Home / ਪੰਜਾਬ / ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਵੋਟਾਂ 30 ਨੂੰ

ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਵੋਟਾਂ 30 ਨੂੰ

Spread the love

ਚੰਡੀਗੜ੍ਹ-ਪੰਜਾਬ ਸਰਕਾਰ ਵਲੋਂ ਰਾਜ ‘ਚ ਪੰਚਾਇਤੀ ਚੋਣਾਂ ਚਾਲੂ ਸਾਲ ਦੌਰਾਨ ਹੀ ਕਰਾਉਣ ਦਾ ਫ਼ੈਸਲਾ ਲੈਂਦਿਆਂ ਸੂਬਾ ਚੋਣ ਕਮਿਸ਼ਨ ਨੂੰ ਵੋਟਾਂ 30 ਦਸੰਬਰ ਨੂੰ ਰੱਖੇ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ | ਚੋਣਾਂ ਦੇ ਐਲਾਨ ਕਾਰਨ ਸੂਬੇ ‘ਚ ਲਾਗੂ ਹੋਣ ਵਾਲੇ ਚੋਣ ਜ਼ਾਬਤੇ ਨੂੰ ਮੁੱਖ ਰੱਖ ਕੇ ਰਾਜ ਸਰਕਾਰ ਵਲੋਂ ਚੋਣ ਦਾ ਪ੍ਰੋਗਰਾਮ ਲਟਕਾਇਆ ਜਾ ਰਿਹਾ ਸੀ ਕਿਉਂਕਿ ਕੱਲ੍ਹ ਸਵੇਰੇ ਮੁੱਖ ਮੰਤਰੀ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਇਕ ਵਿਸ਼ੇਸ਼ ਸਮਾਗਮ ਰੱਖਿਆ ਹੋਇਆ ਹੈ, ਜਿਸ ‘ਚ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਜਾਰੀ ਕੀਤੇ ਜਾਣੇ ਹਨ | ਸੂਚਨਾ ਅਨੁਸਾਰ ਰਾਜ ‘ਚ ਪੰਚਾਇਤੀ ਚੋਣਾਂ ਦਾ ਐਲਾਨ ਇਸ ਸਮਾਗਮ ਤੋਂ ਬਾਅਦ ਅਰਥਾਤ ਕੱਲ੍ਹ ਸ਼ਾਮ ਤੱਕ ਕਰ ਦਿੱਤੇ ਜਾਣ ਦਾ ਪ੍ਰੋਗਰਾਮ ਹੈ | ਰਾਜ ਸਰਕਾਰ ਨੂੰ ਇਹ ਦੱਸਿਆ ਗਿਆ ਸੀ ਕਿ 1 ਜਨਵਰੀ 2019 ਤੋਂ ਬਾਅਦ ਰਾਜ ‘ਚ ਕੋਈ ਵੀ ਚੋਣ ਨਵੀਆਂ ਸੋਧੀਆਂ ਹੋਈਆਂ ਵੋਟਰ ਸੂਚੀਆਂ ਦੇ ਆਧਾਰ ‘ਤੇ ਹੀ ਹੋ ਸਕੇਗੀ ਜਿਸ ਲਈ 2 ਤੋਂ 3 ਮਹੀਨੇ ਦਾ ਸਮਾਂ ਲੋੜੀਂਦਾ ਹੋਵੇਗਾ ਅਤੇ ਮਾਰਚ 2019 ਦੌਰਾਨ ਲੋਕ ਸਭਾ ਚੋਣਾਂ ਦੇ ਐਲਾਨ ਦੀ ਸੰਭਾਵਨਾ ਨੂੰ ਮੁੱਖ ਰੱਖ ਕੇ ਇਹ ਚੋਣ ਲੋਕ ਸਭਾ ਚੋਣਾਂ ਤੋਂ ਬਾਅਦ ਰੱਖਣਾ ਸਰਕਾਰ ਦੀ ਮਜਬੂਰੀ ਬਣ ਜਾਵੇਗੀ | ਹਾਲਾਂਕਿ ਬਹੁਤੇ ਕਾਂਗਰਸ ਵਿਧਾਇਕ ਇਸ ਚੋਣ ਨੂੰ ਸੰਸਦੀ ਚੋਣਾਂ ਤੋਂ ਬਾਅਦ ਰੱਖੇ ਜਾਣ ਦੇ ਹੱਕ ‘ਚ ਸਨ ਪਰ ਇਸ ਲਈ ਪੰਚਾਇਤੀ ਰਾਜ ਐਕਟ ‘ਚ ਰਾਜ ਸਰਕਾਰ ਨੂੰ ਤਰਮੀਮ ਕਰਨੀ ਪੈਣੀ ਸੀ ਕਿਉਂਕਿ ਮੌਜੂਦਾ ਐਕਟ ‘ਚ ਚੋਣ ਨੂੰ ਨਿਰਧਾਰਤ ਸਮੇਂ ‘ਚ ਕਰਾਇਆ ਜਾਣਾ ਸਰਕਾਰ ਲਈ ਜ਼ਰੂਰੀ ਹੈ | ਸੂਚਨਾ ਅਨੁਸਾਰ ਮੁੱਖ ਮੰਤਰੀ ਪੱਧਰ ‘ਤੇ ਇਸ ਚੋਣ ਨੂੰ ਹੋਰ ਅੱਗੇ ਨਾ ਪਾਉਣ ਅਤੇ ਕਾਨੂੰਨ ‘ਚ ਤਰਮੀਮ ਨਾ ਕਰਨ ਦਾ ਫ਼ੈਸਲਾ ਲੈਂਦਿਆਂ ਇਸ ਚੋਣ ਪ੍ਰਕਿਰਿਆ ਨੂੰ ਚਾਲੂ ਮਹੀਨੇ ਦੌਰਾਨ ਹੀ ਪੂਰਾ ਕਰਨ ਦਾ ਫ਼ੈਸਲਾ ਲਿਆ ਗਿਆ | ਸੂਚਨਾ ਅਨੁਸਾਰ ਰਾਜ ਦੇ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਸਬੰਧੀ ਫ਼ੈਸਲਾ ਕੱਲ੍ਹ ਲਏ ਜਾਣ ਦੀ ਸੰਭਾਵਨਾ ਹੈ | ਵਰਨਣਯੋਗ ਹੈ ਕਿ ਪੰਚਾਇਤਾਂ ‘ਚ ਰਾਖਵੇਂਕਰਨ ਸਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਵਲੋਂ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਅੱਜ ਪੂਰੀ ਕਰ ਲਈ ਗਈ ਸੀ ਅਤੇ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਵਲੋਂ ਰਾਜ ਸਰਕਾਰ ਨੂੰ ਬਕਾਇਦਾ ਸੂਚਿਤ ਵੀ ਕਰ ਦਿੱਤਾ ਗਿਆ ਹੈ | ਪੰਚਾਇਤੀ ਚੋਣਾਂ ਦੇ ਐਲਾਨ ਨਾਲ ਸਮੁੱਚੇ ਸੂਬੇ ‘ਚ ਚੋਣ ਜ਼ਾਬਤਾ ਵੀ 30 ਦਸੰਬਰ ਤੱਕ ਲਾਗੂ ਹੋ ਜਾਵੇਗਾ ਜਿਸ ਦੇ ਹੁੰਦਿਆਂ ਤਬਾਦਲਿਆਂ ਆਦਿ ‘ਤੇ ਵੀ ਰੋਕ ਲੱਗ ਜਾਵੇਗੀ | ਰਾਜ ਦੇ ਸਾਰੇ ਵਿਭਾਗਾਂ ਵਲੋਂ ਚੋਣ ਜ਼ਾਬਤੇ ਦੀ ਸੰਭਾਵਨਾ ਨੂੰ ਮੁੱਖ ਰੱਖ ਕੇ ਅੱਜ ਲਗਾਤਾਰ ਉਨ੍ਹਾਂ ਫ਼ੈਸਲਿਆਂ ਸਬੰਧੀ ਫ਼ਾਈਲਾਂ ਕੱਢੀਆਂ ਜਾ ਰਹੀਆਂ ਸੀ ਜਿਨ੍ਹਾਂ ਫ਼ੈਸਲਿਆਂ ‘ਤੇ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਰੋਕ ਲੱਗ ਜਾਵੇਗੀ |

Leave a Reply

Your email address will not be published.