ਮੁੱਖ ਖਬਰਾਂ
Home / ਭਾਰਤ / ਮੇਰੀਕੌਮ ਬਣੀ ਦੁਨੀਆਂ ਦੀ ਨੰਬਰ ਇਕ ਮੁੱਕੇਬਾਜ਼

ਮੇਰੀਕੌਮ ਬਣੀ ਦੁਨੀਆਂ ਦੀ ਨੰਬਰ ਇਕ ਮੁੱਕੇਬਾਜ਼

Spread the love

ਨਵੀਂ ਦਿੱਲੀ-‘ਮੈਗਨੀਫੀਸ਼ੈਂਟ ਮੇਰੀ’ ਦੇ ਨਾਂਅ ਨਾਲ ਮਸ਼ਹੂਰ ਭਾਰਤ ਦੀ ਮਹਿਲਾ ਮੁੱਕੇਬਾਜ਼ ਪਿਛਲੇ ਸਾਲ ਛੇਵੇਂ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਦੀ ਬਦੌਲਤ ਅੰਤਰਰਾਸ਼ਟਰੀ ਮੁੱਕੇਬਾਜ਼ੀ ਐਸੋਸੀਏਸ਼ਨ ਦੀ ਆਲਮੀ ਦਰਜਾਬੰਦੀ ਵਿਚ ਨੰਬਰ ਇਕ ਉੱਤੇ ਪੁੱਜ ਗਈ ਹੈ। ਮਨੀਪੁਰ ਦੀ ਇਸ ਮੁੱਕੇਬਾਜ਼ ਨੇ ਪਿਛਲੇ ਸਾਲ ਨਵੰਬਰ ਮਹੀਨੇ ਦਿੱਲੀ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਦਿਆਂ 48 ਕਿਲੋਗ੍ਰਾਮ ਵਰਗ ਦੇ ਵਿਚ ਖ਼ਿਤਾਬ ਜਿੱਤਿਆ ਸੀ। ਇਸ ਦੇ ਨਾਲ ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ ਹੈ। ਏਆਈਬੀਏ ਦੀ ਅੱਪਡੇਟ ਕੀਤੀ ਦਰਜਾਬੰਦੀ ਵਿਚ ਮੇਰੀਕਾਮ ਨੇ ਆਪਣੇ ਵਜ਼ਨ ਵਿਚ 1700 ਅੰਕ ਲੈ ਕੇ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ। ਮੇਰੀਕੌਮ ਨੂੰ 2020 ਓਲੰਪਿਕ ਖੇਡਣ ਦੇ ਸੁਪਨੇ ਨੂੰ ਪੂਰਾ ਕਰਨ ਲਈ 51 ਕਿਲੋਗ੍ਰਾਮ ਭਾਰ ਵਰਗ ਦੇ ਵਿਚ ਖੇਡਣਾ ਹੋਵੇਗਾ ਕਿਉਂਕਿ 48 ਕਿਲੋਗ੍ਰਾਮ ਭਾਰ ਵਰਗ ਅਜੇ ਤੱਕ ਓਲੰਪਿਕ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਤਿੰਨ ਬੱਚਿਆਂ ਦੀ ਮਾਂ ਮੇਰੀਕੌਮ ਦੇ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ ਕਿ 36 ਸਾਲ ਦੀ ਉਮਰ ਵਿਚ ਵੀ ਦੁਨੀਆਂ ਦੇ ਮੁੱਕੇਬਾਜ਼ੀ ਨਕਸ਼ੇ ਉੱਤੇ ਭਾਰਤ ਦੇ ਨਾਂਅ ਨੂੰ ਚਮਕਾਅ ਰਹੀ ਹੈ। ਉਸ ਨੇ 2018 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਅਰਸੇ ਦੌਰਾਨ ਉਸਨੇ ਵਿਸ਼ਵ ਚੈਂਪੀਅਨਸ਼ਿਪ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਅਤੇ ਪੋਲੈਂਡ ਵਿਚ ਹੋਏ ਇੱਕ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ਉਸ ਨੇ ਬੁਲਗਾਰੀਆ ਵਿਚ ਵਕਾਰੀ ਸਟੈਂਡਰਜਾ ਮੈਮੋਰੀਅਲ ਟੂਰਨਾਮੈਂਟ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹੋਰਨਾਂ ਭਾਰਤੀ ਖਿਡਾਰਨਾਂ ਦੇ ਵਿਚ ਪ੍ਰੀਤੀ ਜਾਂਗੜਾ (51ਕਿਲੋਗ੍ਰਾਮ) ਅੱਠਵੇਂ ਸਥਾਨ ਉੱਤੇ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜੇਤੂ ਸੋਨੀਆ ਲਾਠਰ 57 ਕਿਲੋਗ੍ਰਾਮ ਵਿਚ ਦੂਜੇ ਸਥਾਨ ਉੱਤੇ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜੇਤੂ ਸਿਮਰਨਜੀਤ ਕੌਰ 64 ਕਿਲੋਗ੍ਰਾਮ, ਜੋ ਹਾਲ ਹੀ ਦੌਰਾਨ ਕੌਮੀ ਚੈਂਪੀਅਨ ਬਣੀ ਹੈ, ਚੌਥੇ ਸਥਾਨ ਉੱਤੇ ਹੈ। ਸਾਬਕਾ ਵਿਸ਼ਵ ਚੈਂਪੀਅਨ ਸਰਿਤਾ ਦੇਵੀ 16ਵੇਂ ਸਥਾਨ ਉੱਤੇ ਹੈ। ਲਵਲੀਨਾ ਬਰਗੋਹੇਨ 69 ਕਿਲੋਗ੍ਰਾਮ ਵਰਗ ਵਿਚ ਪੰਜਵੇਂ ਸਥਾਨ ਉੱਤੇ ਹੈ। ਪੁਰਸ਼ਾਂ ਦੀ ਦਰਜਾਬੰਦੀ ਅਪਡੇਟ ਨਹੀਂ ਹੋਈ। –

Leave a Reply

Your email address will not be published.