Home / ਮੁੱਖ ਖਬਰਾਂ / ਕੈਪਟਨ ਨੇ ਨਸ਼ਿਆਂ ਦੇ ਖਾਤਮੇ ਲਈ ਯੂਐੱਨਓ ਕੋਲੋਂ ਸਹਿਯੋਗ ਮੰਗਿਆ
PUNJAB CM Capt Amarinder Singh CALLS FOR COLLECTIVE EFFORTS TO FIGHT DRUGS, TERMS IT A STRATEGIC CONSPIRACY FROM ACROSS INTERNATIONAL BORDER.

ਕੈਪਟਨ ਨੇ ਨਸ਼ਿਆਂ ਦੇ ਖਾਤਮੇ ਲਈ ਯੂਐੱਨਓ ਕੋਲੋਂ ਸਹਿਯੋਗ ਮੰਗਿਆ

Spread the love

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਵਿਰੁੱਧ ਸਾਂਝੀ ਲੜਾਈ ਲੜਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਇਸ ਸਮੱਸਿਆ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੇ ਨਸ਼ਿਆਂ ਤੇ ਅਪਰਾਧ ਬਾਰੇ ਦਫ਼ਤਰ (ਯੂਐੱਨਓ ਡੀਸੀ) ਦੇ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕੌਮਾਂਤਰੀ ਸਰਹੱਦ ਤੋਂ ਪਾਰ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਹੈ।
ਇੱਥੇ ਯੂਐੱਨਓ ਡੀਸੀ ਵੱਲੋਂ ‘ਅਫ਼ਗਾਨਿਸਤਾਨ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਿਪਟਣ: ਵਿਆਪਕ ਪਹੁੰਚ ਅਪਣਾਉਣ’ ਬਾਰੇ ਤਿੰਨ ਰੋਜ਼ਾ ਖੇਤਰੀ ਵਰਕਸ਼ਾਪ ਦੇ ਉਦਘਾਟਨ ਮੌਕੇ ਆਪਣੇ ਮੁੱਖ ਭਾਸ਼ਨ ਦੌਰਾਨ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਸਿਰਫ਼ ਵਪਾਰਕ ਹਿੱਤਾਂ ਲਈ ਨਹੀਂ ਸਗੋਂ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਹੈ। ਇਸ ਵਰਕਸ਼ਾਪ ਦਾ ਸੰਚਾਲਨ ਯੂਐੱਨਓਡੀਸੀ ਦੇ ਦੱਖਣੀ ਏਸ਼ੀਆ ਦੇ ਖੇਤਰੀ ਦਫ਼ਤਰ ਦੇ ਸਰਗੇ ਕੈਪੀਨੋਸ ਨੇ ਕੀਤਾ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਉਖਾੜ ਦੇਵੇਗੀ। ਇਸ ਲਾਹਨਤ ਨਾਲ ਨਿਪਟਣ ਲਈ ਇਕ ਟੀਮ ਦੇ ਤੌਰ ’ਤੇ ਕੰਮ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਆਖਿਆ ਕਿ ਇਸ ਉਦੇਸ਼ ਦੀ ਪੂਰਤੀ ਲਈ ਯੂਐੱਨਓਡੀਸੀ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਯੂ.ਐਨ.ਓ. ਨਸ਼ਿਆਂ ਦੇ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਦੀ ਸ਼ਨਾਖ਼ਤ ਕਰਕੇ ਸੂਬੇ ਦੀ ਮਦਦ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬੇ ਦੀ ਨਸ਼ਿਆਂ ਸਬੰਧੀ ਵਿਸ਼ੇਸ਼ ਟਾਸਕ ਫੋਰਸ ਅਤੇ ਹੋਰ ਏਜੰਸੀਆਂ ਨੇ ਮੱਧ ਦਰਜੇ ਦੇ ਨਸ਼ਾ ਤਸਕਰਾਂ ਨੂੰ ਤਾਂ ਨੱਥ ਪਾਉਣ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ ਪਰ ਵੱਡੇ ਤਸਕਰਾਂ ਨੂੰ ਵੀ ਹੱਥ ਪਾਉਣ ਦੀ ਵੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿੱਖ ਕੇ ਸਾਂਝੀ ਰਣਨੀਤੀ ਉਲੀਕਣ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੱਦੀ ਗਈ ਮੀਟਿੰਗ ਦੌਰਾਨ ਪੰਚਕੂਲਾ ਵਿੱਚ ਇਕ ਸਾਂਝਾ ਕੰਟਰੋਲ ਰੂਮ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅਜਿਹੇ ਸਾਂਝੇ ਯਤਨ ਨਸ਼ਿਆਂ ਦੇ ਧੰਦੇ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੋਣਗੇ। ਲੜਕੀਆਂ ਦੀਆਂ ਨਸ਼ਾ ਕਰਨ ਸਬੰਧੀ ਫੇਸਬੁੱਕ ਪੋਸਟਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਇਸ ਖਤਰਨਾਕ ਰੁਝਾਨ ’ਤੇ ਚਿੰਤਾ ਪ੍ਰਗਟਾਈ। ਕੈਪੀਨੋਸ ਨੇ ਕਿਹਾ ਕਿ ਯੂਐੱਨਓਡੀਸੀ ਅਪਰਾਧ ਦੀ ਰੋਕਥਾਮ ਅਤੇ ਨਸ਼ਿਆਂ ਦੀ ਤਸਕਰੀ ਤੇ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਭਾਰਤ ਦੇ ਆਲੇ-ਦੁਆਲੇ ਦੇ ਵੱਖ-ਵੱਖ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ। ਇਸੇ ਲੜੀ ਤਹਿਤ ਖਿੱਤੇ ’ਚ ਇਹ ਪਹਿਲੀ ਅਜਿਹੀ ਵਰਕਸ਼ਾਪ ਹੈ। ‘ਅਫਗਾਨਿਸਤਾਨ ਅਫੀਮ ਸਰਵੇ-2017’ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਹੇਠਲਾ ਰਕਬਾ ਅਤੇ ਇਸ ਦਾ ਉਤਪਾਦਨ ਉੱਚੇ ਰਿਕਾਰਡ ’ਤੇ ਪਹੁੰਚਿਆ ਹੈ। ਇਸ ਇਲਾਕੇ ਵਿੱਚ ਅਫੀਮ ਦੀ ਖੇਤੀ ਸਾਲ 2016 ਵਿੱਚ ਅਨੁਮਾਨਤ 201,000 ਹੈਕਟੇਅਰ ਤੋਂ ਵਧ ਕੇ 328,000 ਤੱਕ ਪਹੁੰਚੀ ਹੈ। ਰਿਪੋਰਟ ਮੁਤਾਬਕ ਹਰੇਕ ਸਾਲ ਅਫਗਾਨਿਸਤਾਨ ਵਿੱਚ ਹਜ਼ਾਰਾਂ ਟਨ ਅਫੀਮ ਦੀ ਪੈਦਾਵਾਰ ਹੁੰਦੀ ਹੈ ਅਤੇ ਇਸ ਨੂੰ ਹੈਰੋਇਨ ਵਿੱਚ ਬਦਲ ਕੇ ਦੁਨੀਆ ਭਰ ਵਿੱਚ ਪਹੁੰਚਾਈ ਜਾਂਦੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published.