ਮੁੱਖ ਖਬਰਾਂ
Home / ਮੁੱਖ ਖਬਰਾਂ / ਸਾਰੀਆਂ ਸੀਟਾਂ ’ਤੇ ਹੂੰਝਾ ਫੇਰੇਗਾ ‘ਝਾੜੂ’: ਕੇਜਰੀਵਾਲ
AAP Supremo and Delhi CM Arvind Kejariwal along with Dy CM Manish Sisodia and MP Bhagwant Mann wave to crowed during a public rally at Barnala on Sunday.-- Tribune photo: Pawan sharma

ਸਾਰੀਆਂ ਸੀਟਾਂ ’ਤੇ ਹੂੰਝਾ ਫੇਰੇਗਾ ‘ਝਾੜੂ’: ਕੇਜਰੀਵਾਲ

Spread the love

ਬਰਨਾਲਾ-ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਰਨਾਲਾ ’ਚ ਵੱਡੀ ਰੈਲੀ ਕਰਕੇ ਸੂਬੇ ਅੰਦਰ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਪਾਰਟੀ ਛੱਡ ਕੇ ਗਏ ਆਗੂਆਂ ਨੂੰ ਸਖ਼ਤ ਸੁਨੇਹਾ ਵੀ ਦਿੱਤਾ। ਸੰਗਰੂਰ ਸੰਸਦੀ ਸੀਟ ਤੋਂ ਭਗਵੰਤ ਮਾਨ ਨੂੰ ਉਮੀਦਵਾਰ ਬਣਾਉਣ ਦਾ ਰਸਮੀ ਤੌਰ ’ਤੇ ਐਲਾਨ ਕਰਦਿਆਂ ਉਨ੍ਹਾਂ ਪੰਜਾਬੀਆਂ ਨੂੰ ਸਾਰੀਆਂ 13 ਸੀਟਾਂ ‘ਆਪ’ ਦੀ ਝੋਲੀ ’ਚ ਪਾਉਣ ਦੀ ਅਪੀਲ ਕੀਤੀ। ਭਗਵੰਤ ਮਾਨ ਦੇ ਸੋਹਲੇ ਗਾਉਂਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਸੰਸਦ ਵਿਚ ਪਹਿਲੀ ਵਾਰ ਪੁੱਜ ਕੇ ਅਕਾਲੀ, ਭਾਜਪਾ ਅਤੇ ਕਾਂਗਰਸ ਸੰਸਦ ਮੈਂਬਰਾਂ ਨਾਲੋਂ ਕਿਤੇ ਵੱਧ ਠੋਕਵੀਂ ਆਵਾਜ਼ ’ਚ ਪੰਜਾਬ ਦੇ ਮੁੱਦਿਆਂ ਨੂੰ ਉਠਾਇਆ। ਉਨ੍ਹਾਂ ਕਿਹਾ ਕਿ ਸਾਰੀਆਂ 13 ਸੀਟਾਂ ਜਿਤਾਉਣ ਨਾਲ ਸੂਬੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਸੰਸਦ ਵੀ ਠੱਪ ਕਰਨੀ ਪਈ ਤਾਂ ਭਗਵੰਤ ਮਾਨ ਉਹ ਵੀ ਕਰਨਗੇ। ਉਨ੍ਹਾਂ ਕਿਹਾ,‘‘ਪੰਜਾਬ
ਦੇ ਮਾੜੇ ਹਾਲਾਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਸੁਖਬੀਰ ਬਾਦਲ ਖ਼ਿਲਾਫ਼ ਭਗਵੰਤ ਮਾਨ ਨੇ ਚੋਣ ਲੜੀ ਪਰ ਅਕਾਲੀਆਂ ਅਤੇ ਕਾਂਗਰਸੀਆਂ ਨੇ ਰਲ ਕੇ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਹਰਾ ਦਿੱਤਾ।’’ ਉਨ੍ਹਾਂ ਕਿਹਾ ਕਿ ‘ਆਪ’ ਦੇ ਪੰਜਾਬ ਪ੍ਰਧਾਨ ਬਾਰੇ ਛੇਤੀ ਫ਼ੈਸਲਾ ਲਿਆ ਜਾਵੇਗਾ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦੇਸ਼ ’ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਜੋ ‘ਝਾੜੂ’ ਨੂੰ ਤੀਲਾ-ਤੀਲਾ ਕਰ ਦੇਵੇ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਦੌਰਾਨ ਉਨ੍ਹਾਂ ’ਤੇ ਚਾਰ ਜਾਨਲੇਵਾ ਹਮਲੇ ਹੋਏ ਅਤੇ ਦਿੱਲੀ ਸਰਕਾਰ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ ਪਰ ‘ਝਾੜੂ’ ਤੀਲਾ ਤੀਲਾ ਨਹੀਂ ਹੋਈ ਬਲਕਿ ਰੱਬ ਨੇ ਪਾਰਟੀ ਵਿਚ ਆਏ ਸੁਆਰਥੀਆਂ, ਅਹੁਦਿਆਂ ਤੇ ਟਿਕਟਾਂ ਦੇ ਲਾਲਚੀ ਤੱਤਾਂ ਨੂੰ ਸਾਫ਼ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਘੋਲ ਦਿੱਤਾ ਹੈ ਜੇਕਰ ਉਹ ਦੁਬਾਰਾ ਸੱਤਾ ਵਿਚ ਆਏ ਤਾਂ ਦੇਸ਼ ਦੇ ਟੁਕੜੇ ਹੋ ਜਾਣਗੇ। ਦੇਸ਼ ਨੂੰ ਬਚਾਉਣ ਲਈ ਭਾਜਪਾ ਵਿਰੋਧੀ ਪਾਰਟੀਆਂ ਮੋਦੀ ਨੂੰ ਹਰਾਉਣ ਲਈ ਇੱਕਜੁੱਟ ਹੋ ਰਹੀਆਂ ਹਨ।
