ਮੁੱਖ ਖਬਰਾਂ
Home / ਮੁੱਖ ਖਬਰਾਂ / ਆਟਾ ਦਾਲ ਸਕੀਮ ਦੇ ਸੱਤ ਲੱਖ ਲਾਭਪਾਤਰੀ ‘ਗੁਆਚੇ’

ਆਟਾ ਦਾਲ ਸਕੀਮ ਦੇ ਸੱਤ ਲੱਖ ਲਾਭਪਾਤਰੀ ‘ਗੁਆਚੇ’

Spread the love

ਬਠਿੰਡਾ-ਆਟਾ-ਦਾਲ ਸਕੀਮ ਦੇ ਕਰੀਬ ਸੱਤ ਲੱਖ ਲਾਭਪਾਤਰੀ ਲਾਪਤਾ ਹੋ ਗਏ ਹਨ ਜਿਨ੍ਹਾਂ ਨੂੰ ਹੁਣ ਸਰਕਾਰੀ ਅਫ਼ਸਰ ਤੇ ਮੁਲਾਜ਼ਮ ਲੱਭਣਗੇ। ਇਨ੍ਹਾਂ ਦੀ ਬਦੌਲਤ ਕਰੀਬ 84 ਕਰੋੜ ਦਾ ਰਗੜਾ ਹਰ ਵਰ੍ਹੇ ਖ਼ਜ਼ਾਨੇ ਨੂੰ ਲੱਗ ਰਿਹਾ ਸੀ। ਪੰਜਾਬ ਸਰਕਾਰ ਨੇ ਹੁਣ ਲਾਪਤਾ ਹੋਏ ਨੀਲੇ ਕਾਰਡ ਹੋਲਡਰਾਂ ਦੀ ਪੈੜ ਨੱਪਣ ਲਈ ਪੜਤਾਲ ਦੇ ਹੁਕਮ ਦਿੱਤੇ ਹਨ।
ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਜਦੋਂ ਆਖ਼ਰੀ ਵਾਰ ਆਟਾ-ਦਾਲ ਸਕੀਮ ਦੇ ਅਨਾਜ ਦੀ ਈ-ਪੋਸ ਮਸ਼ੀਨਾਂ (ਪੁਆਇੰਟ ਆਫ਼ ਸੇਲ) ਨਾਲ ਵੰਡ ਕੀਤੀ ਸੀ ਤਾਂ ਹੈਰਾਨੀ ਵਾਲੇ ਤੱਥ ਸਾਹਮਣੇ ਆਏ ਸਨ। ਅਕਤੂਬਰ 2018 ਤੱਕ (ਛੇ ਮਹੀਨੇ ਦਾ) ਦਾ ਅਨਾਜ ਲੈਣ ਲਈ ਪੰਜਾਬ ਭਰ ਵਿੱਚੋਂ ਕਰੀਬ 1.76 ਲੱਖ ਨੀਲੇ ਕਾਰਡ ਹੋਲਡਰ ਨਹੀਂ ਆਏ ਜਿਨ੍ਹਾਂ ਵੱਲੋਂ 7.04 ਲੱਖ ਪਰਿਵਾਰਕ ਮੈਂਬਰਾਂ ਦਾ ਅਨਾਜ ਪਹਿਲਾਂ ਨਿਯਮਤ ਤੌਰ ’ਤੇ ਲਿਆ ਜਾਂਦਾ ਸੀ। ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਪੰਜਾਬ ਨੇ 7 ਜਨਵਰੀ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ 15 ਫਰਵਰੀ ਤੱਕ ਪੜਤਾਲ ਮੁਕੰਮਲ ਕਰਨ ਦਾ ਟੀਚਾ ਦਿੱਤਾ ਗਿਆ ਹੈ।
ਪੰਜਾਬ ਵਿੱਚ ਕਰੀਬ 35.26 ਲੱਖ ਨੀਲੇ ਕਾਰਡ ਹਨ ਜਿਨ੍ਹਾਂ ’ਤੇ 1.41 ਕਰੋੜ ਲਾਭਪਾਤਰੀ ਅਨਾਜ ਲੈ ਰਹੇ ਹਨ। ਕੈਪਟਨ ਸਰਕਾਰ ਨੇ ਜਦੋਂ ਹੁਣ ਈ-ਪੋਸ ਮਸ਼ੀਨਾਂ ਨਾਲ (ਅੰਗੂਠਾ ਲਗਵਾ ਕੇ) ਰਾਸ਼ਨ ਵੰਡਣਾ ਸ਼ੁਰੂ ਕੀਤਾ ਤਾਂ 33.50 ਲੱਖ ਪਰਿਵਾਰਾਂ ਨੇ ਰਾਸ਼ਨ ਲਿਆ ਜਦੋਂ ਕਿ ਬਾਕੀ 1.76 ਲੱਖ ਪਰਿਵਾਰ ਰਾਸ਼ਨ ਲੈਣ ਹੀ ਨਹੀਂ ਪੁੱਜੇ ਜੋ ਹੁਣ ਸ਼ੱਕ ਦੇ ਦਾਇਰੇ ਵਿੱਚ ਆ ਗਏ ਹਨ। ਪੰਜਾਬ ਸਰਕਾਰ ਵੱਲੋਂ ਹੁਣ ਆਟਾ-ਦਾਲ ਸਕੀਮ ਦੀ ਛੇਵੀਂ ਵਾਰ ਪੜਤਾਲ ਕਰਵਾਈ ਜਾਣੀ ਹੈ ਜਿਸ ਵਿੱਚ ਗੁੰਮ ਹੋਏ ਕਾਰਡ ਹੋਲਡਰਾਂ ਦਾ ਸੱਚ ਜਾਣਿਆ ਜਾਵੇਗਾ।
