Home / ਮੁੱਖ ਖਬਰਾਂ / ਲੁਧਿਆਣਾ ਦੀ ਹੌਜ਼ਰੀ ’ਚ ਅੱਗ; ਚਾਰ ਮਜ਼ਦੂਰਾਂ ਦੀ ਮੌਤ

ਲੁਧਿਆਣਾ ਦੀ ਹੌਜ਼ਰੀ ’ਚ ਅੱਗ; ਚਾਰ ਮਜ਼ਦੂਰਾਂ ਦੀ ਮੌਤ

Spread the love

ਲੁਧਿਆਣਾ-ਹੌਜ਼ਰੀ ਸਨਅਤ ਦੇ ਗੜ੍ਹ ਕਲਿਆਣ ਨਗਰ ’ਚ ਬੁੱਧਵਾਰ ਸਵੇਰੇ ਫੈਕਟਰੀ ’ਚ ਅੱਗ ਲੱਗਣ ਕਰ ਕੇ ਚਾਰ ਮਜ਼ਦੂਰਾਂ ਦੀ ਧੂੰਏਂ ਨਾਲ ਦਮ ਘੁਟਣ ਕਰ ਕੇ ਮੌਤ ਹੋ ਗਈ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਕਾਲੜਾ ਨਿਟਵੀਅਰ ਫੈਕਟਰੀ ਦੇ ਅੰਦਰ ਫਸੇ ਮਜ਼ਦੂਰਾਂ ਨੇ ਆਪਣੇ ਸਾਥੀਆਂ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਵੀ ਉਠ ਕੇ ਰੌਲਾ ਪਾਇਆ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਵੀ ਮੌਕੇ ’ਤੇ ਪੁੱਜ ਗਈਆਂ ਪਰ ਅੰਦਰ ਕਾਫ਼ੀ ਧੂੰਆਂ ਸੀ। ਉਨ੍ਹਾਂ ਕਰੀਬ ਸਵਾ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫੈਕਟਰੀ ’ਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਜਿਸ ਕਾਰਨ ਕੋਠੇ ’ਤੇ ਪੌੜੀਆਂ ਕੋਲ ਹੀ ਚਾਰ ਮਜ਼ਦੂਰਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਧਨੰਜਯ ਪਾਂਡੇ, ਸੱਤਿਆ ਪ੍ਰਕਾਸ਼, ਰੱਬਾਨ ਤੇ ਮੁਹੰਮਦ ਆਜ਼ਾਦ ਵਜੋਂ ਹੋਈ ਹੈ। ਫਾਇਰ ਬ੍ਰਿਗੇਡ
ਮੁਲਾਜ਼ਮਾਂ ਨੇ ਗੁਆਂਢੀਆਂ ਦੀ ਛੱਤ ਤੋਂ ਜਾ ਕੇ ਗੇਟ ਤੋੜਿਆ ਤੇ ਉਨ੍ਹਾਂ ਨੂੰ ਬਾਹਰ ਕੱਢਿਆ। ਪਤਾ ਚੱਲਿਆ ਹੈ ਕਿ ਮੰਗਲਵਾਰ ਦੀ ਰਾਤ ਜਦੋਂ ਸਾਰੇ ਮਜ਼ਦੂਰ ਕੰਮ ਖਤਮ ਕਰ ਕੇ ਜਾਣ ਲੱਗੇ ਤਾਂ ਫੈਕਟਰੀ ਮਾਲਕ ਸੁਮਿਤ ਕਾਲੜਾ ਨੇ ਪ੍ਰੈਸਮੈਨ ਸੱਤਿਆ ਪ੍ਰਕਾਸ਼ ਨੂੰ ਰੋਕ ਲਿਆ ਤੇ ਕੁਝ ਹੋਰ ਮਜ਼ਦੂਰ ਲਾ ਕੇ ਕੰਮ ਨਿਬੇੜਨ ਲਈ ਕਿਹਾ। ਜਾਂਦੇ ਹੋਏ ਉਹ ਉਪਰ ਜਾਣ ਵਾਲੇ ਪੌੜੀਆਂ ਦੇ ਗੇਟ ਨੂੰ ਤਾਲਾ ਲਾ ਕੇ ਚਲਾ ਗਿਆ ਜਿਸ ਕਰ ਕੇ ਫੈਕਟਰੀ ’ਚ ਅੱਗ ਲੱਗਣ ਤੋਂ ਬਾਅਦ ਮਜ਼ਦੂਰ ਬਾਹਰ ਨਾ ਨਿਕਲ ਸਕੇ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਤੱਕ ਸਾਰਿਆਂ ਨੂੰ ਅੱਗ ਬਾਰੇ ਪਤਾ ਲੱਗਿਆ, ਅੱਗ ਕਾਫ਼ੀ ਫੈਲ ਚੁੱਕੀ ਸੀ। ਇਸੇ ਦੌਰਾਨ ਇੱਕ ਮਜ਼ਦੂਰ ਨੇ ਸਾਹਮਣੇ ਫੈਕਟਰੀ ’ਚ ਕੰਮ ਕਰਨ ਵਾਲੇ ਮਜ਼ਦੂਰ ਸਾਥੀ ਨੂੰ ਫੋਨ ਕੀਤਾ ਅਤੇ ਫੈਕਟਰੀ ਮਾਲਕ ਨੂੰ ਵੀ ਫੋਨ ਕੀਤਾ। ਜਦੋਂ ਤੱਕ ਉਹ ਆਇਆ, ਅੱਗ ਕਾਫ਼ੀ ਫੈਲ ਚੁੱਕੀ ਸੀ। ਉਸ ਨੇ ਖ਼ੁਦ ਤਾਲਾ ਖੋਲ੍ਹਿਆ ਤੇ ਉਥੋਂ ਦੌੜ ਗਿਆ।
ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਫੈਕਟਰੀ ਮਾਲਕ ਸੁਮਿਤ ਕਾਲੜਾ ਜਾਂਦੇ ਹੋਏ ਪੂਰੀ ਫੈਕਟਰੀ ਨੂੰ ਤਾਲਾ ਲਾ ਕੇ ਚਲਾ ਗਿਆ ਸੀ। ਉਸ ਨੇ ਇੱਕ ਵੀ ਦਰਵਾਜ਼ਾ ਅਜਿਹਾ ਨਹੀਂ ਛੱਡਿਆ ਕਿ ਮਜ਼ਦੂਰ ਬਾਹਰ ਨਿਕਲ ਸਕਣ। ਸੁਮਿਤ ਕਾਲੜਾ ’ਤੇ ਗੈਰ ਇਰਾਦਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।

Leave a Reply

Your email address will not be published.