ਮੁੱਖ ਖਬਰਾਂ
Home / ਪੰਜਾਬ / ਬੇਅਦਬੀ ਮਾਮਲਾ: ਖਹਿਰਾ ਵੱਲੋਂ ਜਸਟਿਸ ਜ਼ੋਰਾ ਸਿੰਘ ’ਤੇ ਨਿਸ਼ਾਨਾ
Punjabi Ekta Party leader Sukhpal Singh Khaira along with Gora Singh, granthi of Gurdwara Burj Jawahar Singh Wala and Gurmukh Singh, addresses the press in Jalandhar on Thursday. Tribune Photo :Malkiat Singh

ਬੇਅਦਬੀ ਮਾਮਲਾ: ਖਹਿਰਾ ਵੱਲੋਂ ਜਸਟਿਸ ਜ਼ੋਰਾ ਸਿੰਘ ’ਤੇ ਨਿਸ਼ਾਨਾ

Spread the love

ਜਲੰਧਰ-ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਵੱਲੋਂ ਬੇਅਦਬੀ ਕਾਂਡ ਦੇ ਕਥਿਤ ਖ਼ੁਲਾਸਿਆਂ ਦੇ ਇਕ ਦਿਨ ਬਾਅਦ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਲਟਵਾਰ ਕਰਦਿਆਂ ਕਿਹਾ ਕਿ ‘ਆਪ’ ਨੇ ਜਿਹੜਾ ਡਰਾਮਾ ਕੀਤਾ ਸੀ, ਉਸ ਦਾ ਸੱਚ ਸਾਹਮਣੇ ਆ ਗਿਆ ਹੈ।
ਸੁਖਪਾਲ ਸਿੰਘ ਖਹਿਰਾ ਨੇ ਬੁਰਜ ਜਵਾਹਰ ਸਿੰਘ ਦੇ ਗੁਰਦੁਆਰੇ ਦੇ ਗ੍ਰੰਥੀ ਗੋਰਾ ਸਿੰਘ ਅਤੇ ਬਰਗਾੜੀ ਦੇ ਗੁਰਮੁਖ ਸਿੰਘ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਪੁਲੀਸ ਨੇ ਬੇਅਦਬੀ ਮਾਮਲੇ ਵਿਚ ਇਨ੍ਹਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਸੀ, ਜਦੋਂਕਿ ਜਸਟਿਸ ਜ਼ੋਰਾ ਸਿੰਘ ਨੂੰ ਇਸ ਗੱਲ ਦਾ ‘ਇਲਮ’ ਤੱਕ ਨਹੀਂ। ਸ੍ਰੀ ਖਹਿਰਾ ਨੇ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਦਾ ਸਫਾ ਨੰਬਰ 21 ਪੜ੍ਹਦਿਆਂ ਕਿਹਾ ਕਿ ਇਸ ਵਿਚ ਕੁਝ ਵਿਅਕਤੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਤੋਂ ਪੁੱਛ-ਗਿੱਛ ਦੀ ਸਿਫਾਰਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਸਟਿਸ ਜ਼ੋਰਾ ਸਿੰਘ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੁਝ ਸਿੱਖ ਜਥੇਬੰਦੀਆਂ ਨੇ 6 ਸ਼ੱਕੀ ਵਿਅਕਤੀਆਂ ਦੇ ਨਾਂ ਦੱਸੇ ਸਨ, ਪਰ ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪੁਲੀਸ ਨੇ ਉਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੜਤਾਲ ਹੀ ਨਹੀਂ ਕੀਤੀ ਸੀ।
ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਗੋਰਾ ਸਿੰਘ ਦਾ ਕਹਿਣਾ ਸੀ ਕਿ ਜਸਟਿਸ ਜ਼ੋਰਾ ਸਿੰਘ ਝੂਠ ਬੋਲ ਰਹੇ ਹਨ ਤੇ ਪੁਲੀਸ ਨੇ ਉਦੋਂ 15 ਬੰਦਿਆਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਸੀ, ਜਿਨ੍ਹਾਂ ਵਿਚ ਉਸ ਦਾ ਪਰਿਵਾਰ ਵੀ ਸ਼ਾਮਲ ਸੀ। ਗੋਰਾ ਸਿੰਘ ਨੇ ਦੋਸ਼ ਲਾਇਆ ਕਿ ਉਸ ਅਤੇ ਉਸ ਦੀ ਪਤਨੀ ’ਤੇ ਫ਼ਰੀਦਕੋਟ ਦੇ ਸੀਆਈਏ ਸਟਾਫ ਦੇ ਮੁਲਾਜ਼ਮਾਂ ਨੇ ਬਹੁਤ ਤਸ਼ੱਦਦ ਕੀਤਾ ਸੀ। ਤਸ਼ੱਦਦ ਦੌਰਾਨ ਉਸ ਦੀ ਪਤਨੀ ਨੂੰ ਲਾਏ ਕਰੰਟ ਦੌਰਾਨ ਪੇਟ ਦੀ ਰਸੌਲੀ ਫਟ ਗਈ ਸੀ ਤੇ ਅੱਜ ਵੀ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਗੁਜਰਾਤ ਵੀ ਲਿਜਾਇਆ ਗਿਆ, ਜਿੱਥੇ ਝੂਠ ਫੜਨ ਵਾਲਾ ਟੈਸਟ ਹੁੰਦਾ ਹੈ। ਸੀਬੀਆਈ ਨੇ ਵੀ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਸੀ।
ਬਰਗਾੜੀ ਦੇ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਉਸ ਦੇ ਪਿਤਾ, ਉਸ ਦੀ ਸੱਸ ਤੇ ਸਾਲਿਆਂ ਤੱਕ ਨੂੰ ਵੀ ਚੁੱਕ ਲਿਆ ਸੀ ਤੇ ਉਨ੍ਹਾਂ ਉੱਪਰ 2 ਫਰਵਰੀ 2016 ਤੋਂ ਤਸ਼ੱਦਦ ਹੁੰਦਾ ਆ ਰਿਹਾ ਹੈ, ਜਿਹੜਾ ਉਨ੍ਹਾਂ ਨੇ 3 ਸਾਲ ਆਪਣੇ ਪਿੰਡੇ ’ਤੇ ਹੰਢਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ਦਾ ਘਰ ਵੀ ਢਾਹ ਦਿੱਤਾ ਸੀ ਤੇ ਉਨ੍ਹਾਂ ਕੋਲ ਰਹਿਣ ਲਈ ਛੱਤ ਤੱਕ ਨਹੀਂ ਹੈ। ਗ੍ਰੰਥੀ ਗੁਰਮੁਖ ਸਿੰਘ ਨੇ ਦੱਸਿਆ ਕਿ ਜਦੋਂ ਸਾਰਾ ਕੁਝ ਹੋ ਨਿੱਬੜਿਆ ਤਾਂ ਉਨ੍ਹਾਂ ਕੋਲ ਡੀਆਈਜੀ ਰਣਵੀਰ ਸਿੰਘ ਖਟੜਾ ਤੇ ਐੱਸਐੱਸਪੀ ਸੁਲੱਖਣ ਸਿੰਘ ਆਏ ਸਨ ਤੇ ਉਨ੍ਹਾਂ ਪੁਲੀਸ ਤਸ਼ੱਦਦ ਲਈ ਮੁਆਫ਼ੀ ਵੀ ਮੰਗੀ ਸੀ।
ਸੁਖਪਾਲ ਸਿੰਘ ਖਹਿਰਾ ਨੇ ਜਸਟਿਸ ਜ਼ੋਰਾ ਸਿੰਘ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਆਪਣੀ ਰਿਪੋਰਟ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਇਕ ਤਰ੍ਹਾਂ ਨਾਲ ਕਲੀਨ ਚਿੱਟ ਦੇ ਦਿੱਤੀ ਸੀ ਤੇ ਉਨ੍ਹਾਂ ਦੀ ਰਿਪੋਰਟ ਵਿਚ ਬਾਦਲਾਂ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਵਿਚ ਡੇਰਾ ਪ੍ਰੇਮੀਆਂ ਦੀ ਭੂਮਿਕਾ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਪੀੜਤ ਵਿਅਕਤੀਆਂ ਨੂੰ ਨਾਲ ਲੈ ਕੇ ਬੇਅਦਬੀ ਕਾਂਡ ਵਿਰੁੱਧ ਬਣਾਈ ‘ਸਿੱਟ’ ਸਾਹਮਣੇ ਵੀ ਪੇਸ਼ ਹੋਣਗੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅਦਾਲਤ ਤੱਕ ਪਹੁੰਚ ਕਰਨਗੇ। ਸ੍ਰੀ ਖਹਿਰਾ ਨੇ ਇਹ ਦਾਅਵਾ ਕੀਤਾ ਕਿ ਜਸਟਿਸ ਜ਼ੋਰਾ ਸਿੰਘ ਨੂੰ ਫਤਹਿਗੜ੍ਹ ਲੋਕ ਸਭਾ ਹਲਕੇ ਤੋਂ ਟਿਕਟ ਦਾ ਲਾਲਚ ਦਿੱਤਾ ਗਿਆ ਹੈ।
ਸ੍ਰੀ ਖਹਿਰਾ ਨੇ ਮੌੜ ਬੰਬ ਧਮਾਕੇ ਦੀ ਜਾਂਚ ਠੰਢੇ ਬਸਤੇ ਵਿਚ ਪਾਏ ਜਾਣ ’ਤੇ ਸਵਾਲ ਖੜ੍ਹੇ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਘਟਨਾ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸਿਰੇ ਲਾਈ ਜਾਵੇ।

Leave a Reply

Your email address will not be published.