ਮੁੱਖ ਖਬਰਾਂ
Home / ਭਾਰਤ / ਅਸਾਮ ’ਚ ਨਾਗਰਿਕਤਾ ਬਿੱਲ ਖ਼ਿਲਾਫ਼ ਮੁਜ਼ਾਹਰਿਆਂ ਨੇ ਜ਼ੋਰ ਫੜਿਆ
Guwahati: Guwahati Commerce College students stage a protest and raise slogans against Citizenship (Amendment) Bill, in Guwahati, Friday, Jan 11, 2019. (PTI Photo) (PTI1_11_2019_000064A)

ਅਸਾਮ ’ਚ ਨਾਗਰਿਕਤਾ ਬਿੱਲ ਖ਼ਿਲਾਫ਼ ਮੁਜ਼ਾਹਰਿਆਂ ਨੇ ਜ਼ੋਰ ਫੜਿਆ

Spread the love

ਗੁਹਾਟੀ-ਆਈਆਈਟੀ-ਗੁਹਾਟੀ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਨਾਗਰਿਕਤਾ ਬਿੱਲ ਖ਼ਿਲਾਫ਼ ਅਸਾਮ ਵਿੱਚ ਜਾਰੀ ਰੋਸ ਮੁਜ਼ਾਹਰਿਆਂ ਨੇ ਜ਼ੋਰ ਫੜ੍ਹ ਲਿਆ। ਕਬਾਇਲੀ ਜਥੇਬੰਦੀਆਂ ਵੱਲੋਂ ਬੋਡੋਲੈਂਡ ਪ੍ਰਦੇਸ਼ਕ ਖੇਤਰਾਂ ਵਾਲੇ ਜ਼ਿਲ੍ਹਿਆਂ ਵਿੱਚ ਦਿੱਤੇ 12 ਘੰਟੇ ਦੇ ਅਸਾਮ ਬੰਦ ਦੇ ਸੱਦੇ ਤਹਿਤ ਪ੍ਰਦਰਸ਼ਨਕਾਰੀਆਂ ਨੇ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਨ ਲਈ ਥਾਂ ਥਾਂ ਟਾਇਰ ਸਾੜੇ ਤੇ ਰੁੱਖ ਕੱਟ ਕੇ ਸੜਕੀ ਆਵਾਜਾਈ ’ਚ ਅੜਿੱਕਾ ਪਾਇਆ। ਅਸਾਮ ਦੀਆਂ ਕਬਾਇਲੀ ਜਥੇਬੰਦੀਆਂ ਦੀ ਕੋਆਰਡੀਨੇਸ਼ਨ ਕਮੇਟੀ ਨੇ ਬੰਦ ਦਾ ਸੱਦਾ ਰਾਜ ਦੇ ਛੇ ਨਸਲੀ ਭਾਈਚਾਰਿਆਂ ਨੂੰ ਅਨੁਸੂਚਿਤ ਕਬੀਲੇ (ਐਸਟੀ) ਦਾ ਦਰਜਾ ਦੇਣ ਲਈ ਪੇਸ਼ ਬਿੱਲ ਖ਼ਿਲਾਫ਼ ਦਿੱਤਾ ਸੀ। ਇਸ ਦੌਰਾਨ ਸਿਲਚਰ ਵਿੱਚ ਅਸਾਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਿੱਲ ਦੀ ਹਮਾਇਤ ਕੀਤੀ ਹੈ। ਉਧਰ ਸੀਨੀਅਰ ਕਾਂਗਰਸ ਆਗੂ ਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਨਾਗਰਿਕਤਾ (ਸੋਧ) ਬਿੱਲ ਵਾਪਸ ਨਾ ਲਿਆ ਤਾਂ ਉਹ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਅਦਾਲਤੀ ਗ੍ਰਿਫ਼ਤਾਰੀ ਦੀ ਧਮਕੀ ਦੀ ਦਿੱੱਤੀ।
