ਮੁੱਖ ਖਬਰਾਂ
Home / ਪੰਜਾਬ / ਦੀਵਾਲੀ ਤੋਂ ਪਹਿਲਾਂ ਇਨਸਾਫ ਮੰਗਣ ਗਏ ਅਧਿਆਪਕਾਂ ’ਤੇ ਲਾਠੀਚਾਰਜ

ਦੀਵਾਲੀ ਤੋਂ ਪਹਿਲਾਂ ਇਨਸਾਫ ਮੰਗਣ ਗਏ ਅਧਿਆਪਕਾਂ ’ਤੇ ਲਾਠੀਚਾਰਜ

Spread the love

ਮਾਨਸਾ-ਦੀਵਾਲੀ ਤੋਂ ਇਕ ਦਿਨ ਪਹਿਲਾਂ ਜ਼ਿਲ੍ਹਾ ਕਚਹਿਰੀਆਂ ਵਿਚ ਇਨਸਾਫ ਲੈਣ ਗਏ ਸੰਘਰਸ਼ੀ ਅਧਿਆਪਕਾਂ ਉਪਰ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਇਹ ਡਾਂਗਾਂ ਉਸ ਵੇਲੇ ਵਰ੍ਹਾਈਆਂ, ਜਦੋਂ ਵੱਖ-ਵੱਖ ਧਿਰਾਂ ਨਾਲ ਜੁੜੇ ਆਗੂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ। ਉਨ੍ਹਾਂ ਪੁਲੀਸ ’ਤੇ ਔਰਤਾਂ ਦੀ ਖਿੱਚ-ਧੂਹ ਕਰਨ ਦੇ ਵੀ ਦੋਸ਼ ਲਾਏ। ਇਹ ਅਧਿਆਪਕ ਦੁਪਹਿਰ ਤੋਂ ਇਸ ਜ਼ਿਲ੍ਹੇ ਨਾਲ ਸਬੰਧਤ 13 ਸੰਘਰਸ਼ੀ ਅਧਿਆਪਕਾਂ ਦੀਆਂ ਮਾਲਵਾ ਤੋਂ ਬਾਹਰ ਕੀਤੀਆਂ ਜਬਰੀ ਬਦਲੀਆਂ ਨੂੰ ਰੁਕਵਾਉਣ ਲਈ ਇਕੱਠੇ ਹੋਏ ਸਨ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਪੁਲੀਸ ਵੱਲੋਂ ਸਖ਼ਤੀ ਤੋਂ ਬਾਅਦ ਅਧਿਆਪਕਾਂ ਨੇ ਪ੍ਰਬੰਧਕੀ ਕੰਪਲੈਕਸ ਦੇ ਗੇਟ ’ਤੇ ਚਿਤਾਵਨੀ ਰੈਲੀ ਕਰਦਿਆਂ ਐਲਾਨ ਕੀਤਾ ਕਿ ਜੇਕਰ ਇਹ ਬਦਲੀਆਂ ਤੁਰੰਤ ਰੱਦ ਨਾ ਕੀਤੀਆਂ ਗਈਆਂ ਤਾਂ 12 ਨਵੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਘੇਰਦਿਆਂ ਇਨਕਲਾਬੀ ਘੋਲ ਦੀ ਸ਼ੁਰੂਆਤ ਕੀਤੀ ਜਾਵੇਗੀ।
ਲਾਠੀਚਾਰਜ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਚਿੰਤਾ ਜ਼ਾਹਰ ਕੀਤੀ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਦਾ ਤਿਉਹਾਰਾਂ ਮੌਕੇ ਵੀ ਕੁਟਾਪਾ ਕਰ ਰਹੀ ਹੈ।
ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾਈ ਸਕੱਤਰ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਸਕੱਤਰ ਕਾ. ਭਗਵੰਤ ਸਮਾਓ, ਐਸਐਸਏ/ ਰਮਸਾ ਦੇ ਸੂਬਾ ਕਨਵੀਨਰ ਹਰਦੀਪ ਟੋਡਰਪੁਰ ਨੇ ਕਿਹਾ ਕਿ ਇਕ ਪਾਸੇ ਹਜ਼ਾਰਾਂ ਅਧਿਆਪਕਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ ਹਨ, ਦੂਜੇ ਬੰਨੇ ਜੇਕਰ ਸੰਘਰਸ਼ੀ ਅਧਿਆਪਕ ਉਨ੍ਹਾਂ ਦੇ ਹੱਕ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀਆਂ ਦੂਰ ਦਰੇਡੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਬੱਲਾ ਸਿੰਘ ਰੱਲਾ, ਮੁਲਾਜ਼ਮ ਆਗੂ ਮੱਖਣ ਉਡਤ, ਜਮਹੂਰੀ ਕਿਸਾਨ ਸਭਾ ਦੇ ਆਗੂ ਛੱਜੂ ਰਾਮ ਰਿਸ਼ੀ, ਅਧਿਆਪਕ ਆਗੂ ਸਿਕੰਦਰ ਸਿੰਘ ਧਾਲੀਵਾਲ, ਨਰਿੰਦਰ ਸਿੰਘ ਮਾਖਾ, ਲੱਖਾ ਸਹਾਰਨਾ ਪੈਨਸ਼ਨਰ ਯੂਨੀਅਨ, ਆਇਸਾ ਆਗੂ ਪ੍ਰਦੀਪ ਗੁਰੂ ਨੇ ਵੀ ਸੰਬੋਧਨ ਕੀਤਾ।
ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਜਗਰੂਪ ਸਿੰਘ ਭਾਰਤੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਮੰਗ ਪੱਤਰ ਨੂੰ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ ਅਤੇ ਇਸ ਵਿਚਲੀਆਂ ਮੰਗਾਂ ਉਪਰ ਵਿਚਾਰ ਵੀ ਕੀਤਾ ਜਾਵੇਗਾ।
ਮਾਨਸਾ ਸਬ-ਡਵੀਜ਼ਨ ਦੇ ਡੀ.ਐਸ.ਪੀ. ਸਿਮਰਨਜੀਤ ਸਿੰਘ ਲੰਗ ਨੇ ਕਿਹਾ ਕਿ ਅਧਿਆਪਕਾਂ ਵਲੋਂ ਬੈਰੀਕੇਡ ਨੂੰ ਟੱਪਣ ਦੀ ਕੋਸ਼ਿਸ਼ ਵੇਲੇ ਧੱਕਾਮੁੱਕੀ ਕੀਤੀ ਗਈ ਤਾਂ ਮੌਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਰੋਕਣ ਦਾ ਉਪਰਾਲਾ ਕੀਤਾ ਗਿਆ ਸੀ ਪਰ ਪੁਲੀਸ ਵਲੋਂ ਲਾਠੀਚਾਰਜ ਨਹੀਂ ਕੀਤਾ ਗਿਆ।

Leave a Reply

Your email address will not be published.