Home / ਮੁੱਖ ਖਬਰਾਂ / ਸਮੁੱਚੀ ਅਕਾਲੀ ਲੀਡਰਸ਼ਿਪ ਕੱਲ੍ਹ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਭੁੱਲਾਂ ਬਖ਼ਸ਼ਾਉਂਦਿਆਂ ਮੁਆਫ਼ੀ ਮੰਗੇਗੀ

ਸਮੁੱਚੀ ਅਕਾਲੀ ਲੀਡਰਸ਼ਿਪ ਕੱਲ੍ਹ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਭੁੱਲਾਂ ਬਖ਼ਸ਼ਾਉਂਦਿਆਂ ਮੁਆਫ਼ੀ ਮੰਗੇਗੀ

Spread the love

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਬਾਅਦ ਵਿਚ ਪਾਰਟੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀਇਥੇ ਹੋਈ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਅਕਾਲੀ ਦਲ ਮਗਰਲੇ ਦਸ ਸਾਲਾਂ ਦੀ ਸਰਕਾਰ ਦੌਰਾਨ ਪਾਰਟੀ ਵਲੋਂ ਹੋਈਆਂ ਭੁੱਲਾਂ ਅਤੇ ਗ਼ਲਤੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਪੇਸ਼ ਹੋ ਕੇ ਪਸਚਾਤਾਪ ਕਰਦਿਆਂ ਮੁਆਫ਼ੀ ਮੰਗੇ | ਇਸ ਮੰਤਵ ਲਈ ਅਕਾਲੀ ਦਲ ਦੀ ਕੋਰ ਕਮੇਟੀ, ਵਰਕਿੰਗ ਕਮੇਟੀ, ਵਿਧਾਇਕ, ਹਲਕਾ ਇੰਚਾਰਜ, ਜ਼ਿਲ੍ਹਾ ਤੇ ਸਰਕਲ ਪ੍ਰਧਾਨ 8 ਦਸੰਬਰ ਨੂੰ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ | ਇਸੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ, ਜਿਸ ਦੇ ਭੋਗ 10 ਦਸੰਬਰ ਨੂੰ ਪੈਣਗੇ | ਪਾਰਟੀ ਵਲੋਂ ਭਾਵੇਂ ਆਪਣੇ ਇਸ ਪ੍ਰੋਗਰਾਮ ਨੂੰ ਗੁਪਤ ਰੱਖਣ ਦਾ ਫ਼ੈਸਲਾ ਲਿਆ ਗਿਆ ਅਤੇ ਪਾਰਟੀ ਦਫ਼ਤਰ ਵਲੋਂ ਜਾਰੀ ਕੀਤੇ ਮਤਿਆਂ ਵਿਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ | ਪਰ ‘ਅਜੀਤ’ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਰਟੀ ਆਗੂਆਂ ਦਾ ਇਹ ਵਿਚਾਰ ਸੀ ਕਿ ਅਕਾਲੀ ਦਲ ਦੀ ਮਗਰਲੇ 10 ਸਾਲਾਂ ਦੀ ਸਰਕਾਰ ਦੌਰਾਨ ਕਈ ਅਜਿਹੇ ਕੰਮ ਵੀ ਹੋ ਗਏ ਜਿਨ੍ਹਾਂ ਕਾਰਨ ਰਾਜ ਦੇ ਲੋਕ ਅਤੇ ਸਿੱਖ ਭਾਈਚਾਰਾ ਪਾਰਟੀ ਤੋਂ ਕਾਫ਼ੀ ਨਾਰਾਜ਼ ਅਤੇ ਨਿਰਾਸ਼ ਹੈ | ਮੁੱਖ ਤੌਰ ‘ਤੇ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੇ ਇਕ ਡੇਰੇ ਨਾਲ ਜੁੜੇ ਹੋਣ ਦਾ ਇੰਕਸ਼ਾਫ਼ ਹੋਣ ਕਾਰਨ ਦਲ ਦੀ ਸਥਿਤੀ ਕਾਫ਼ੀ ਨਮੋਸ਼ੀਜਨਕ ਬਣੀ ਹੋਈ ਹੈ |
