ਮੁੱਖ ਖਬਰਾਂ
Home / ਪੰਜਾਬ / ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਮਨ੍ਹਾਂ ਕਰਨ ’ਤੇ ਵਿਵਾਦ

ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਮਨ੍ਹਾਂ ਕਰਨ ’ਤੇ ਵਿਵਾਦ

Spread the love

ਜਗਰਾਉਂ-ਇੱਥੇ ਰਾਏਕੋਟ ਸੜਕ ’ਤੇ ਸਥਿਤ ਗੁਰਦੁਆਰਾ ਭਗਤ ਰਵੀਦਾਸ ਦੇ ਗ੍ਰੰਥੀ ਵੱਲੋਂ ਵਿਆਹ ਸਮਾਗਮ ਲਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਕਥਿਤ ਤੌਰ ’ਤੇ ਇਨਕਾਰ ਕਰਨ ’ਤੇ ਕੁਝ ਲੋਕ ਭੜਕ ਗਏ ਅਤੇ ਗੁਰੂ ਘਰ ਅੱਗੇ ਧਰਨਾ ਲਾ ਦਿੱਤਾ। ਗ੍ਰੰਥੀ ਨੇ ਦੱਸਿਆ ਕਿ ਉਕਤ ਘਰ ’ਚ ਪੀਰ ਦੀ ਚੌਕੀ ਲੱਗਦੀ ਹੈ ਜਿਸ ਕਰਕੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸਰੂਪ ਦੇਣ ਤੋਂ ਇਨਕਾਰ ਕੀਤਾ ਹੈ, ਇਸ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਸਹਿਮਤੀ ਹੈ।
ਦੂਸਰੀ ਧਿਰ ਨੇ ਕਿਹਾ ਕਿ ਗ੍ਰੰਥੀ ਨੇ ਜਾਣ-ਬੁੱਝ ਕੇ ਮਨ੍ਹਾਂ ਕੀਤਾ ਹੈ। ਇਹ ਮਾਮਲਾ ਸ਼ਹਿਰੀ ਪੁਲੀਸ ਕੋਲ ਪਹੁੰਚ ਗਿਆ ਹੈ। ਪੁਲੀਸ ਨੇ ਦੋਵਾਂ ਧਿਰਾਂ ਨੂੰ ਆਪਣਾ-ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਹੈ। ਮੁਹੱਲਾ ਨਿਵਾਸੀ ਜ਼ੋਰਾ ਸਿੰਘ ਨੇ ਆਖਿਆ ਕਿ ਉਸ ਦੇ ਬੇਟੇ ਅਵਤਾਰ ਸਿੰਘ ਦਾ ਬੀਤੀ 15 ਜਨਵਰੀ ਨੂੰ ਵਿਆਹ ਸੀ ਇਸ ਕਾਰਨ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਲਈ ਗੁਰਦੁਆਰੇ ਗਏ ਸਨ। ਉੱਥੋਂ ਦੇ ਗ੍ਰੰਥੀ ਦਰਸ਼ਨ ਸਿੰਘ ਨੇ ਪ੍ਰਬੰਧਕੀ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਗੁਰੂ ਸਾਹਿਬ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਦੂਜੇ ਦਿਨ ਬਰਾਤ ਨੂੰ ਵੀ ਗੁਰੂ ਘਰ ਮੱਥਾ ਵੀ ਨਹੀਂ ਟੇਕਣ ਦਿੱਤਾ। ਇਸ ਕਾਰਨ ਉਨ੍ਹਾਂ ਨੇ ਮੁਹੱਲਾ ਵਾਸੀਆਂ ਨੂੰ ਲੈ ਕੇ ਧਰਨਾ ਦਿੱਤਾ ਅਤੇ ਪੁਲੀਸ ਨੂੰ ਸ਼ਿਕਾਇਤ ਕੀਤੀ। ਇਸ ਸਬੰਧੀ ਗ੍ਰੰਥੀ ਦਰਸ਼ਨ ਸਿੰਘ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜ਼ੋਰਾ ਸਿੰਘ ਆਪਣੇ ਘਰ ਪੀਰ ਦੀ ਚੌਕੀ ਲਗਾਉਂਦਾ ਹੈ ਅਤੇ ਲੋਕਾਂ ਨੂੰ ਪੁੱਛਾਂ ਦਿੰਦਾ ਹੈ। ਅਜਿਹੀਆਂ ਥਾਵਾਂ ’ਤੇ ਗੁਰੂ ਸਾਹਿਬ ਜੀਦਾ ਪ੍ਰਕਾਸ਼ ਕਰਨ ਦੀ ਅਕਾਲ ਤਖਤ ਸਾਹਿਬ ਤੋਂ ਮਨਾਹੀ ਕੀਤੀ ਗਈ ਹੈ। ਉਨ੍ਹਾਂ ਪਹਿਲਾਂ ਆਗਿਆ ਲੈਣ ਮਗਰੋਂ ਹੀ ਗੁਰੂ ਸਾਹਿਬ ਦਾ ਸਰੂਪ ਦੇਣ ਦੀ ਗੱਲ ਆਖੀ ਸੀ, ਮਨ੍ਹਾਂ ਨਹੀਂ ਕੀਤਾ ਸੀ। ਮੌਕੇ ਉਪਰ ਐੱਸ.ਐੱਚ.ਓ. ਹਰਜਿੰਦਰ ਸਿੰਘ ਪੁਲੀਸ ਪਾਰਟੀ ਨਾਲ ਪੁੱਜੇ ਅਤੇ ਦੋਵਾਂ ਧਿਰਾਂ ਨੂੰ ਥਾਣੇ ਹਾਜ਼ਰ ਹੋ ਕੇ ਆਪਣਾ-ਆਪਣਾ ਪੱਖ ਰੱਖਣ ਦੀ ਗੱਲ਼ ਆਖੀ। ਇਸ ਸਬੰਧੀ ਏਕਨੂਰ ਖਾਲਸਾ ਫੌਜ ਦੇ ਕਰਮਜੀਤ ਸਿੰਘ ਬਿੰਜਲ ਨੇ ਆਖਿਆ ਕਿ ਗੁਰੁ ਘਰ ਦੇ ਗ੍ਰੰਥੀ ਨੇ ਆਪਣਾ ਫਰਜ਼ ਨਿਭਾਇਆ ਹੈ ਅਤੇ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕੀਤੀ ਹੈ।

Leave a Reply

Your email address will not be published.