ਮੁੱਖ ਖਬਰਾਂ
Home / ਮੁੱਖ ਖਬਰਾਂ / ਕਾਤਲ ਵੀ ਨਿੱਕਲਿਆ ਬਲਾਤਕਾਰੀ ਬਾਬਾ, CBI ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

ਕਾਤਲ ਵੀ ਨਿੱਕਲਿਆ ਬਲਾਤਕਾਰੀ ਬਾਬਾ, CBI ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

Spread the love

ਚੰਡੀਗੜ੍ਹ-ਹਰਿਆਣਾ ਦੀ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਮ ਰਹੀਮ ਨਾਲ ਡੇਰਾ ਸਿਰਸਾ ਦੇ ਮੈਨੇਜਰ ਸਮੇਤ ਦੋ ਡੇਰਾ ਪ੍ਰੇਮੀਆਂ ਨੂੰ ਵੀ ਕਤਲ ਮਾਮਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ। ਤਿੰਨਾਂ ਨੂੰ ਸਜ਼ਾ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਵੇਗਾ। ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ 17 ਸਾਲ ਬਾਅਦ ਪਿਤਾ ਦੇ ਕਤਲ ਦਾ ਨਿਆਂ ਮਿਲਣ ‘ਤੇ ਤਸੱਲੀ ਪ੍ਰਗਟਾਈ ਤੇ ਜੱਜ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।

ਸੀਬੀਆਈ ਜੱਜ ਜਗਦੀਪ ਸਿੰਘ ਨੇ ਚਾਰਾਂ ਵਿਰੁੱਧ ਫੈਸਲਾ ਸੁਣਾਉਂਦਿਆਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਡੇਰੇ ਦੇ ਮੈਨੇਜਰ ਕ੍ਰਿਸ਼ਨ ਲਾਲ ਤੇ ਡੇਰੇ ਦੇ ਕਾਰੀਗਰ ਨਿਰਮਲ ਤੇ ਕੁਲਦੀਪ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਕੁਲਦੀਪ ਤੇ ਨਿਰਮਲ ਨੂੰ ਕਤਲ ਕਰਨ ਤੇ ਡੇਰਾ ਮੁਖੀ ਰਾਮ ਰਹੀਮ ਨੂੰ ਹੱਤਿਆ ਦੀ ਸਾਜ਼ਿਸ਼ ਰਚਣ ਤੇ ਮੈਨੇਜਰ ਕ੍ਰਿਸ਼ਨ ਲਾਲ ਨੂੰ ਆਰਮਜ਼ ਐਕਟ ਤਹਿਤ ਦੋਸ਼ੀ ਪਾਇਆ ਗਿਆ ਹੈ। ਛੱਤਰਪਤੀ ਨੂੰ ਗੋਲ਼ੀ ਕ੍ਰਿਸ਼ਨ ਕੁਮਾਰ ਦੇ ਪਿਸਤੌਲ ਨਾਲ ਹੀ ਮਾਰੀ ਗਈ ਸੀ।

ਡੇਰਾ ਮੁਖੀ ਸਮੇਤ ਚਾਰਾਂ ਨੂੰ ਮੁਜਰਮ ਠਹਿਰਾਏ ਜਾਣ ਲਈ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਖੱਟਾ ਸਿੰਘ ਆਪਣੇ ਬਿਆਨਾਂ ਤੋਂ ਪਿੱਛੇ ਹਟ ਗਿਆ ਸੀ, ਪਰ ਸਾਲ 2017 ਦੌਰਾਨ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਜਾਣ ਮਗਰੋਂ ਉਸ ਨੇ ਫਿਰ ਤੋਂ ਆਪਣੇ ਬਿਆਨ ਦਰਜ ਕਰਨ ਲਈ ਅਦਾਲਤ ਤਕ ਪਹੁੰਚ ਕੀਤੀ ਸੀ। ਉਸ ਨੇ ਸਜ਼ਾ ਤੋਂ ਬਾਅਦ ਬਿਆਨ ਵੀ ਦਿੱਤਾ ਕਿ ਛੱਤਰਪਤੀ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲੀ ਹੈ।

