Home / ਭਾਰਤ / ਦਿੱਲੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਵਾਉਣ ਨੂੰ ਅੰਤ੍ਰਿੰਗ ਬੋਰਡ ਨੇ ਦਿੱਤੀ ਮਨਜੂਰੀ

ਦਿੱਲੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਵਾਉਣ ਨੂੰ ਅੰਤ੍ਰਿੰਗ ਬੋਰਡ ਨੇ ਦਿੱਤੀ ਮਨਜੂਰੀ

Spread the love

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਨਵੇਂ ਅਹੁੱਦੇਦਾਰਾਂ ਦੀ ਚੋਣ ਲਈ ਦਸੰਬਰ 2018 ਦੇ ਆਖਿਰੀ ਹਫਤੇ ’ਚ ਜਰਨਲ ਹਾਊਸ ਬੁਲਾਉਣ ਦਾ ਫੈਸਲਾ ਲਿਆ ਗਿਆ। ਕਮੇਟੀ ਦਫਤਰ ਵਿਖੇ ਹੋਈ 5 ਕਮੇਟੀ ਅਹੁੱਦੇਦਾਰਾਂ ਅਤੇ 10 ਅੰਤ੍ਰਿੰਗ ਬੋਰਡ ਮੈਂਬਰਾਂ ਦੀ ਇਕੱਤ੍ਰਤਾ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਲੈ ਜਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ’ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ 29 ਮਾਰਚ 2019 ਨੂੰ ਹੋਣ ਵਾਲੇ ਜਰਨਲ ਹਾਊਸ ਨੂੰ ਪਹਿਲਾਂ ਬੁਲਾਉਣ ਦੀ ਤਜਵੀਜ਼ ਦਿੱਤੀ ਤਾਂ ਕਿ ਨਵੇਂ ਅਹੁਦੇਦਾਰਾਂ ਵੱਲੋਂ ਨਵੀਂ ਜਾਂਚ ਕਮੇਟੀ ਬਣਾ ਕੇ ਪੁਰਾਣੇ ਅਹੁੱਦੇਦਾਰਾਂ ’ਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਹੋ ਸਕੇ, ਜਿਸ ਨੂੰ ਅੰਤ੍ਰਿੰਗ ਬੋਰਡ ਨੇ ਪ੍ਰਵਾਨਗੀ ਦਿੰਦੇ ਹੋਏ 21 ਦਿਨਾਂ ਦੇ ਨੋਟਿਸ ਪੀਰੀਅਡ ਦੇ ਆਧਾਰ ’ਤੇ 27 ਤੋਂ 29 ਦਸੰਬਰ ਵਿੱਚਕਾਰ ਜਰਨਲ ਹਾਊਸ ਨੂੰ ਬੁਲਾਉਣ ਦੀ ਮਨਜੂਰੀ ਗੁਰਦੁਆਰਾ ਚੋਣ ਡਾਇਰੈਕਟਰ ਪਾਸੋਂ ਲੈਣ ਲਈ ਪੱਤਰ ਭੇਜਣ ਦੀ ਗੱਲ ਕਹੀ। ਅੰਤ੍ਰਿੰਗ ਬੋਰਡ ਦੀ ਮੀਟਿੰਗ ਉਪਰੰਤ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵੇਂ ਅਹੁੱਦੇਦਾਰਾਂ ਦੀ ਚੋਣ ਲਈ 3 ਮਹੀਨੇ ਪਹਿਲੇ ਜਨਰਲ ਹਾਊਸ ਬੁਲਾਉਣ ਦਾ ਅੰਤ੍ਰਿੰਗ ਬੋਰਡ ਨੇ ਮਤਾ ਪਾਸ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਧਾਰਮਿਕ ਸਿਆਸਤ’ਚ ਐਫ.