ਮੁੱਖ ਖਬਰਾਂ
Home / ਭਾਰਤ / ਦਸ ਫੀਸਦ ਰਾਖ਼ਵੇਂਕਰਨ ਨੇ ਵਿਰੋਧੀਆਂ ਦੀ ਨੀਂਦ ਉਡਾਈ: ਮੋਦੀ

ਦਸ ਫੀਸਦ ਰਾਖ਼ਵੇਂਕਰਨ ਨੇ ਵਿਰੋਧੀਆਂ ਦੀ ਨੀਂਦ ਉਡਾਈ: ਮੋਦੀ

Spread the love

ਮੜਗਾਓ (ਗੋਆ)-ਵਿਰੋਧੀ ਧਿਰ ਵੱਲੋਂ ਕੋਲਕਾਤਾ ਵਿਚ ਕੀਤੀ ਸਾਂਝੀ ਰੈਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟ, ਨਾਕਾਰਾਤਮਕ ਤੇ ਅਸਥਿਰ ਗੱਠਜੋੜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂੰਜੀਵਾਦੀਆਂ ਦੇ ਇਸ ਗੱਠਜੋੜ ਕੋਲ ‘ਪੈਸੇ ਦੀ ਤਾਕਤ’ ਹੈ ਤੇ ਭਾਜਪਾ ਕੋਲ ‘ਲੋਕਾਂ ਦੀ ਤਾਕਤ’ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਨਰਲ ਵਰਗ ਲਈ ਦਸ ਫੀਸਦ ਰਾਖ਼ਵਾਂਕਰਨ ਨੂੰ ਲਾਗੂ ਕਰਨ ਲਈ ਵਿਦਿਅਕ ਸੰਸਥਾਵਾਂ ਵਿਚ ਸੀਟਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜਨਰਲ ਵਰਗ ਨੂੰ ਰਾਖ਼ਵਾਂਕਰਨ ਸੰਵਿਧਾਨਕ ਸੋਚ-ਵਿਚਾਰ ਤੋਂ ਬਾਅਦ ਹੀ ਦਿੱਤਾ ਗਿਆ ਹੈ ਤੇ ਇਸ ਨੇ ਵਿਰੋਧੀ ਧਿਰਾਂ ਦੀ ਨੀਂਦ ਉਡਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਲੋਕ ਹਿੱਤ ਵਿਚ ਲਿਆ ਗਿਆ ਹੈ ਨਾ ਕਿ ਵੋਟਾਂ ਕਰਕੇ। ਉਹ ਅੱਜ ਮਹਾਰਾਸ਼ਟਰ ਦੇ ਲੋਕ ਸਭਾ ਹਲਕੇ ਕੋਹਲਾਪੁਰ, ਹਟਕਾਨੰਗਲੇ, ਮਧਾ, ਸਤਾਰਾ ਤੇ ਦੱਖਣੀ ਗੋਆ ਦੇ ਭਾਜਪਾ ਦੇ ਬੂਥ ਪੱਧਰੀ ਵਰਕਰਾਂ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰ ਰਹੇ ਸਨ। ਵਿਰੋਧੀ ਧਿਰਾਂ ਵੱਲੋਂ ਈਵੀਐੱਮਜ਼ ਦੀ ਥਾਂ ਬੈੱਲਟ ਪੇਪਰਾਂ ਦਾ ਇਸਤੇਮਾਲ ਕਰਨ ਦੀ ਮੰਗ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਹਾਰ ਦਿਖ ਰਹੀ ਹੈ ਤੇ ਬਹਾਨੇ ਬਣਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਚ ਸਾਂਝਾ ਕਰ ਰਹੇ ਵਿਰੋਧੀ ਧਿਰ ਦੇ ਆਗੂਆਂ ਵਿਚੋਂ ਇਕ ਨੇ ਬੋਫੋਰਜ਼ ਘੁਟਾਲੇ ਦਾ ਜ਼ਿਕਰ ਕੀਤਾ ਤੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਨਾਲ ਹੀ ਕਿਹਾ ਕਿ ਜਿਨ੍ਹਾਂ ਕਦੇ ਜਮਹੂਰੀਅਤ ਵਿਚ ਭਰੋਸਾ ਨਹੀਂ ਜਤਾਇਆ ਉਹ ਹੁਣ ਇਸ ਦੀ ਹਾਮੀ ਭਰ ਰਹੇ ਹਨ।
ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਗਰੁੱਪ ਲੋਕਾਂ ਨੂੰ ‘ਮੂਰਖ’ ਸਮਝਦੇ ਹਨ ਤੇ ਝੱਟ ਰੰਗ ਬਦਲਦੇ ਹਨ, ਪਰ ਲੋਕ ਇਨ੍ਹਾਂ ਨੂੰ ਸ਼ੀਸ਼ਾ ਦਿਖਾਉਣਗੇ। ਉਨ੍ਹਾਂ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ।

Leave a Reply

Your email address will not be published.