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਕਤ ਡੇਰੇ ਦੇ ਮੁਖੀ ਨੂੰ ਤਨਖਾਹੀਆ ਕਰਾਰ ਦੇਣ ਅਤੇ ਫਿਰ ਮੁਆਫ਼ੀ ਦੇਣ ਅਤੇ ਉਸ ਤੋਂ ਬਾਅਦ ਮੁਆਫ਼ੀ ਦਾ ਫੈਸਲਾ ਵਾਪਸ ਲਏ ਜਾਣ ਵਰਗੇ ਵਰਤਾਰੇ ਨੇ ਵੀ ਅਕਾਲੀ ਦਲ ਦੇ ਵਕਾਰ ਨੂੰ ਕਾਫ਼ੀ ਢਾਅ ਲਾਈ | ਪਾਰਟੀ ਆਗੂਆਂ ਦਾ ਕਹਿਣਾ ਸੀ ਕਿ ਦਲ ਤੋਂ ਤੋੜ-ਵਿਛੋੜਾ ਕਰਨ ਵਾਲੇ ਕੁਝ ਇਕ ਸੀਨੀਅਰ ਟਕਸਾਲੀ ਅਕਾਲੀ ਆਗੂਆਂ ਵਲੋਂ ਜਿਸ ਢੰਗ ਨਾਲ ਇਨ੍ਹਾਂ ਮੁੱਦਿਆਂ ਨੂੰ ਉਠਾਇਆ ਜਾ ਰਿਹਾ ਹੈ ਉਸ ਕਾਰਨ ਅਕਾਲੀ ਦਲ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਉਹ ਆਪਣੇ ਕੀਤੀਆਂ ਫੈਸਲਿਆਂ ‘ਤੇ ਪਸਤਾਚਾਪ ਕਰਦਿਆਂ ਮੁਆਫ਼ੀ ਮੰਗੇ ਕਿਉਂਕਿ ਟਕਸਾਲੀ ਆਗੂ ਵੀ ਅਜਿਹਾ ਕਰ ਚੁੱਕੇ ਹਨ | ਦਲ ਦੇ ਸੂਤਰਾਂ ਅਨੁਸਾਰ ਪਾਰਟੀ ਦੇ ਕਈ ਸੀਨੀਅਰ ਆਗੂ ਮਗਰਲੇ ਕੁਝ ਸਮੇਂ ਤੋਂ ਅਜਿਹੇ ਪਸਤਾਚਾਪ ਲਈ ਜ਼ੋਰ ਦੇ ਰਹੇ ਸਨ ਅਤੇ ਖ਼ਾਸਕਰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਇਹੋ ਰਾਏ ਸੀ | ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਅਜਿਹੇ ਪਸਤਾਚਾਪ ਅਤੇ ਭੁੱਲ ਬਖ਼ਸਾਉਣ ਤੋਂ ਬਾਅਦ ਉਨ੍ਹਾਂ ਨੂੰ ਆਮ ਸਿੱਖਾਂ ਤੇ ਲੋਕਾਂ ਵਿਚ ਬਹੁਤ ਸਾਰੇ ਮੁੱਦਿਆਂ ਤੋਂ ਜੁਆਬ ਦੇਣ ਤੋਂ ਖਲਾਸੀ ਮਿਲ ਸਕੇਗੀ ਅਤੇ ਉਹ ਇਹ ਕਹਿ ਸਕਣਗੇ ਕਿ ਉਹ ਇਨ੍ਹਾਂ ਮੁੱਦਿਆਂ ‘ਤੇ ਭੁੱਲ ਬਖ਼ਸ਼ਾਉਂਦਿਆਂ ਮੁਆਫ਼ੀ ਮੰਗ ਚੁੱਕੇ ਹਨ | ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈਆਂ ਇਨ੍ਹਾਂ ਬੈਠਕਾਂ ਜਿਨ੍ਹਾਂ ਵਿਚੋਂ ਪਹਿਲਾਂ ਕੋਰ ਕਮੇਟੀ ਦੀ ਹੋਈ ਬੈਠਕ ਦੌਰਾਨ ਸਥਾਪਨਾ ਦਿਵਸ ਅਕਾਲੀ ਦਲ ਵਲੋਂ 14 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੂਬੇ ਭਰ ਵਿਚ ਮਨਾਉਣ ਦਾ ਫੈਸਲਾ ਲਿਆ ਗਿਆ | ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਭਰ ‘ਚ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਵੀ ਪੂਰੀ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ | ਮੀਟਿੰਗ ਵਲੋਂ ਇਕ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਬਕਾਏ ਨਾਲ ਕਿਸਾਨਾਂ ਦੀ ਰਾਸ਼ੀ ‘ਤੇ ਬਣਦਾ ਵਿਆਜ ਵੀ ਦਿੱਤਾ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਨੂੰ ਆਪਣਾ ਝੋਨਾ ਸਰਕਾਰ ਨੂੰ ਵੇਚਣ ਲਈ 100 ਤੋਂ 150 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਰਿਸ਼ਵਤ ਦੇਣੀ ਪਈ ਹੈ | ਰਾਜ ਸਰਕਾਰ ਉਨ੍ਹਾਂ ਦੀ ਵੀ ਭਰਪਾਈ ਕਰੇ | ਮੀਟਿੰਗ ਵਲੋਂ ਇਕ ਹੋਰ ਮਤੇ ਵਿਚ ਦੋਸ਼ ਲਗਾਇਆ ਗਿਆ ਕਿ ਰਾਜ ਸਰਕਾਰ ਸਰਕਾਰੀ ਮੁਲਾਜ਼ਮਾਂ ਦੇ ਕੋਈ 4000 ਕਰੋੜ ਦੇ ਬਕਾਇਆਂ ਦੀ ਅਦਾਇਗੀ ਨਹੀਂ ਕਰ ਰਹੀ ਅਤੇ ਨਾ ਹੀ ਸਰਕਾਰੀ ਮੁਲਾਜ਼ਮਾਂ ਨੂੰ ਡੀ.ਏ. ਦੀਆਂ ਬਣਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਮੀਟਿੰਗ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਆਰੰਭ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਸ ਲਈ ਸ਼ੁਰੂਆਤੀ ਕਦਮ ਉਨ੍ਹਾਂ ਚੁੱਕਿਆ | ਮਤੇ ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਵਲੋਂ ਇਹ ਲਾਂਘਾ ਖੁੱਲ੍ਹਵਾਉਣ ਲਈ ਲੰਬਾ ਸਮਾਂ ਜਾਰੀ ਰੱਖੇ ਗਏ ਸੰਘਰਸ਼ ਨੂੰ ਵੀ ਯਾਦ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ | ਕੋਰ ਕਮੇਟੀ ਨੇ ਇਕ ਹੋਰ ਮਤਾ ਪਾਸ ਕਰਦਿਆਂ ਅੰਮਿ੍ਤਸਰ ਰੇਲ ਹਾਦਸੇ ਸਬੰਧੀ ਮੈਜਿਸਟਰੇਟੀ ਜਾਂਚ ਦੌਰਾਨ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ ਵੀ ਵਿਰੋਧ ਕੀਤਾ ਗਿਆ | ਕੋਰ ਕਮੇਟੀ ਦੀ ਅੱਜ ਦੀ ਇਸ ਮੀਟਿੰਗ ਵਿਚ ਕਮੇਟੀ ਮੈਂਬਰ ਬਲਵਿੰਦਰ ਸਿੰਘ ਭੂੰਦੜ, ਹਰਸਿਮਰਤ ਕੌਰ ਬਾਦਲ, ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਤੋਤਾ ਸਿੰਘ, ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ ਜਨਮੇਜਾ ਸਿੰਘ ਸੇਖੋਂ, ਬੀਬੀ ਉਪਿੰਦਜੀਤ ਕੌਰ, ਡਾ: ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਭਾਈ ਗੋਬਿੰਦ ਸਿੰਘ ਲੌਾਗੋਵਾਲ, ਸ਼ਰਨਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਮਾਨ ਅਤੇ ਹਰਚਰਨ ਬੈਂਸ ਹਾਜ਼ਰ ਸਨ |

Leave a Reply

Your email address will not be published.