ਮੁੱਖ ਖਬਰਾਂ
Home / ਮੁੱਖ ਖਬਰਾਂ / ‘ਮਨ ਕੀ ਬਾਤ’ ਸੁਣਾਉਣੀ ਨਹੀਂ ਸੁਣਨੀ ਚਾਹਾਂਗਾ: ਰਾਹੁਲ
Dubai: Congress President Rahul Gandhi at Indian Business and Professional Council Meeting, in Dubai, Friday, Jan 11, 2019. (AICC Photo via PTI) (PTI1_11_2019_000094B)

‘ਮਨ ਕੀ ਬਾਤ’ ਸੁਣਾਉਣੀ ਨਹੀਂ ਸੁਣਨੀ ਚਾਹਾਂਗਾ: ਰਾਹੁਲ

Spread the love

ਦੁਬਈ-ਇੱਥੇ ਭਾਰਤੀ ਕਾਮਿਆਂ ਨਾਲ ਗੱਲਬਾਤ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕਸਦਿਆਂ ਕਿਹਾ ਕਿ ਉਹ ਇੱਥੇ ਆਪਣੀ ‘ਮਨ ਕੀ ਬਾਤ’ ਸੁਣਾਉਣੀ ਨਹੀਂ, ਬਲਕਿ ਇੱਥੇ ਕੰਮ ਕਰਦੇ ਭਾਰਤੀਆਂ ਦੀਆਂ ਸਮੱਸਿਆਵਾਂ ਸੁਣਨਾ ਚਾਹੁਣਗੇ। ਉਹ ਇੱਥੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ’ਤੇ ਆਏ ਹੋਏ ਹਨ। ਲੰਘੇ ਦਿਨੀਂ ਉਨ੍ਹਾਂ ਦਾ ਭਾਰਤੀ ਪਰਵਾਸੀਆਂ ਵੱਲੋਂ ਦੁਬਈ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ ਸੀ।
ਸ੍ਰੀ ਗਾਂਧੀ ਨੇ ਸਖ਼ਤ ਮਿਹਨਤ ਸਦਕਾ ਯੂਏਈ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਭਾਰਤੀ ਕਾਮਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਜ਼ਦੂਰਾਂ ਨੂੰ ਪੇਸ਼ ਆਉਂਦੀਆਂ ਦਿੱਕਤਾਂ ਜਾਣਦੀ ਹੈ ਅਤੇ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਕਾਮਿਆਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਸਾਰਾ ਦਿਨ ਕੰਮ ਕਰਦੇ ਹਨ ਅਤੇ ਪੈਸੇ ਕਮਾ ਕੇ ਆਪਣੇ ਘਰ ਭੇਜਦੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ।
ਇੱਥੋਂ ਦੀ ਜਾਬੇਲ ਅਲੀ ਮਜ਼ਦੂਰ ਕਲੋਨੀ ਵਿੱਚ ਭਾਰਤੀ ਕਾਮਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ, ‘‘ਇਹ ਜੋ ਤੁਸੀਂ ਇੱਥੇ ਏਨੇ ਵੱਡੇ ਪੱਧਰ ’ਤੇ ਵਿਕਾਸ ਦੇਖ ਰਹੇ ਹੋ, ਇਹ ਉੱਚੀਆਂ ਇਮਾਰਤਾਂ, ਵੱਡੇ ਵੱਡੇ ਹਵਾਈਅੱਡੇ ਅਤੇ ਮੈਟਰੋ, ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਤੁਸੀਂ ਇਸ ਸ਼ਹਿਰ ਦੇ ਵਿਕਾਸ ਲਈ ਆਪਣਾ ਖ਼ੂਨ, ਪਸੀਨਾ ਤੇ ਸਮਾਂ ਦਿੱਤਾ ਹੈ ਅਤੇ ਆਪਣੀ ਇਸ ਮਿਹਨਤ ਸਦਕਾ ਤੁਸੀਂ ਸਾਰੇ ਭਾਰਤੀਆਂ ਦਾ ਸਿਰ ਉੱਚਾ ਕੀਤਾ ਹੈ।’’
ਕਾਂਗਰਸੀ ਆਗੂ ਨੇ ਕਿਹਾ ਕਿ ਉਹ ਵੀ ਉਨ੍ਹਾਂ ਵਾਂਗ ਹੀ ਇਕ ਆਮ ਵਿਅਕਤੀ ਹਨ ਅਤੇ ਉਨ੍ਹਾਂ ਨਾਲ ਹਮੇਸ਼ਾਂ ਖੜ੍ਹੇ ਰਹਿਣਗੇ। ਆਗਾਮੀ ਲੋਕ ਸਭਾ ਚੋਣਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਅਸੀਂ ਜਿੱਤਣ ਜਾ ਰਹੇ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਜਿੱਤ ਕੇ ਸੱਤਾ ਵਿੱਚ ਆ ਜਾਂਦੀ ਹੈ ਤਾਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇਗਾ।
ਪਿਛਲੇ ਸਾਢੇ ਚਾਰ ਸਾਲਾਂ ਵਿੱਚ ਅਸਹਿਣਸ਼ੀਲਤਾ ਦਾ ਗਵਾਹ ਹੈ ਭਾਰਤ: ਰਾਹੁਲ
ਦੁਬਈ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਯੂਏਈ ਵੱਲੋਂ ਸਾਲ 2019 ਨੂੰ ‘ਸਹਿਣਸ਼ੀਲਤਾ ਵਰ੍ਹਾ’ ਐਲਾਨੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਕ ਪਾਸੇ ਜਿੱਥੇ ਸੰਯੁਕਤ ਅਰਬ ਅਮੀਰਾਤ ਵੱਲੋਂ ਇਸ ਵਰ੍ਹੇ ਨੂੰ ‘ਸਹਿਣਸ਼ੀਲਤਾ ਵਰ੍ਹੇ’ ਵਜੋਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਭਾਰਤ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਹੋਈ ਅਸਹਿਣਸ਼ੀਲਤਾ ਦਾ ਗਵਾਹ ਹੈ। ਉਹ ਇੱਥੇ ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ।

Leave a Reply

Your email address will not be published.