Home / ਪੰਜਾਬ / ਮੌੜ ਬੰਬ ਕਾਂਡ: ‘ਡੇਰਾ ਪ੍ਰੇਮੀਆਂ’ ਦੀ ਭਾਲ ਲਈ ਆਈਬੀ ਦੀ ਮਦਦ ਲੈ ਰਹੀ ਹੈ ਪੁਲੀਸ

ਮੌੜ ਬੰਬ ਕਾਂਡ: ‘ਡੇਰਾ ਪ੍ਰੇਮੀਆਂ’ ਦੀ ਭਾਲ ਲਈ ਆਈਬੀ ਦੀ ਮਦਦ ਲੈ ਰਹੀ ਹੈ ਪੁਲੀਸ

Spread the love

ਚੰਡੀਗੜ੍ਹ-ਪੰਜਾਬ ਪੁਲੀਸ ਵੱਲੋਂ ਮੌੜ ਮੰਡੀ ਬੰਬ ਧਮਾਕੇ ਵਿੱਚ ਮੁਲਜ਼ਮ ਮੰਨੇ ਜਾਂਦੇ ਤੇ ਡੇਰਾ ਸਿਰਸਾ ਨਾਲ ਸਬੰਧਤ ਵਿਅਕਤੀਆਂ ਅਵਤਾਰ ਸਿੰਘ, ਅਮਰੀਕ ਸਿੰਘ ਅਤੇ ਗੁਰਤੇਜ ਸਿੰਘ ਉਰਫ਼ ਕਾਲਾ ਨੂੰ ਕਾਬੂ ਕਰਨ ਲਈ ਇੰਟੈਲੀਜੈਂਸ ਬਿਓਰੋ (ਆਈਬੀ) ਦੀ ਮਦਦ ਲਈ ਜਾਣ ਲੱਗੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁਲਜ਼ਮਾਂ ਵਿੱਚੋਂ ਇੱਕ ਦੀ ਸੂਹ ਪੁਲੀਸ ਨੂੰ ਮਿਲੀ ਹੈ, ਜਿਸ ਨੂੰ ਕਾਬੂ ਕਰਨ ਲਈ ਆਈਬੀ ਦੇ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਉਧਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬਾਈ ਪੁਲੀਸ ਇਸ ਬੰਬ ਧਮਾਕੇ ਦੀ ਤਫ਼ਤੀਸ਼ ਲਈ ਗੰਭੀਰ ਨਹੀਂ ਹੈ। ਇਹੀ ਕਾਰਨ ਹੈ ਕਿ ਫ਼ਰਵਰੀ ਮਹੀਨੇ ਤੋਂ ਬਾਅਦ ਇਸ ਕੇਸ ਵਿੱਚ ਕੋਈ ਪ੍ਰਗਤੀ ਨਹੀਂ ਹੋਈ। ਪੁਲੀਸ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ਦੇ ਅਸਲ ਮੁਲਜ਼ਮਾਂ ’ਤੇ ਪਰਦਾ ਪਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਜੋ ਡੇਰਾ ਸਿਰਸਾ ਨਾਲ ਸਬੰਧਤ ਹਨ, ਦੀ ਗ੍ਰਿਫਤਾਰੀ ਤੋਂ ਬਾਅਦ ਹੀ ਬੰਬ ਧਮਾਕੇ ਦਾ ਅਸਲ ਮਕਸਦ ਸਾਹਮਣੇ ਆਵੇਗਾ। ਪੁਲੀਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਬੰਬ ਧਮਾਕੇ ਦੀ ਮੁੱਢਲੀ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਇਹ ਧਮਾਕਾ ਕਾਂਗਰਸੀ ਆਗੂ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੱਸੀ ਨੂੰ ਨਿਸ਼ਾਨਾ ਡੇਰਾ ਨਾਲ ਸਬੰਧਤ ਵਿਅਕਤੀਆਂ ਵੱਲੋਂ ਜਾਂ ਖਾਲਿਸਤਾਨੀ ਪੱਖੀ ਅਤਿਵਾਦੀਆਂ ਵੱਲੋਂ ਬਣਾਇਆ ਗਿਆ, ਇਸ ਸਬੰਧੀ ਸਪੱਸ਼ਟ ਤੌਰ ’ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪੰਜਾਬ ਪੁਲੀਸ ਦੇ ਡੀਆਈਜੀ ਰੈਂਕ ਦੇ ਅਧਿਕਾਰੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਹੁਣ ਤੱਕ ਕੀਤੀ ਜਾਂਚ ਦੌਰਾਨ ਸ਼ੱਕ ਦੀ ਸੂਈ ਪੂਰੀ ਤਰ੍ਹਾਂ ਡੇਰੇ ਦੇ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਜੋ ਕਿ 4 ਫਰਵਰੀ 2017 ਨੂੰ ਹੋਈਆਂ ਸਨ ਤੋਂ ਕੁਝ ਦਿਨ ਪਹਿਲਾਂ ਹੀ ਹੋਏ ਇਸ ਬੰਬ ਧਮਾਕੇ ਦੌਰਾਨ 7 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਧਮਾਕੇ ਨੇ ਸੂਬੇ ਦੀ ਸਿਆਸਤ ’ਤੇ ਡੂੰਘਾ ਅਸਰ ਪਾਇਆ ਸੀ। ਤਫ਼ਤੀਸ਼ ਨਾਲ ਜੁੜੇ ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਤੋਂ ਬਾਅਦ ਬੰਬ ਧਮਾਕੇ ਦੀ ਪੜਤਾਲ ਇੱਕ ਤਰ੍ਹਾਂ ਨਾਲ ਠੱਪ ਹੀ ਪਈ ਹੈ ਤੇ ਮਾਮਲਾ ਆਈਬੀ ਦੇ ਪੱਤਰਾਂ ਵਿੱਚ ਰੋਲਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਗੰਭੀਰ ਹੋਵੇ ਤਾਂ ਉਕਤ ਵਿਅਕਤੀਆਂ ਨੂੰ ਕਾਬੁੂ ਕੀਤਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਵਿੱਚੋਂ ਦੋ ਜਣੇ ਤਾਂ ਪੰਜਾਬ ਦੇ ਹੀ ਰਹਿਣ ਵਾਲੇ ਹਨ। ਪੁਲੀਸ ਅਫ਼ਸਰ ਇਸ ਗੱਲ ’ਤੇ ਸਵਾਲ ਖੜ੍ਹੇ ਕਰ ਰਹੇ ਹਨ ਕਿ ਵਿੱਕੀ ਗੌਂਡਰ ਦੇ ਮਾਰੇ ਜਾਣ ’ਤੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੱਟ ਟਵੀਟ ਕਰਦੇ ਹਨ ਤੇ ਅੰਮ੍ਰਿਤਸਰ ਬੰਬ ਧਮਾਕੇ ਦੇ ਮਾਮਲੇ ਵਿੱਚ ਇੱਕ ਵਿਅਕਤੀ ਦੀ ਗਿਫ੍ਰਤਾਰੀ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਵੀ ਕਰਦੇ ਹਨ ਪਰ ਜਿਸ ਧਮਾਕੇ ਵਿੱਚ 7 ਨਿਰਦੋਸ਼ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਇਸ ਮਾਮਲੇ ਵਿੱਚ ਸਿਆਸਤਦਾਨ ਤੇ ਪੁਲੀਸ ਅਫ਼ਸਰਾਂ ਨੇ ਚੁੱਪ ਵੱਟ ਲਈ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਬੰਬ ਧਮਾਕੇ ਦੇ ਮਾਮਲੇ ’ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published.