ਮੁੱਖ ਖਬਰਾਂ
Home / ਭਾਰਤ / ਕੌਮੀ ਮਹਿਲਾ ਕਮਿਸ਼ਨ ਨੇ ਰਾਹੁਲ ਨੂੰ ਨੋਟਿਸ ਭੇਜਿਆ

ਕੌਮੀ ਮਹਿਲਾ ਕਮਿਸ਼ਨ ਨੇ ਰਾਹੁਲ ਨੂੰ ਨੋਟਿਸ ਭੇਜਿਆ

Spread the love

ਨਵੀਂ ਦਿੱਲੀ-ਨੈਸ਼ਨਲ ਕਮਿਸ਼ਨ ਫਾਰ ਵਿਮੈੱਨ (ਐੱਨਸੀਡਬਲਿਊ) ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਜੈਪੁਰ ਦੀ ਇਕ ਰੈਲੀ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਬਾਰੇ ਅਪਮਾਨਜਨਕ ਤੇ ਭੱਦੀ ਟਿੱਪਣੀ ਕਰਨ ਉਤੇ ਨੋਟਿਸ ਜਾਰੀ ਕੀਤਾ ਹੈ। ਦੂਜੇ ਪਾਸੇ ਕਾਂਗਰਸ ਨੇ ਕਮਿਸ਼ਨ ਦੀ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।
ਕਮਿਸ਼ਨ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਿਚ 9 ਜਨਵਰੀ ਨੂੰ ਨਸ਼ਰ ਹੋਈਆਂ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਗਾਂਧੀ ਨੇ ਮਹਿਲਾ ਮੰਤਰੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਟਵੀਟ ਕੀਤਾ, ‘’ਰਾਹੁਲ ਗਾਂਧੀ ਆਪਣੇ ਔਰਤਾਂ ਵਿਰੋਧੀ ਬਿਆਨ ਕਿ ਏਕ ਮਹਿਲਾ ਸੇ ਕਹਾ ਮੇਰੀ ਰਕਸ਼ਾ ਕੀਜੀਏ, ਰਾਹੀਂ ਕਹਿਣਾ ਕੀ ਚਾਹੁੰਦੇ ਹਨ। ਕੀ ਉਹ ਇਹ ਸੋਚਦੇ ਹਨ ਕਿ ਔਰਤਾਂ ਕਮਜ਼ੋਰ ਹਨ?’’ ਉਨ੍ਹਾਂ ਨੇ ਆਪਣੇ ਇਸ ਟਵੀਟ ਵਿਚ ਰੱਖਿਆ ਮੰਤਰੀ ਸੀਤਾਰਾਮਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘’56 ਇੰਚ ਦੀ ਛਾਤੀ ਵਾਲਾ ‘ਚੌਕੀਦਾਰ’ ਭੱਜ ਗਿਆ ਤੇ ਉਸ ਨੇ ਇਕ ਮਹਿਲਾ ਸੀਤਾਰਾਮਨ ਜੀ ਨੂੰ ਕਿਹਾ ਮੇਰੀ ਰੱਖਿਆ ਕਰੋ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਹੁਲ ਗਾਂਧੀ ਦੀ ਇਸ ਬਿਆਨ ਲਈ ਨਿੰਦਾ ਕੀਤੀ ਹੈ। ਦੂਜੇ ਪਾਸੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਹੋ ਕੇ ਟਵੀਟ ਕੀਤਾ ਹੈ ਕਿ ਸਾਡੇ ਸੱਭਿਆਚਾਰ ਵਿਚ ਔਰਤਾਂ ਪ੍ਰਤੀ ਸਨਮਾਨ ਘਰ ਤੋਂ ਸ਼ੁਰੂ ਹੁੰਦਾ ਹੈ। ਦੂਜੇ ਪਾਸੇ ਕਾਂਗਰਸ ਨੇ ਐੱਨਸੀਡਬਲਿਊ ਵੱਲੋਂ ਰਾਹੁਲ ਗਾਂਧੀ ਨੂੰ ਭੇਜੇ ਗਏ ਨੋਟਿਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ ਤੇ ਆਪਣੇ ਨੇਤਾ ਦਾ ਬਚਾਅ ਕਰਦਿਆਂ ਪ੍ਰਧਾਨ ਮੰਤਰੀ ਉੱਤੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਕਾਂਗਰਸੀ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਦੋਹਰਾ ਮਾਪਦੰਡ ਅਪਣਾ ਰਿਹਾ ਹੈ, ਜਦਕਿ ਸ੍ਰੀ ਮੋਦੀ ਵੱਲੋਂ ਸੋਨੀਆ ਗਾਂਧੀ ਵਿਰੁੱਧ ਅਸੈਂਬਲੀ ਚੋਣਾਂ ਦੌਰਾਨ ਕੀਤੀ ਨਿੰਦਣਯੋਗ ਟਿੱਪਣੀ ਵੇਲੇ ਕਮਿਸ਼ਨ ਚੁੱਪ ਰਿਹਾ ਸੀ।

Leave a Reply

Your email address will not be published.