੜਨ ਮਗਰੋਂ ਹੁਣ ਤਿੰਨ ਜਣੇ, ਜਿਨ੍ਹਾਂ ’ਚ ਐਸੋਸੀਏਸ਼ਨ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਤੇ ਨਰਸ ਬਲਜੀਤ ਕੌਰ ਤੋਂ ਇਲਾਵਾ ਚੌਥਾ ਦਰਜਾ ਕਾਮਾ ਸਤਪਾਲ ਸ਼ਾਮਲ ਹਨ, ਛੱਤ ਉੱਤੇ ਰਹਿ ਗਏ ਹਨ| ਪੁਲੀਸ ਵੱਲੋਂ ਹੋਰ ਮੁਲਾਜ਼ਮਾਂ ਨੂੰ ਛੱਤ ਤੋਂ ਚੜ੍ਹਨ ਤੋਂ ਰੋਕਣ ਲਈ ਚੌਕਸੀ ਵਰਤੀ ਜਾ ਰਹੀ ਹੈ| ਇਹ ਕਰਮਚਾਰੀ ਕਈ ਵਰ੍ਹਿਆਂ ਤੋਂ ਠੇਕੇ ’ਤੇ ਡਿਊਟੀ ਨਿਭਾ ਰਹੇ ਹਨ ਤੇ ਹੁਣ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਵੱਖ-ਵੱਖ ਸਮੇਂ ਸਰਕਾਰਾਂ ਨੇ ਲਾਰੇ ਲਾ ਕੇ ਹੀ ਕੰਮ ਸਾਰਿਆ ਹੈ। ਹਸਪਤਾਲ ਦੇ ਮੁਲਾਜ਼ਮ ਸੰਦੀਪ ਕੌਰ, ਨਵਜੋਤ ਕੌਰ, ਜਸਵੀਰ ਸਿੰਘ ਤੇ ਦੀਪਕ ਹੜਤਾਲ ’ਤੇ ਬੈਠੇ ਹਨ|
ਨਰਸਿੰਗ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤੇ ਐਨਸਿਲਰੀ ਸਟਾਫ਼ ਤੇ ਪੈਰਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਰੈਗੂਲਰ ਕਰਨ ਦੀ ਕਵਾਇਦ ਆਰੰਭਣ ਦਾ ਭਰੋਸਾ ਦਿੱਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਅੱਜ ਚਾਰ ਮੈਂਬਰੀ ਵਫ਼ਦ ਚੰਡੀਗੜ੍ਹ ’ਚ ਡੀਆਰਐਮਈ ਨੂੰ ਮਿਲਿਆ ਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਫਾਈਲ ਤਿਆਰ ਕੀਤੀ ਜਾ ਰਹੀ ਹੈ। ਅਗਲੇ ਹਫ਼ਤੇ ਤੱਕ ਇਸ ਨੂੰ ਵਿਭਾਗੀ ਸਕੱਤਰ ਕੋਲ ਪਹੁੰਚਦਾ ਕਰ ਦਿੱਤਾ ਜਾਵੇਗਾ| ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਹੜਤਾਲੀ ਕਾਰਕੁਨਾਂ ਨਾਲ ਗੱਲਬਾਤ ਜਾਰੀ ਹੈ। ਧਰਨੇ ਵਿਚ ਅੰਮ੍ਰਿਤਸਰ ਤੋਂ ਪੁੱਜਿਆ ਸਟਾਫ਼ ਵੀ ਸ਼ਾਮਲ ਹੈ|

Leave a Reply

Your email address will not be published.