ਆਈ.ਆਰ. ਹੋਣ ਦੇ ਬਾਵਜੂਦ ਵੀ ਕਦੇ ਅਹੁੱਦੇਦਾਰਾਂ ਨੇ ਆਪਣੇ ਆਹੁੱਦੇ ਨਹੀਂ ਛੱਡੇ ਸੀ। ਪਰ ਅਸੀਂ ਸੰਗਤ ਨੂੰ ਜਵਾਬਦੇਹ ਹਾਂ, ਇਸ ਲਈ ਲਗ ਰਹੇ ਦੋਸ਼ਾਂ ਦੀ ਨਿਰਪੱਖ ਜਾਂਚ ਲਈ ਅਸੀਂ ਨਵੇਂ ਜਰਨਲ ਹਾਊਸ ਦਾ ਗਠਨ 3 ਮਹੀਨੇ ਪਹਿਲੇ ਕਰਾਉਣ ਦਾ ਫੈਸਲਾ ਲਿਆ ਹੈ।ਤਾਂ ਕਿ ਨਵੀਂ ਕਮੇਟੀ ਮਾਮਲੇ ਦੀ ਨਿਰਪੱਖ ਜਾਂਚ ਕਰ ਸਕੇ।
ਜੀ.ਕੇ. ਨੇ ਅੰਤ੍ਰਿੰਗ ਬੋਰਡ ਦੇ ਮੈਬਰਾਂ ਵੱਲੋਂ ਇਸ ਸਬੰਧੀ ਲਏ ਗਏ ਫੈਸਲੇ ਨੂੰ ਫਰਾਖ ਦਿਲੀ ਨਾਲ ਲਿਆ ਗਿਆ ਫੈਸਲਾ ਦੱਸਦੇ ਹੋਏ ਅੱਜ ਦੇ ਫੈਸਲੇ ਨਾਲ ਧਾਰਮਿਕ ਸਿਆਸਤ ’ਚ ਨਵਾਂ ਉਦਾਹਰਣ ਸਥਾਪਿਤ ਹੋਣ ਦਾ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਅਫਵਾਹਾਂ ਅਤੇ ਆਰੋਪ ਕਿਸੇ ਵੀ ਧਾਰਮਿਕ ਸੰਸਥਾਂ ’ਤੇ ਲਗਣੇ ਠੀਕ ਨਹੀਂ ਹੁੰਦੇ। ਇਸ ਲਈ ਪਾਰਟੀ ਹਾਈਕਮਾਨ ਨੂੰ ਵਿਸ਼ਵਾਸ ’ਚ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਕਿਊਂਕਿ ਅਸੀਂ ਕੁਰਸੀ ’ਤੇ ਬੈਠ ਕੇ ਵਿਰੋਧੀਆਂ ਦੇ ਇਸ ਇਲਜ਼ਾਮ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਸੱਚ ਸਾਹਮਣੇ ਆਉਣ ’ਚ ਰੁਕਾਵਟ ਪੈਦਾ ਕਰ ਰਹੇ ਹਾਂ। ਸਿਰਸਾ ਨੇ ਕਿਹਾ ਕਿ ਨਵੇਂ ਜਨਰਲ ਹਾਊਸ ਨੂੰ 3 ਮਹੀਨੇ ਪਹਿਲੇ ਸੱਦਣ ਦੇ ਸੂਝਾਵ ’ਤੇ ਅੰਤ੍ਰਿੰਗ ਬੋਰਡ ਨੇ ਜੋ ਮੁਹਰ ਲਗਾਈ ਹੈ। ਉਸਨੂੰ ਅਗਲੀ ਮਨਜੂਰੀ ਲਈ ਅਸੀਂ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਭੇਜ ਰਹੇ ਹਾਂ। ਡਾਇਰੈਕਟਰ ਦੀ ਸੁਵੀਧਾ ਅਤੇ ਐਕਟ ਦੇ ਹਿਸਾਬ ਨਾਲ ਅਗਲਾ ਜਨਰਲ ਹਾਊਸ ਹੋਵੇਗਾ। ਪੱਤਰਕਾਰਾਂ ਵੱਲੋਂ ਮੌਜੂਦਾ ਕਮੇਟੀ ਦੇ ਹੁਣ ਕਾਰਜਕਾਰੀ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਸਿਰਸਾ ਨੇ ਕਿਹਾ ਕਿ ਮੌਜੂਦਾ ਕਮੇਟੀ ਕਿਸੇ ਵੀ ਹਾਲਾਤ ’ਚ ਕਾਰਜਕਾਰੀ ਨਹੀਂ ਹੈ। ਆਮ ਚੋਣਾਂ ਦੇ ਐਲਾਨ ਉਪਰੰਤ ਚੋਣ ਜਾਬਤਾ ਲਗਣ ਵੇਲੇ ਹੀ ਕਮੇਟੀ ਨੂੰ ਕਾਰਜਕਾਰੀ ਮੰਨਿਆ ਜਾਂਦਾ ਹੈ। ਨਵੀਂ ਕਮੇਟੀ ਦੀ ਚੋਣ ਤਕ ਸਾਡਾ ਕਾਰਜਕਾਲ ਪੂਰਣ ਸ਼ਕਤੀ ਵਾਲਾ ਹੈ। ਕਿਊਂਕਿ ਅੰਤ੍ਰਿੰਗ ਬੋਰਡ ਚੋਣ ਦੀ ਇਹ ਪੁਰਾਣੀ ਸਥਾਪਿਤ ਪਰੰਪਰਾ ਹੈ। ਸਿਰਸਾ ਨੇ ਕਮੇਟੀ ’ਚ ਤਾਕਤਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਸਾਫ਼ ਕੀਤਾ ਕਿ ਸਾਡਾ ਆਪਸੀ ਕੋਈ ਟਕਰਾਓ ਜਾਂ ਖਿੰਚੋਤਾਨ ਨਹੀਂ ਹੈ। ਅਸੀਂ ਪਿੱਛਲੇ 6 ਸਾਲ ਤੋਂ ਮਿਲ ਕੇ ਵੱਡੀਆ ਸੇਵਾਵਾਂ ਕੀਤੀਆਂ ਹਨ। ਅਸੀਂ ਧਰਮ ਦੀ ਸੇਵਾ ਲਈ ਇੱਥੇ ਆਏ ਹਾਂ ਨਾ ਕਿ ਆਪਣੇ ਅਹੰਕਾਰ ਨੂੰ ਪੱਠੇ ਪਾਉਣ ਵਾਸਤੇ। ਅਸੀਂ ਸੇਵਾ ਦੇ ਲਈ ਅੱਜ ਵੀ ਇੱਕਜੁਟ ਹਾਂ, ਇਸ ਕਰਕੇ ਟਕਰਾਓ ਸ਼ਬਦ ਦੀ ਵਰਤੋਂ ਠੀਕ ਨਹੀਂ ਹੈ। ਜੀ.ਕੇ. ਨੇ ਨਵੇਂ ਪ੍ਰਧਾਨ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਕਿ ਨਵਾਂ ਪ੍ਰਧਾਨ ਕਮੇਟੀ ਮੈਂਬਰਾਂ ਦੀ ਪਸੰਦ ਅਤੇ ਹਾਈਕਮਾਨ ਦੀ ਮਨਜੂਰੀ ਨਾਲ ਤੈਅ ਹੋਵੇਗਾ।ਅਸੀਂ ਆਪਣੇ ਉਪਰ ਲਗੇ ਆਰੋਪਾਂ ਨੂੰ ਦੇਖਦੇ ਹੋਏ ਪਿੱਛੇ ਹੱਟ ਕੇ ਨੈਤਿਕਤਾ ਦੀ ਨਵੀਂ ਮਿਸਾਲ ਕਾਇਮ ਕਰਨ ਦਾ ਫੈਸਲਾ ਲਿਆ ਹੈ। ਨਾਲ ਹੀ ਅੰਤ੍ਰਿੰਗ ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਅੰਤ੍ਰਿੰਗ ਬੋਰਡ ਤੋਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਗਿਆ ਹੈ।

Leave a Reply

Your email address will not be published.