ਮੁੱਖ ਖਬਰਾਂ
Home / ਭਾਰਤ / ਸ਼ਿਵ ਸੈਨਾ ਨੂੰ ਟੱਕਰ ਦੇਣ ਵਾਲਾ ਅਜੇ ਜੰਮਿਆ ਨਹੀਂ: ਊਧਵ ਠਾਕਰੇ

ਸ਼ਿਵ ਸੈਨਾ ਨੂੰ ਟੱਕਰ ਦੇਣ ਵਾਲਾ ਅਜੇ ਜੰਮਿਆ ਨਹੀਂ: ਊਧਵ ਠਾਕਰੇ

Spread the love

ਮੁੰਬਈ-ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਹਰਾਉਣ ਵਾਲਾ ਅਜੇ ਤੱਕ ਕੋਈ ਨਹੀਂ ਜੰਮਿਆ। ਉਨ੍ਹਾਂ ਇਹ ਟਿੱਪਣੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਉਸ ਬਿਆਨ ਤੋਂ ਬਾਅਦ ਕੀਤੀ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਆਗਾਮੀ ਚੋਣਾਂ ਤੋਂ ਪਹਿਲਾਂ ਜੇ ਗੱਠਜੋੜ ਹੋਂਦ ਵਿਚ ਨਹੀਂ ਆਉਂਦਾ ਤਾਂ ਵੀ ਭਾਜਪਾ ਪੁਰਾਣੇ ਭਾਈਵਾਲਾਂ ਨੂੰ ਮਾਤ ਦੇਣ ਦੇ ਸਮਰੱਥ ਹੈ। ਠਾਕਰੇ ਨੇ ਭਗਵਾਨ ਹਨੂੰਮਾਨ ਦੀ ਜਾਤ ਸਬੰਧੀ ਬਿਆਨਬਾਜ਼ੀ ਕਰਨ ਵਾਲਿਆਂ ਬਾਰੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਜੇ ਅਜਿਹਾ ਬਿਆਨ ਕਿਸੇ ਹੋਰ ਧਰਮ ਨਾਲ ਸਬੰਧਤ ਵਿਅਕਤੀ ਨੇ ਦਿੱਤਾ ਹੁੰਦਾ ਤਾਂ ਲੋਕ ਉਸ ਦੇ ਦੰਦ ਭੰਨ ਦਿੰਦੇ। ਜ਼ਿਕਰਯੋਗ ਹੈ ਕਿ ਸ਼ਾਹ ਨੇ ਕਿਹਾ ਸੀ ਕਿ ਜੇ ਗੱਠਜੋੜ ਕਾਇਮ ਰਹਿੰਦਾ ਤਾਂ ਉਹ ਭਾਈਵਾਲਾਂ ਦੀ ਜਿੱਤ ਲਈ ਕੰਮ ਕਰਨਗੇ, ਪਰ ਜੇ ਨਹੀਂ ਬਣਦਾ ਤਾਂ ਉਹ ਉਲਟ ਵੀ ਚੱਲ ਸਕਦੇ ਹਨ। ਠਾਕਰੇ, ਜਿਨ੍ਹਾਂ ਦੀ ਪਾਰਟੀ ਭਾਜਪਾ ਦੀ ਮਹਾਰਾਸ਼ਟਰ ਤੇ ਕੇਂਦਰ ’ਚ ਭਾਈਵਾਲ ਹੈ, ਨੇ ਕਿਹਾ ਕਿ ਉਨ੍ਹਾਂ ਕਿਸੇ ਦੇ ਮੂੰਹੋਂ ‘ਪਟਕ ਦੇਂਗੇ’ ਜਿਹੇ ਸਖ਼ਤ ਸ਼ਬਦ ਸੁਣੇ ਹਨ ਤੇ ਅਜਿਹਾ ਕਰਨ ਵਾਲਾ ਅਜੇ ਜੰਮਿਆ ਨਹੀਂ। ਉਹ ਇੱਥੇ ਵਰਲੀ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅਮਿਤ ਸ਼ਾਹ ਵੱਲੋਂ ਲੋਕ ਸਭਾ ਚੋਣਾਂ ਦੀ ਤੁਲਨਾ ਪਾਣੀਪਤ ਦੀ ਤੀਜੀ ਲੜਾਈ ਨਾਲ ਕਰਨ ’ਤੇ ਵੀ ਵਿਅੰਗ ਕੀਤਾ। ਠਾਕਰੇ ਨੇ ਕਿਹਾ ਕਿ ਜਦੋਂ ਪਾਰਟੀ ਲੋਕਾਂ ਦਾ ਭਰੋਸਾ ਗੁਆ ਲੈਂਦੀ ਹੈ ਤਾਂ ਉਸ ਦੀ ਹਾਰ ਤੈਅ ਹੈ। 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਮੋਦੀ ਦੀ ਹਵਾ’ ਚੱਲਣ ਬਾਰੇ ਉਨ੍ਹਾਂ ਕਿਹਾ ਕਿ ਸੈਨਾ ਨੇ ਅਜਿਹੀਆਂ ਕਈ ਹਵਾਵਾਂ ਦੇਖੀਆਂ ਹਨ।

Leave a Reply

Your email address will not be published.