ਕੈਪਟਨ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੁਕੰਮਲ ਕਰਜ਼ਾ ਮੁਆਫ਼ੀ, ਘਰ-ਘਰ ਰੁਜ਼ਗਾਰ, ਸਮਾਰਟ ਫੋਨਾਂ ਤੇ ਪੈਨਸ਼ਨ ਵਾਧੇ ਆਦਿ ਦੇ ਚੋਣਾਂ ’ਚ ਝੂਠੇ ਵਾਅਦੇ ਕੀਤੇ। ਦੋ ਸਾਲ ਬੀਤਣ ’ਤੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਦਲਿਤ ਤੇ ਪੱਛੜੇ ਵਰਗ ਸਭ ਤੋਂ ਵੱਧ ਦੁਖੀ ਹਨ। ਹਸਪਤਾਲ, ਸਕੂਲ, ਸੜਕਾਂ ਪ੍ਰਾਈਵੇਟ ਕੰਪਨੀਆਂ ਹਵਾਲੇ ਕੀਤੀਆਂ ਜਾ ਰਹੀਆਂ ਹਨ। ਆਪਣੀ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ‘ਪਾਗਲ’ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦਿਨ-ਰਾਤ ਮਿਹਨਤ ਕਰਕੇ ਸਰਕਾਰੀ ਸਕੂਲਾਂ ਦੀ ਕਾਇਆ ਪਲਟ ਦਿੱਤੀ ਹੈ। ਇਨ੍ਹਾਂ ਸਰਕਾਰੀ ਸਕੂਲਾਂ ਵਿਚ 90 ਫ਼ੀਸਦੀ ਤੋਂ ਜ਼ਿਆਦਾ ਬੱਚੇ ਪਾਸ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ’ਚ ਏਅਰ ਕੰਡੀਸ਼ਨ ਸਕੂਲ, ਹਸਪਤਾਲ, ਟੈਸਟ ਤੇ ਦਵਾਈਆਂ ਮੁਫ਼ਤ ਹਨ। ਇੱਥੋਂ ਤੱਕ ਕਿ 10-10 ਲੱਖ ਦੀ ਲਾਗਤ ਵਾਲੇ ਅਪਰੇਸ਼ਨ ਵੀ ਮੁਫ਼ਤ ਕੀਤੇ ਜਾਂਦੇ ਹਨ ਤੇ ਦਲਿਤ ਬੱਚਿਆਂ ਨੂੰ ਉੱਚ ਵਿੱਦਿਆ ਲਈ ਮੁਫ਼ਤ ਕੋਚਿੰਗ ਦਿੱਤੀ ਜਾਂਦੀ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਫੰਡਾਂ ਦਾ ਇੱਕ-ਇੱਕ ਪੈਸਾ ਸੁਚੱਜੇ ਢੰਗ ਨਾਲ ਖ਼ਰਚ ਕੀਤਾ। ਉਨ੍ਹਾਂ ਕੈਪਟਨ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਦਾ ਜ਼ਿਕਰ ਵੀ ਕੀਤਾ। ਸ੍ਰੀ ਮਾਨ ਨੇ ਕਿਹਾ ਕਿ ਬਾਦਲ ਕੇ ਨਫ਼ਰਤ ਦਾ ਪਾਤਰ ਬਣ ਗਏ ਹਨ, ਲੋਕ ਉਨ੍ਹਾਂ ਨੂੰ ਗੁਰੂ ਘਰਾਂ ਵਿੱਚੋਂ ਵੀ ਮੋੜੀ ਜਾਂਦੇ ਹਨ। ਇਸ ਮੌਕੇ ਅੰਮ੍ਰਿਤਸਰ ਤੋਂ ਐਲਾਨੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ, ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਵਜੋਤ, ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੁਰਮੀਤ ਸਿੰਘ ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਬਲਜੀਤ ਸਿੰਘ ਬਿਲਾਸਪੁਰ, ਕੁਲਤਾਰ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਜੈਕਿਸ਼ਨ ਸਿੰਘ ਰੋੜੀ, ਸਹਿ ਸੂਬਾ ਪ੍ਰਧਾਨ ਡਾ. ਬਲਵੀਰ ਸਿੰਘ ਪਟਿਆਲਾ ਆਦਿ ਨੇ ਵੀ ਸੰਬੋਧਨ ਕੀਤਾ। ਮੰਚ ’ਤੇ ਦਿੱਲੀ ਦੇ ਸਿੱਖਿਆ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਸਾਧੂ ਸਿੰਘ, ਬੁੱਧ ਸਿੰਘ ਬੁਢਲਾਡਾ, ਬਚਨ ਬੇਦਿਲ, ਅਮਨ ਅਰੋੜਾ, ਜਸਟਿਸ ਜ਼ੋਰਾ ਸਿੰਘ, ਪ੍ਰਿੰਸੀਪਲ ਪ੍ਰੇਮ ਕੁਮਾਰ ਫ਼ਿਲੌਰ ਆਦਿ ਹਾਜ਼ਰ ਸਨ।

Leave a Reply

Your email address will not be published.