ਜਾਣਕਾਰੀ ਅਨੁਸਾਰ ਬੋਡੋਲੈਂਡ ਪ੍ਰਦੇਸ਼ਕ ਖੇਤਰ ਵਾਲੇ ਜ਼ਿਲ੍ਹਿਆਂ ਜਿਵੇਂ ਕੋਕਰਾਝਾਰ, ਉਡਲਗੁੜੀ, ਬਕਸਾ ਤੇ ਚਿਰਾਂਗ, ਬੌਂਗਾਏਗਾਓਂ ਅਤੇ ਕਬਾਇਲੀ ਬਹੁਗਿਣਤੀ ਵਾਲੇ ਇਲਾਕਿਆਂ ਜਿਵੇਂ ਮੋਰੀਗਾਓਂ, ਨਗਾਓਂ, ਹੋਜਾਈ, ਦੀਮਾ ਹਸਾਓ ਤੇ ਕਾਰਬੀ ਐਂਗਲੌਂਗ ਜ਼ਿਲ੍ਹਿਆਂ ਵਿੱਚ ਪੂਰੀ ਤਰ੍ਹਾਂ ਬੰਦ ਰਿਹਾ। ਬੰਦ ਦੇ ਹਮਾਇਤੀਆਂ ਨੇ ਕੌਮੀ ਸ਼ਾਹਰਾਹ ਰੋਕ ਕੇ ਆਵਾਜਾਈ ਵਿੱਚ ਵਿਘਨ ਪਾਇਆ। ਪੁਲੀਸ ਮੁਤਾਬਕ ਐਨਐਚ 36 ’ਤੇ ਟਰੱਕ ਕਈ ਘੰਟਿਆਂ ਤਕ ਫਸੇ ਰਹੇ। ਬੰਦ ਦੌਰਾਨ ਜਿੱਥੇ ਸੜਕਾਂ ’ਤੇ ਵਾਹਨ ਨਜ਼ਰ ਨਹੀਂ ਆਏ, ਉਥੇ ਦੁਕਾਨਾਂ, ਮਾਰਕੀਟ, ਸਿੱਖਿਆ ਸੰਸਥਾਵਾਂ, ਬੈਂਕ ਤੇ ਨਿੱਜੀ ਅਦਾਰੇ ਬੰਦ ਰਹੇ। ਸਰਕਾਰੀ ਟਰਾਂਸਪੋਰਟ ਬੰਦ ਹੋਣ ਕਰਕੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਵੀ ਘੱਟ ਰਹੀ। ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਦੇ ਚਲਦਿਆਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਬੰਦ ਨੂੰ ਦੀਮਾਸਾ ਵਿਦਿਆਰਥੀ ਯੂਨੀਅਨ, ਹਮਾਰ ਵਿਦਿਆਰਥੀ ਐਸੋਸੀਏਸ਼ਨ ਸਮੇਤ ਹੋਰ ਕਈ ਵਿਦਿਆਰਥੀ ਯੂਨੀਅਨਾਂ ਨੇ ਹਮਾਇਤ ਦਿੱਤੀ।
ਇਸ ਦੌਰਾਨ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਪਿੱਤਰੀ ਹਲਕੇ ਮਜੁਲੀ ਵਿੱਚ ‘ਅਸਮੀਆ ਯੁਵਾ ਮੰਚ’ ਦੇ ਵਾਲੰਟੀਅਰਾਂ ਨੇ ਬਿੱਲ ਦੇ ਵਿਰੋਧ ’ਚ ਸਿਰ ਮੁੰਡਵਾ ਲਏ। ਐਨਐਸਯੂਆਈ ਦੇ ਕਾਰਕੁਨਾਂ ਨੇ ਵੀ ਬਿੱਲ ਦਾ ਵਿਰੋਧ ਕੀਤਾ। ਗੁਹਾਟੀ ਦੇ ਰਾਧਾ ਗੋਵਿੰਦਾ ਬਰੁਆ ਰੋਡ ਸਥਿਤ ਕਾਮਰਸ ਕਾਲਜ ਅੱਗੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਸਰਬਾਨੰਦ ਸੋਨਵਾਲ ਤੇ ਵਿੱਤ ਮੰਤਰੀ ਹਿਮਾਂਤਾ ਬਿਸਵਾ ਦੇ ਇਸ ਰਸਤਿਓਂ ਲੰਘਣ ’ਤੇ ਰੋਕ ਲਾ ਦਿੱਤੀ।
ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ (ਕੇਐਮਐਸਐਸ) ਦੇ ਸਲਾਹਕਾਰ ਅਖਿਲ ਗੋਗੋਈ ਨੇ ਕਿਹਾ ਉਹ ਬਿੱਲ ਦੇ ਵਿਰੋਧ ’ਚ ਅਗਾਮੀ ਮਾਘ ਬੀਹੂ ਮੇਲੇ (14 ਜਨਵਰੀ ਨੂੰ) ਦੌਰਾਨ ਇਕ ਦਿਨ ਦੀ ਭੁੱਖ ਹਤੜਾਲ ਕਰਨਗੇ। ਗੋਗੋਈ ਨੇ ਕਿਹਾ ਕਿ ਤਜਵੀਜ਼ਤ ਬਿੱਲ ਨੂੰ ਖ਼ਤਮ ਕੀਤੇ ਜਾਣ ਤਕ ਪ੍ਰਦਰਸ਼ਨ ਜਾਰੀ ਰਹੇਗਾ।

Leave a Reply

Your email address will not be published.