Home / ਪੰਜਾਬ / ਭੁੱਲਾ ਬਖਸ਼ਾਉਣ ਦਾ ਕਾਰਾ ਬਾਦਲਾਂ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ : ਭਗਵੰਤ ਮਾਨ

ਭੁੱਲਾ ਬਖਸ਼ਾਉਣ ਦਾ ਕਾਰਾ ਬਾਦਲਾਂ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ : ਭਗਵੰਤ ਮਾਨ

Spread the love

ਚੰਡੀਗੜ੍ਹ — ਬਾਦਲ ਪਰਿਵਾਰ ਵਲੋਂ ਅਕਾਲੀ ਦਲ ਦੇ ਨੇਤਾਵਾਂ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਕੇ ਸੇਵਾ ਕਰ ਕੇ ਭੁੱਲਾਂ ਬਖ਼ਸ਼ਾਉਣ ਦੇ ਕਾਰੇ ਨੂੰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਚੰਡੀਗੜ੍ਹ ਤੋਂ ਜਾਰੀ ਬਿਆਨ ‘ਚ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਸਭ ਦੀਆਂ ਭੁੱਲਾਂ ਬਖ਼ਸ਼ਣਹਾਰ ਹਨ ਪਰ ਬਾਦਲਾਂ ਵੱਲੋਂ ਜਾਣ ਬੁੱਝ ਕੇ ਕੀਤੇ ਗਏ ਪਾਪਾਂ ਦੀ ਮੁਆਫ਼ੀ ਹਰਗਿਜ਼ ਨਹੀਂ ਹੋ ਸਕਦੀ। ਮਾਨ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਸਿਆਸੀ ਜੀਵਨ ਅਤੇ ਖ਼ਾਸ ਕਰ ਕੇ ਪਿਛਲੇ 10 ਸਾਲ ਦੇ ਰਾਜ ਦੌਰਾਨ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ ਅਤੇ ਹੁਣ ਆਪਸੀ ਸਿਆਸੀ ਜ਼ਮੀਨ ਖਿਸਕਦੀ ਵੇਖ ਡਰਾਮੇ ਕਰ ਰਹੇ ਹਨ। ਬਾਦਲਾਂ ਤੋਂ ਪੁੱਛਦਿਆਂ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਕਿਹੜੀਆਂ-ਕਿਹੜੀਆਂ ਭੁੱਲਾਂ ਦੀ ਮਾਫ਼ੀ ਮੰਗ ਰਹੇ ਹਨ। ਉਨ੍ਹਾਂ ਪੁੱਛਿਆ ਕਿ ਕੀ ਬਾਦਲ ਹੁਣ ਮੰਨਦੇ ਹਨ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ ਦੀ ਆਤਮ ਹੱਤਿਆ, ਸੂਬੇ ਦੇ ਸਰੋਤਾਂ ਦੇ ਕਬਜ਼ਾ ਕਰਨ ਆਦਿ ਕੰਮਾਂ ਲਈ ਜ਼ਿੰਮੇਵਾਰ ਹਨ।
ਮਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਬਹੁਤ ਸ਼ਾਤਿਰ ਰਾਜਨੀਤਕ ਹਨ ਅਤੇ ਹਮੇਸ਼ਾ ਲੋਕਾਂ ਦਾ ਧਿਆਨ ਭਟਕਾਉਣ ਲਈ ਧਰਮ ਦਾ ਸਹਾਰਾ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਤੋਂ ਪੰਜਾਬ ਦਾ ਬੱਚਾ-ਬੱਚਾ ਜਾਣੂ ਹੈ ਅਤੇ ਹੁਣ ਉਹ ਲੋਕਾਂ ਨੂੰ ਹੋਰ ਬੁੱਧੂ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਬਾਦਲਾਂ ਲਈ ਝੂਠੀ ਮੁਆਫ਼ੀ ਨਾਲ ਬਹਿਬਲ ਕਲਾਂ ਵਿਚ ਸ਼ਹੀਦ ਹੋਏ ਸਿੰਘ, ਨਸ਼ੇ ਨਾਲ ਮਰੇ ਨੌਜਵਾਨ ਅਤੇ ਕਰਜ਼ੇ ਕਾਰਨ ਆਤਮ ਹੱਤਿਆ ਕਰ ਚੁੱਕੇ ਕਿਸਾਨ ਵਾਪਸ ਨਹੀਂ ਆਉਣ ਵਾਲੇ ਅਤੇ ਚੰਗਾ ਇਹ ਹੀ ਹੋਵੇਗਾ ਕਿ ਉਹ ਹੁਣ ਰਾਜਨੀਤੀ ਛੱਡ ਕੇ ਆਪਣੇ ਘਰ ਬੈਠ ਜਾਣ। ਸਿੱਖ ਧਰਮ ਅਤੇ ਪੰਜਾਬ ਦਾ ਨੁਕਸਾਨ ਕਰਨ ਲਈ ਬਾਦਲਾਂ ਨੂੰ ਜ਼ਿੰਮੇਵਾਰ ਦੱਸਦਿਆ ਮਾਨ ਨੇ ਕਿਹਾ ਕਿ ਇਨ੍ਹਾਂ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨਹੀਂ ਕਰ ਸਕਿਆਂ, ਜਿੰਨਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਸਰੋਤਾਂ, ਬੱਸਾਂ, ਢਾਬਿਆਂ ਆਦਿ ‘ਤੇ ਕਬਜ਼ਾ ਕਰ ਕੇ ਲੋਕਾਂ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕੀਤਾ ਹੈ।

Leave a Reply

Your email address will not be published.