ਮੁੱਖ ਖਬਰਾਂ
Home / ਭਾਰਤ / ਸਾਰੇ ਪ੍ਰਧਾਨ ਮੰਤਰੀ ਹੀ ‘ਐਕਸੀਡੈਂਟਲ’: ਮਮਤਾ ਬੈਨਰਜੀ

ਸਾਰੇ ਪ੍ਰਧਾਨ ਮੰਤਰੀ ਹੀ ‘ਐਕਸੀਡੈਂਟਲ’: ਮਮਤਾ ਬੈਨਰਜੀ

Spread the love

ਕੋਲਕਾਤਾ/ਇੰਦੌਰ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਮ ਚੋਣਾਂ ਨੇੜੇ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਰਿਲੀਜ਼ ’ਤੇ ਸਵਾਲ ਉਠਾਉਂਦਿਆਂ ਵਿਅੰਗ ਕੀਤਾ ਕਿ ਸਾਰੇ ਪ੍ਰਧਾਨ ਮੰਤਰੀ ਹੀ ‘ਐਕਸੀਡੈਂਟਲ’ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਫ਼ਿਲਮਾਂ ਵਿਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਤੇ ਇਹ ਭਰੋਸੇਯੋਗ ਨਹੀਂ ਹੁੰਦੀਆਂ। ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ‘ਦਿ ਡਿਜ਼ਾਸਟਰਸ ਪ੍ਰਾਈਮ ਮਨਿਸਟਰ’ ਮੌਜੂਦਾ ਪ੍ਰਧਾਨ ਮੰਤਰੀ ਉੱਤੇ ਬਣਾਈ ਜਾ ਸਕਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਵੇਂ ਕਾਂਗਰਸ ਨਾਲ ਟੀਐੱਮਸੀ ਦੇ ਵਿਚਾਰਧਾਰਕ ਵਖ਼ਰੇਵੇਂ ਹਨ, ਪਰ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਜਿਹੀਆਂ ਫ਼ਿਲਮਾਂ ਨੈਤਿਕ ਮਿਆਰਾਂ ’ਤੇ ਖ਼ਰੀਆਂ ਨਹੀਂ ਉਤਰੀਆਂ।
ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦਾ ਪਹਿਲਾ ਸ਼ੋਅ ਦੇਖਣ ਲਈ ਬੈਂਡ-ਬਾਜੇ ਨਾਲ ਪੁੱਜੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਕਾਰਕੁਨਾਂ ਨੇ ਅੱਜ ਇੰਦੌਰ ਦੇ ਇਕ ਮਲਟੀਪਲੈਕਸ ਦੇ ਬਾਹਰ ਹੰਗਾਮਾ ਕੀਤਾ। ਯੁਵਾ ਮੋਰਚਾ ਦੇ ਆਗੂ ਨੇ ਕਿਹਾ ਕਿ ਕਾਂਗਰਸ ਦੀ ਹਮਾਇਤ ਪ੍ਰਾਪਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਨੇ ਥੀਏਟਰ ਮਾਲਕਾਂ ਨੂੰ ਫ਼ਿਲਮ ਦੀ ਸਕ੍ਰੀਨਿੰਗ ਖ਼ਿਲਾਫ਼ ਚਿਤਾਵਨੀ ਦਿੱਤੀ ਸੀ। ਇਸ ਲਈ ਉਹ ਵੱਡੇ ਇਕੱਠ ਦੇ ਰੂਪ ਵਿਚ ਫ਼ਿਲਮ ਦੇਖਣ ਆਏ। ਉਨ੍ਹਾਂ ਇਸ ਮੌਕੇ ਮੁੱਖ ਮੰਤਰੀ ਕਮਲ ਨਾਥ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੋਲਕਾਤਾ ਵਿਚ ਯੂਥ ਕਾਂਗਰਸ ਦੇ ਵਰਕਰਾਂ ਨੇ ਇਕ ਸਿਨੇਮਾ ਹਾਲ ਅੱਗੇ ਫ਼ਿਲਮ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਹਾਲਾਂਕਿ ਪੱਛਮੀ ਬੰਗਾਲ ਦੀ ਕਾਂਗਰਸ ਇਕਾਈ ਨੇ ਇਸ ਨੂੰ ਹਮਾਇਤ ਨਹੀਂ ਦਿੱਤੀ ਤੇ ਕਿਹਾ ਕਿ ਪਾਰਟੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੀ ਹਾਮੀ ਹੈ। ਕਾਂਗਰਸ ਵਰਕਰਾਂ ਨੇ ਫ਼ਿਲਮ ਦੇ ਪੋਸਟਰ ਵੀ ਇਸ ਮੌਕੇ ਸਾੜੇ ਤੇ ਅਦਾਕਾਰਾਂ ਅਤੇ ਨਿਰਮਾਤਾਵਾਂ ਖ਼ਿਲਾਫ਼ ਵੀ ਰੋਹ ਪ੍ਰਗਟਾਇਆ।

Leave a Reply

Your email address will not be published.