ਸੀਬੀਆਈ ਅਦਾਲਤ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਭੁਗਤੀ ਹੈ। ਜੱਜ ਵੱਲੋਂ ਫੈਸਲਾ ਸੁਣਾਏ ਜਾਣ ਸਮੇਂ ਉਸ ਨੇ ਆਪਣਾ ਸਿਰ ਝੁਕਾ ਲਿਆ। ਰਾਮ ਰਹੀਮ ਦੇ ਦਾੜ੍ਹੀ ਦੇ 70% ਵਾਲ ਸਫੇਦ ਹੋ ਚੁੱਕੇ ਹਨ। ਫੈਸਲੇ ਉਪਰੰਤ ਸੀਬੀਆਈ ਦੇ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਮ ਰਹੀਮ ਸਮੇਤ ਬਾਕੀ ਸਾਰਿਆਂ ਨੂੰ 17 ਜਨਵਰੀ ਨੂੰ ਹੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ।

ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਅਤੇ ਅਦਾਲਤ ਨੇ ਬਾਕੀ ਤਿੰਨਾਂ ਦੋਸ਼ੀਆਂ ਨੂੰ ਅੰਬਾਲਾ ਜੇਲ੍ਹ ਭੇਜ ਦਿੱਤਾ ਹੈ। ਇਸ ਬਾਰੇ ਹਾਲੇ ਅਦਾਲਤ ਤੈਅ ਕਰੇਗੀ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਲਈ ਜੱਜ ਰੋਹਤਕ ਜਾਣਗੇ ਜਾਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਕਾਨੂੰਨੀ ਮਾਹਰਾਂ ਦੀ ਮੰਨੀਏ ਤਾਂ ਰਾਮ ਰਹੀਮ ਨੂੰ 10 ਸਾਲ ਤੋਂ ਲੈਕੇ ਉਮਰ ਕੈਦ ਤਕ ਦੀ ਸਜ਼ਾ ਹੋ ਸਕਦੀ ਹੈ। ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 28 ਅਗਸਤ 2017 ਨੂੰ ਰਾਮ ਰਹੀਮ ਨੂੰ 10-10 ਸਾਲ ਯਾਨੀ ਕੁੱਲ 20 ਸਾਲ ਦੀ ਸਜ਼ਾ ਦੇ ਨਾਲ 30 ਲੱਖ ਰੁਪਏ ਜ਼ੁਰਮਾਨਾ ਵੀ ਹੋਇਆ ਸੀ।

ਰਾਮ ਰਹੀਮ ਨੂੰ ਦੋਸ਼ੀ ਐਲਾਨੇ ਜਾਣ ਨੂੰ ਤਕਰੀਬਨ ਘੰਟਾ ਹੋ ਗਿਆ ਹੈ ਅਤੇ ਹਾਲੇ ਤਕ ਕਿਸੇ ਵੀ ਕਿਸੇ ਹਿੰਸਾ ਦੀ ਖ਼ਬਰ ਨਹੀਂ ਆਈ ਹੈ। ਪਿਛਲੀ ਵਾਰ 25 ਅਗਸਤ 2017 ਨੂੰ ਰਾਮ ਰਹੀਮ ਦੇ ਪ੍ਰੇਮੀਆਂ ਨੇ ਕਾਫੀ ਹਿੰਸਾ ਤੇ ਅੱਗਜ਼ਨੀ ਕੀਤੀ ਸੀ। ਪਰ ਬਲਾਤਕਾਰੀ ਸਾਬਤ ਹੋਣ ਤੋਂ ਬਾਅਦ ਆਪੂੰ ਰੱਬ ਬਣੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ ਕਾਤਲ ਵੀ ਗਰਦਾਨਿਆ ਗਿਆ ਹੈ। ਅਜਿਹੇ ਵਿਅਕਤੀ ਦੇ ਪਿੱਛੇ ਲੱਗਣ ਵਾਲੇ ਅੰਨ੍ਹੇ ਭਗਤਾਂ ਨੂੰ ਸੰਭਲਣ ਦੀ ਲੋੜ ਹੈ।

Leave a Reply

Your email address will not be published.