ਪ੍ਰਾਪਤ ਵੇਰਵਿਆਂ ਅਨੁਸਾਰ ਸਾਲ 2011 ਦੀ ਜਨਗਣਨਾ ਨੂੰ ਆਧਾਰ ਮੰਨੀਏ ਤਾਂ ਪੰਜਾਬ ਦੀ 49.50 ਫ਼ੀਸਦੀ ਆਬਾਦੀ ਆਟਾ-ਦਾਲ ਸਕੀਮ ਦਾ ਫ਼ਾਇਦਾ ਲੈ ਰਹੀ ਹੈ ਜਿਨ੍ਹਾਂ ਵਿੱਚ 44.88 ਫ਼ੀਸਦੀ ਸ਼ਹਿਰੀ ਅਤੇ 54.60 ਫ਼ੀਸਦੀ ਆਬਾਦੀ ਪੇਂਡੂ ਹੈ। ਸਰਹੱਦੀ ਜ਼ਿਲ੍ਹਿਆਂ ਵਿੱਚ 80 ਫ਼ੀਸਦੀ ਆਬਾਦੀ ਕੋਲ ਆਟਾ-ਦਾਲ ਸਕੀਮ ਦੇ ਕਾਰਡ ਹਨ। ਖ਼ਜ਼ਾਨਾ ਮੰਤਰੀ ਦੇ ਹਲਕਾ ਬਠਿੰਡਾ ਵਿੱਚ 39 ਹਜ਼ਾਰ ਨੀਲੇ ਕਾਰਡ ਬਣੇ ਹੋਏ ਸਨ ਜਿਨ੍ਹਾਂ ਵਿੱਚੋਂ 22 ਹਜ਼ਾਰ ਕਾਰਡ ਅਯੋਗ ਨਿਕਲੇ ਸਨ।
ਖੁਰਾਕ ਤੇ ਸਪਲਾਈ ਮੰਤਰੀ ਤਾਂ ਇੱਥੋਂ ਤੱਕ ਦੱਸਦੇ ਹਨ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਅਯੋਗ ਕਾਰਡ ਵੱਡੀ ਗਿਣਤੀ ਵਿੱਚ ਬਣੇ ਹਨ। ਉਨ੍ਹਾਂ ਅਨੁਸਾਰ ਮਜੀਠਾ ਹਲਕੇ ਵਿੱਚ 98 ਫ਼ੀਸਦੀ ਆਬਾਦੀ, ਜਲਾਲਾਬਾਦ ਵਿੱਚ 75 ਫ਼ੀਸਦੀ ਅਤੇ ਪੱਟੀ ਵਿੱਚ 72 ਫ਼ੀਸਦੀ ਆਬਾਦੀ ਆਟਾ-ਦਾਲ ਸਕੀਮ ਕਾਰਡ ਧਾਰਕ ਹੈ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਬਠਿੰਡਾ ਤੇ ਮਾਨਸਾ ਵਿੱਚ ਧੜਾਧੜ ਆਟਾ-ਦਾਲ ਸਕੀਮ ਦੇ ਕਾਰਡ ਬਣਦੇ ਰਹੇ ਹਨ। ਹੁਣ ਬਠਿੰਡਾ ਵਿੱਚ ਇਸ ਸਕੀਮ ਦੇ 1.78 ਲੱਖ ਅਤੇ ਮਾਨਸਾ ਵਿੱਚ 1.06 ਲੱਖ ਨੀਲੇ ਕਾਰਡ ਹਨ। ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਤਹਿਤ ਪ੍ਰਤੀ ਕਾਰਡ ਧਾਰਕ ਨੂੰ ਔਸਤ ਚਾਰ ਮੈਂਬਰਾਂ ਦਾ ਸਾਲਾਨਾ ਅਨਾਜ 2.40 ਕੁਇੰਟਲ (ਕਣਕ) ਦਿੱਤਾ ਹੈ। ਇਹ ਕਣਕ ਦੋ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਇਸ ਲਿਹਾਜ਼ ਨਾਲ ਸਰਕਾਰ 1.76 ਲੱਖ ਕਾਰਡ ਧਾਰਕਾਂ (ਜੋ ਹੁਣ ਗੁੰਮ ਹਨ), ਨੂੰ ਸਾਲਾਨਾ 84 ਕਰੋੜ ਦੀ ਕਣਕ ਵੰਡਦੀ ਰਹੀ ਹੈ।

Leave a Reply

Your email address will not be published.