Home / ਮੁੱਖ ਖਬਰਾਂ / ਬਰਗਾੜੀ ਮੋਰਚੇ ਬਾਰੇ ਜਥੇਦਾਰ ਮੰਡ ਨੇ ਦਿੱਤਾ ਵੱਡਾ ਬਿਆਨ

ਬਰਗਾੜੀ ਮੋਰਚੇ ਬਾਰੇ ਜਥੇਦਾਰ ਮੰਡ ਨੇ ਦਿੱਤਾ ਵੱਡਾ ਬਿਆਨ

Spread the love

ਬਰਗਾੜੀ—ਬਰਗਾੜੀ ਮੋਰਚੇ ਦਾ ਆਉਣ ਵਾਲੇ ਸਮੇਂ ‘ਚ ਜ਼ਲਦ ਹੱਲ ਹੋਵੇਗਾ ਅਤੇ ਜਦੋਂ ਹੱਲ ਹੋਵੇਗਾ ਤਾਂ ਸਭ ਸੰਗਤਾਂ ਨੂੰ ਪਤਾ ਲੱਗ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੀਤਾ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਮੋਰਚਾ ਜਿਹੜਾ ਕਿ ਸੱਚੇ ਦਿਲੋਂ ਲੱਗਿਆ ਹੈ ਅਤੇ ਸੱਚ ਦਾ ਮੋਰਚਾ ਹੈ, ਇਸ ਨੇ ਇਕ ਦਿਨ ਜਿੱਤ ਦੇ ਰੂਪ ‘ਚ ਬਦਲਣਾ ਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਇਹ ਮੋਰਚਾ ਸੱਚ ਦੇ ਰੂਪ ‘ਚ ਬਦਲੇਗਾ ਅਤੇ ਸਾਰੀ ਸਿੱਖ ਕੌਮ ਅਤੇ ਇਨਸਾਫ ਪਸੰਦ ਲੋਕ ਜਿਨ੍ਹਾਂ ਦੇ ਹਿਰਦੇ ‘ਤੇ ਇਹ ਸਾਰੀਆਂ ਘਟਨਾਵਾਂ ਦੇਖ ਕੇ ਜਖ਼ਮ ਹੋਏ ਹਨ, ਉਨ੍ਹਾਂ ਦੇ ਮਲੱਮ ਲੱਗੇਗੀ।
ਮੋਰਚੇ ਬਾਰੇ ਦੱਸਦੇ ਹੋਏ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਕ ਜੂਨ ਤੋਂ ਲੈ ਕੇ ਜਿਹੜੀਆਂ 3 ਮੰਗਾਂ ਰੱਖੀਆਂ ਗਈਆਂ ਹਨ, ਇਹ ਮੰਗਾਂ ਕਾਨੂੰਨੀ, ਜਾਇਜ਼ ਤੇ ਬੜੀਆਂ ਪੁਰਾਣੀਆਂ ਹਨ। ਇਨ੍ਹਾਂ ਮੰਗਾਂ ਨੂੰ ਰੱਖਣਾ ਤਾਂ ਪਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਘਟਨਾਵਾਂ ਵਾਪਰੀਆਂ ਅਤੇ ਜਿਸ ਦਾ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਿਥੇ ਸਿੱਖ ਕੌਮ ਅਲੱਗ-ਥਲੱਗ ਹੋ ਗਈ, ਉਥੇ ਹੀ ਜਿਹੜਾ ਇਨਸਾਫ ਪਸੰਦ ਪੰਜਾਬੀ ਸੀ, ਉਸ ਦੇ ਮੰਨ ਨੂੰ ਠੇਸ ਪਹੁੰਚੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣੀ ਕੋਈ ਛੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਇਸ ਕਰਕੇ ਜਦੋਂ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਇਹ ਮੋਰਚਾ ਲਗਾਉਣਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਇਹ ਫਰਜ਼ ਹੈ ਕਿ ਉਹ ਇਨਸਾਫ ਦੇਣ ਪਰ ਬਹੁਤ ਸਮਾਂ ਲੰਘ ਗਿਆ ਹੈ ਅਤੇ ਜਾਣ ਬੁੱਝ ਕੇ ਸਰਕਾਰਾਂ ਵਲੋਂ ਦੇਰੀ ਕੀਤੀ ਗਈ ਹੈ। ਜਿਸ ਕਾਰਨ ਸੰਗਤਾਂ ‘ਚ ਬਹੁਤ ਵੱਡਾ ਰੋਸ ਸੀ ਅਤੇ ਉਸ ਰੋਸ ਨੂੰ ਇਨਸਾਫ ‘ਚ ਬਦਲਣ ਵਾਸਤੇ ਇਹ ਮੋਰਚਾ ਲਗਾਇਆ ਗਿਆ।ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬ ਵਾਸੀ ਜਾਂ ਦੇਸ਼ ਵਾਸੀ ਇਹ ਨਹੀਂ ਚਾਹੁੰਦਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ, ਜਿਸ ਨਾਲ ਸੰਗਤਾਂ ਦੇ ਮਨ ਨੂੰ ਠੇਸ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਮੋਰਚੇ ਦੌਰਾਨ ਕੋਈ ਭਾਸ਼ਣ ਨਹੀਂ ਹੁੰਦਾ ਸਗੋ ਵਾਹਿਗੁਰੂ ਦਾ ਕੀਰਤਨ ਹੁੰਦਾ ਹੈ, ਢਾਡੀ ਵਾਰਾਂ ਹੁੰਦੀਆਂ ਹਨ ਅਤੇ ਵਾਹਿਗੁਰੂ ਦਾ ਜਾਪ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਇਸ ਮੋਰਚੇ ‘ਚ ਆਉਂਦਾ ਹੈ ਤਾਂ ਉਹ ਸੰਗਤਾਂ ਦੀਆਂ ਮੰਗਾਂ ਨਾਲ ਸਹਿਮਤ ਹੁੰਦਾ ਹੈ ਬੇਸ਼ੱਕ ਉਸ ਦਾ ਪਹਿਲਾਂ ਇਸ ਬਾਰੇ ਕੋਈ ਵਿਚਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਕਰਨ ਦਾ ਰਸਤਾ ਅੱਜ ਵੀ ਜਾਰੀ ਹੈ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ‘ਚ ਇਸ ਮਸਲੇ ਦਾ ਹੱਲ ਹੋਵੇਗਾ।

Leave a Reply

Your email address will not be published.