Home / ਪੰਜਾਬ / ਬਾਬਾ ਫ਼ਰੀਦ ’ਵਰਸਿਟੀ ਵਿਚ ਸਾਮਾਨ ਦੀ ਖ਼ਰੀਦੋ-ਫਰੋਖ਼ਤ ਵਿਚ 7 ਕਰੋੜ ਦੇ ਘਪਲੇ ਦਾ ਖ਼ਦਸ਼ਾ

ਬਾਬਾ ਫ਼ਰੀਦ ’ਵਰਸਿਟੀ ਵਿਚ ਸਾਮਾਨ ਦੀ ਖ਼ਰੀਦੋ-ਫਰੋਖ਼ਤ ਵਿਚ 7 ਕਰੋੜ ਦੇ ਘਪਲੇ ਦਾ ਖ਼ਦਸ਼ਾ

Spread the love

ਫ਼ਰੀਦਕੋਟ-ਬਾਬਾ ਫਰੀਦ ਯੂਨੀਵਰਸਿਟੀ ਵਿਚ ਸਾਮਾਨ ਦੀ ਖ਼ਰੀਦੋ-ਫਰੋਖਤ ਦੌਰਾਨ ਕਥਿਤ ਤੌਰ ’ਤੇ 7 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਲੱਗੇ ਹਨ। ਵਿਜੀਲੈਂਸ ਨੇ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀ ਖ਼ਰੀਦੋ-ਫਰੋਖਤ ਨਾਲ ਸਬੰਧਤ ਰਿਕਾਰਡ ਵਿਜੀਲੈਂਸ ਕੋਲ ਪੇਸ਼ ਕਰਨ ਤੋਂ ਟਾਲਾ ਵੱਟ ਰਹੇ ਹਨ, ਹਾਲਾਂਕਿ ਵਿਜੀਲੈਂਸ ਨੇ ਯੂਨੀਵਰਸਿਟੀ ਨੂੰ ਸਪੱਸ਼ਟ ਕੀਤਾ ਹੈ ਕਿ ਖ਼ਰੀਦ ਸਬੰਧੀ ਰਿਕਾਰਡ ਵਿਜੀਲੈਂਸ ਨੂੰ ਲੋੜੀਂਦਾ ਹੈ ਅਤੇ ਉਸ ਨੂੰ ਬਿਨਾਂ ਦੇਰੀ ਪੜਤਾਲ ਲਈ ਪੇਸ਼ ਕੀਤਾ ਜਾਵੇ।
ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੇ 2015 ਤੋਂ ਲੈ ਕੇ ਸਤੰਬਰ 2018 ਤੱਕ ਕਰੀਬ 7 ਕਰੋੜ ਰੁਪਏ ਦਾ ਸਾਮਾਨ ਖ਼ਰੀਦਿਆ ਸੀ। ਯੂਨੀਵਰਸਿਟੀ ਖ਼ਿਲਾਫ਼ ਵਿਜੀਲੈਂਸ ਨੂੰ ਭੇਜੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ 7 ਕਰੋੜ ਦਾ ਸਾਮਾਨ ਖ਼ਰੀਦਣ ’ਚ ਵੱਡੀ ਗੜਬੜੀ ਕੀਤੀ ਹੈ। ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਸਾਮਾਨ ਦੀ ਖ਼ਰੀਦੋ ਫਰੋਖਤ ਲਈ ਟੈਂਡਰਾਂ ਦੀ ਮੰਗ ਹੀ ਨਹੀਂ ਕੀਤੀ ਗਈ, ਬਲਕਿ ਕੁਝ ਫਰਮਾਂ ਨੂੰ ਸਿੱਧਾ ਆਰਡਰ ਦੇ ਕੇ ਵੱਡੀ ਪੱਧਰ ’ਤੇ ਸਾਮਾਨ ਖ਼ਰੀਦ ਲਿਆ। ਵਿਜੀਲੈਂਸ ਦੀ ਮੁਢਲੀ ਪੜਤਾਲ ਦੌਰਾਨ ਤੱਥ ਸਾਹਮਣੇ ਆਏ ਹਨ ਕਿ ਖ਼ਰੀਦੇ ਸਾਮਾਨ ਦੇ ਬਹੁਤੇ ਬਿੱਲ ਵੀ ਫਰਜ਼ੀ ਹਨ। ਕਰੀਬ 3 ਕਰੋੜ ਰੁਪਏ ਦੇ ਸਾਮਾਨ ਦੇ ਬਿੱਲ ਫਰਜ਼ੀ ਹੋਣ ਦਾ ਖ਼ਦਸ਼ਾ ਹੈ। ਸੂਤਰਾਂ ਅਨੁਸਾਰ ਯੂਨੀਵਰਸਿਟੀ ਨੇ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਲਈ ਸਫ਼ਾਈ ਦਾ ਸਾਮਾਨ ਖ਼ਰੀਦਣ ਸਮੇਂ ਟੈਂਡਰ ਨਹੀਂ ਮੰਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਲਈ ਲੋੜੀਂਦੇ ਹੋਰ ਸਾਜ਼ੋ-ਸਾਮਾਨ ਦੀ ਖ਼ਰੀਦ ਲਈ ਟੈਂਡਰ ਮੰਗਣ ਦੀ ਥਾਂ ਕੁਝ ਖਾਸ ਫਰਮਾਂ ਤੋਂ ਸਿੱਧੇ ਤੌਰ ’ਤੇ ਸਾਮਾਨ ਮੰਗਵਾਇਆ ਗਿਆ। ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਨੇ ਆਪਣੇ ਇਕ ਅਧਿਕਾਰੀ ਦੀਆਂ ਸੇਵਾਵਾਂ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਖਤਮ ਕਰ ਦਿੱਤੀਆਂ ਸਨ। ਸੂਤਰਾਂ ਅਨੁਸਾਰ ਇਸੇ ਅਧਿਕਾਰੀ ਦੀ ਨੌਕਰੀ ਖੁੱਸਣ ਤੋਂ ਬਾਅਦ ਯੂਨੀਵਰਸਿਟੀ ਦੇ ਘਪਲਿਆਂ ਸਬੰਧੀ ਅੰਕੜੇ ਨਸ਼ਰ ਕੀਤੇ ਹਨ। ਵਿਜੀਲੈਂਸ ਦੇ ਡਾਇਰੈਕਟਰ ਪੰਜਾਬ ਨੂੰ ਪਿਛਲੇ ਮਹੀਨੇ ਗੁੰਮਨਾਮ ਲਿਖਤੀ ਸ਼ਿਕਾਇਤ ਮਿਲੀ ਸੀ ਅਤੇ ਡਾਇਰੈਕਟਰ ਨੇ ਇਸ ਦੀ ਪੜਤਾਲ ਡੀ.ਐੱਸ.ਪੀ. ਵਿਜੀਲੈਂਸ ਫ਼ਰੀਦਕੋਟ ਨੂੰ ਸੌਂਪੀ ਸੀ ਅਤੇ ਵਿਜੀਲੈਂਸ ਹੁਣ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਵਿਜੀਲੈਂਸ ਦੀ ਉੱਚ ਪੱਧਰੀ ਟੀਮ ਨੇ ਖੁਦ ਯੂਨੀਵਰਸਿਟੀ ਜਾ ਕੇ ਤੱਥਾਂ ਦੀ ਪੜਤਾਲ ਕੀਤੀ ਹੈ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਹੈ ਕਿ ਯੂਨੀਵਰਸਿਟੀ ਵੱਲੋਂ ਖ਼ਰੀਦੇ ਸਾਮਾਨ ਦਾ ਮੁਕੰਮਲ ਰਿਕਾਰਡ ਬਿਨਾਂ ਦੇਰੀ ਸੌਂਪਿਆ ਜਾਵੇ।
ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਸਾਮਾਨ ਖ਼ਰੀਦ ਕਮੇਟੀ ਦੇ ਮੁਖੀ ਡਾ. ਰੋਹਿਤ ਚੋਪੜਾ ਨੇ ਮੰਨਿਆ ਕਿ ਸਾਮਾਨ ਦੀ ਖ਼ਰੀਦੋ ਫਰੋਖਤ ਦੇ ਮਾਮਲੇ ਦੀ ਪੜਤਾਲ ਵਿਜੀਲੈਂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਟੀਮ ਯੂਨੀਵਰਸਿਟੀ ’ਚ ਵੀ ਆਈ ਸੀ ਅਤੇ ਯੂਨੀਵਰਸਿਟੀ ਦੇ ਤਿੰਨ-ਚਾਰ ਅਧਿਕਾਰੀ ਪੜਤਾਲ ਲਈ ਵਿਜੀਲੈਂਸ ਸਾਹਮਣੇ ਪੇਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੂੰ ਭੇਜੀ ਸ਼ਿਕਾਇਤ ਵਿਚ ਕਿਸੇ ਅਧਿਕਾਰੀ ਦਾ ਨਾਮ ਲੈ ਕੇ ਘਪਲੇ ਦੇ ਦੋਸ਼ ਨਹੀਂ ਲਾਏ ਗਏ, ਬਲਕਿ ਖ਼ਰੀਦਣ ਦੀ ਸਮੁੱਚੀ ਪ੍ਰਕਿਰਿਆ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਵਿਜੀਲੈਂਸ ਵਿਭਾਗ ਦੇ ਡੀਐੱਸਪੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਕੁਝ ਰਿਕਾਰਡ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ ਤੇ ਹੋਰ ਲੋੜੀਂਦਾ ਰਿਕਾਰਡ ਮੰਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਰਿਕਾਰਡ ਘੋਖਣ ਤੋਂ ਬਾਅਦ ਮਾਮਲੇ ਦੀ ਪੜਤਾਲ ਰਿਪੋਰਟ ਤਿਆਰ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਇਹ ਮਾਮਲਾ ਵਿਜੀਲੈਂਸ ਦੇ ਧਿਆਨ ਵਿਚ ਆਇਆ ਸੀ ਤੇ ਉਸ ਤੋਂ ਬਾਅਦ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਦੀ ਹਦਾਇਤ ’ਤੇ ਪੜਤਾਲ ਸ਼ੁਰੂ ਕੀਤੀ ਗਈ ਹੈ।

Leave a Reply

Your email address will not be published.