Home / ਮੁੱਖ ਖਬਰਾਂ / ਸ੍ਰੀ ਅਕਾਲ ਤਖਤ ”ਤੇ ਪੇਸ਼ ਹੋ ਕੇ ਭੁੱਲਾਂ ਲਈ ”ਖਿਮਾ” ਮੰਗੇਗਾ ਅਕਾਲੀ ਦਲ

ਸ੍ਰੀ ਅਕਾਲ ਤਖਤ ”ਤੇ ਪੇਸ਼ ਹੋ ਕੇ ਭੁੱਲਾਂ ਲਈ ”ਖਿਮਾ” ਮੰਗੇਗਾ ਅਕਾਲੀ ਦਲ

Spread the love

ਚੰਡੀਗੜ੍ਹ – ਆਪਣੇ ਕਾਰਜਕਾਲ ਦੇ ਪਿਛਲੇ ਦਲ ਸਾਲਾਂ ਦੌਰਾਨ ਪਾਰਟੀ ਵਲੋਂ ਹੋਈਆਂ ਭੁੱਲਾਂ ਅਤੇ ਗਲਤੀਆਂ ਲਈ ਸਮੁੱਚਾ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਪਸ਼ਚਾਤਾਪ ਕਰਦਿਆਂ ਮੁਆਫੀ ਮੰਗੇਗਾ। ਇਸ ਦਾ ਫੈਸਲਾ ਬੀਤੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਪਿਛੋਂ ਪਾਰਟੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਮੰਤਵ ਲਈ ਅਕਾਲੀ ਦਲ ਦੀ ਕੋਰ ਕੇਮਟੀ, ਵਰਕਿੰਗ ਕਮੇਟੀ, ਵਿਧਾਇਕ, ਹਲਕਾ ਇੰਚਾਰਜ, ਜ਼ਿਲਾ ਤੇ ਸਰਕਲ ਪ੍ਰਧਾਨ 8 ਦਸੰਬਰ ਨੂੰ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣਗੇ। ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਸ ਦੇ ਭੋਗ 10 ਦਸੰਬਰ ਨੂੰ ਪੈਣਗੇ। ਪਾਰਟੀ ਵਲੋਂ ਭਾਵੇਂ ਆਪਣੇ ਇਸ ਪ੍ਰੋਗਰਾਮ ਨੂੰ ਗੁਪਤ ਰੱਖਣ ਦਾ ਫੈਸਲਾ ਲਿਆ ਗਿਆ ਹੈ ਅਤੇ ਪਾਰਟੀ ਦਫਤਰ ਵਲੋਂ ਜਾਰੀ ਕੀਤੇ ਮਤਿਆਂ ਵਿਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਸੂਤਰਾਂ ਮੁਤਾਬਕ ਪਾਰਟੀ ਆਗੂਆਂ ਦਾ ਇਹ ਵਿਚਾਰ ਸੀ ਕਿ ਅਕਾਲੀ ਦਲ ਦੀ ਮਗਰਲੇ 10 ਸਾਲਾਂ ਦੀ ਸਰਕਾਰ ਦੌਰਾਨ ਕਈ ਅਜਿਹੇ ਕੰਮ ਵੀ ਹੋ ਗਏ, ਜਿਨ੍ਹਾਂ ਕਾਰਨ ਸੂਬੇ ਦੇ ਲੋਕ ਅਤੇ ਸਿੱਖ ਭਾਈਚਾਰਾ ਪਾਰਟੀ ਤੋਂ ਕਾਫੀ ਨਾਰਾਜ਼ ਅਤੇ ਨਿਰਾਸ਼ ਹੈ।
ਖਾਸ ਕਰਕੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੇ ਤਾਰ ਸੱਚਾ ਸੌਦਾ ਡੇਰੇ ਨਾਲ ਜੁੜੇ ਹੋਣ ਦੇ ਖੁਲਾਸੇ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਕਾਫੀ ਪਤਲੀ ਬਣੀ ਹੋਈ ਹੈ। ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ ‘ਤੇ ਵੀ ਅਕਾਲੀ ਦਲ ਦੀ ਜਵਾਬਦੇਹੀ ਮੁਸ਼ਕਲ ਬਣੀ ਹੋਈ ਹੈ। ਅਜਿਹੇ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਨਮੁੱਖ ਪੇਸ਼ ਹੋ ਕੇ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਮੰਗੀ ਜਾਵੇ।

Leave a Reply

Your email address will not be published.