ਮੁੱਖ ਖਬਰਾਂ
Home / ਭਾਰਤ / ਸ਼ਾਹ ਫ਼ੈਸਲ ਨੇ ਦਿਤਾ ਆਈਏਐਸ ਤੋਂ ਅਸਤੀਫ਼ਾ

ਸ਼ਾਹ ਫ਼ੈਸਲ ਨੇ ਦਿਤਾ ਆਈਏਐਸ ਤੋਂ ਅਸਤੀਫ਼ਾ

Spread the love

ਸਿਵਲ ਸੇਵਾ ਪ੍ਰੀਖਿਆ ਵਿਚ 2010 ਵਿਚ ਦੇਸ਼ ਭਰ ਵਿਚ ਅੱਵਲ ਰਹਿਣ ਵਾਲੇ ਜੰਮੂ ਕਸ਼ਮੀਰ ਦੇ ਆਈਏਐਸ ਅਧਿਕਾਰੀ ਸ਼ਾਹ ਫ਼ੈਸਲ ਨੇ ਕਸ਼ਮੀਰ ਵਿਚ ਕਥਿਤ ਹਤਿਆਵਾਂ ਅਤੇ ਕੇਂਦਰ ਦੁਆਰਾ ਗੰਭੀਰ ਯਤਨ ਨਾ ਕਰਨ ਦਾ ਦੋਸ਼ ਲਾਉਂਦਿਆਂ ਅਸਤੀਫ਼ਾ ਦੇ ਦਿਤਾ। 35 ਸਾਲਾ ਫ਼ੈਸਲ ਨੇ ਫ਼ੇਸਬੁਕ ‘ਤੇ ਲਿਖਿਆ ਕਿ ਉਸ ਦਾ ਅਸਤੀਫ਼ਾ ‘ਹਿੰਦੂਵਾਦੀ ਤਾਕਤਾਂ ਦੁਆਰਾ ਕਰੀਬ 20 ਕਰੋੜ ਭਾਰਤੀ ਮੁਸਲਮਾਨਾਂ ਨੂੰ ਹਾਸ਼ੀਏ ‘ਤੇ ਭੇਜ ਦਿਤੇ ਜਾਣ ਕਾਰਨ, ਜੰਮੂ ਕਸ਼ਮੀਰ ਰਾਜ ਦੀ ਵਿਸ਼ੇਸ਼ ਪਛਾਣ ‘ਤੇ ਧੋਖੇਭਰੇ ਹਮਲਿਆਂ ਅਤੇ ਭਾਰਤ ਵਿਚ ਅਤਿ-ਰਾਸ਼ਟਰਵਾਦ ਦੇ ਨਾਮ ‘ਤੇ ਅਸਹਿਣਸ਼ੀਲਤਾ ਅਤੇ ਨਫ਼ਰਤ ਦੇ ਵਧਦੇ ਸਭਿਆਚਾਰ ਵਿਰੁਧ ਹੈ।
ਹਾਲ ਹੀ ਵਿਚ ਵਿਦੇਸ਼ ਤੋਂ ਸਿਖਲਾਈ ਲੈ ਕੇ ਮੁੜੇ ਅਤੇ ਤੈਨਾਤੀ ਦੀ ਉਡੀਕ ਕਰ ਰਹੇ ਫ਼ੈਸਲ ਨੇ ਕਿਹਾ ਕਿ ਉਸ ਨੂੰ ਕਸ਼ਮੀਰ ਵਿਚ ਲਗਾਤਾਰ ਹਤਿਆਵਾਂ ਦੇ ਮਾਮਲਿਆਂ ਅਤੇ ਇਨ੍ਹਾਂ ਨੂੰ ਰੋਕਣ ਲਈ ਕੇਂਦਰ ਵਲੋਂ ਗੰਭੀਰ ਯਤਨ ਨਾ ਕੀਤੇ ਜਾਣ ਦਾ ਦੁੱਖ ਹੈ ਜਿਸ ਕਾਰਨ ਉਸ ਨੇ ਸਿਵਲ ਸੇਵਾ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਉਹ ਨੈਸ਼ਨਲ ਕਾਨਫ਼ਰੰਸ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ਅਤੇ 2019 ਦੀ ਲੋਕ ਸਭਾ ਚੋਣ ਲੜਨਗੇ। ਫ਼ੈਸਲ ਨੇ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਨਾਮ ਤਾਂ ਨਹੀਂ ਲਿਆ ਪਰ ਅਸਿੱਧਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਆਰਬੀਆਈ, ਸੀਬੀਆਈ ਅਤੇ ਐਨਆਈਏ ਜਿਹੀਆਂ ਸਰਕਾਰੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਜਿਸ ਕਾਰਨ ਇਸ ਦੇਸ਼ ਦੀ ਸੰਵਿਧਾਨਕ ਇਮਾਰਤ ਢਹਿ ਸਕਦੀ ਹੈ ਅਤੇ ਇਸ ਨੂੰ ਰੋਕਣਾ ਪਵੇਗਾ। ਉਸ ਨੇ ਕਿਹਾ, ‘ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਇਸ ਦੇਸ਼ ਵਿਚ ਆਵਾਜ਼ਾਂ ਨੂੰ ਲੰਮੇ ਸਮੇਂ ਤਕ ਦਬਾਇਆ ਨਹੀਂ ਜਾ ਸਕਦਾ ਅਤੇ ਜੇ ਅਸੀਂ ਸੱਚੇ ਲੋਕਤੰੰਤਰ ਵਿਚ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਸੱਭ ਰੋਕਣਾ ਪਵੇਗਾ।’

Leave a Reply

Your email address will not be published.