Home / ਪੰਜਾਬ / ਸਿੱਧੂ ਵੱਲੋਂ ਅੰਮ੍ਰਿਤਸਰ ਲਈ ਬਹੁ-ਮੰਤਵੀ ਖੇਡ ਕੰਪਲੈਕਸ ਤੇ ਪੰਜ ਪੁਲਾਂ ਦਾ ਐਲਾਨ
Navjot Singh Sidhu Local Bodies Minister addressing Media person in Amritsar on Wednesday photo vishal kumar

ਸਿੱਧੂ ਵੱਲੋਂ ਅੰਮ੍ਰਿਤਸਰ ਲਈ ਬਹੁ-ਮੰਤਵੀ ਖੇਡ ਕੰਪਲੈਕਸ ਤੇ ਪੰਜ ਪੁਲਾਂ ਦਾ ਐਲਾਨ

Spread the love

ਅੰਮ੍ਰਿਤਸਰ-ਸੂਬੇ ਵਿਚ ਸੈਰ-ਸਪਾਟੇ ਦਾ ਧੁਰਾ ਬਣ ਰਹੇ ਅੰਮ੍ਰਿਤਸਰ ਸ਼ਹਿਰ ਵਿਚ ਲਗਭਗ 27 ਏਕੜ ਰਕਬੇ ਵਿਚ ਬਹੁਮੰਤਵੀ ਸਟੇਡੀਅਮ ਬਣਾਉਣ ਅਤੇ ਵੱਖ ਵੱਖ ਥਾਵਾਂ ’ਤੇ ਰੇਲ ਲਾਈਨਾਂ ਉਪਰ ਚਾਰ ਰੇਲਵੇ ਪੁਲਾਂ ਤੋਂ ਇਲਾਵਾ ਇਕ ਹੋਰ ਪੁਲ ਉਸਾਰਨ ਵਾਸਤੇ ਸਰਕਾਰ ਵੱਲੋਂ ਹਰੀ ਝੰਡੀ ਮਿਲ ਗਈ ਹੈ। ਇਨ੍ਹਾਂ ਪੁਲਾਂ ’ਤੇ ਲਗਭਗ 227 ਕਰੋੜ ਰੁਪਏ ਖ਼ਰਚ ਹੋਣਗੇ। ਇਹ ਖ਼ੁਲਾਸਾ ਅੱਜ ਇੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ 15 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੱਖਣਗੇ, ਜਦੋਂਕਿ ਇਨ੍ਹਾਂ ਯੋਜਨਾਵਾਂ ਤਹਿਤ ਉਸਾਰੀ ਦਾ ਕੰਮ ਅੰਮ੍ਰਿਤਸਰ ਨਗਰ ਸੁਧਾਰ ਟਰਸੱਟ ਦੀ ਨਿਗਰਾਨੀ ਹੇਠ ਹੋਵੇਗਾ।
ਸ਼ਹਿਰ ਵਿਚ ਬਹੁਮੰਤਵੀ ਖੇਡ ਸਟੇਡੀਅਮ ਬਣਾਉਣ ਦੀ ਯੋਜਨਾ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀ-ਭਾਜਪਾ ਸਰਕਾਰ ਵੇਲੇ ਬਣਾਈ ਗਈ ਸੀ। ਉਸ ਵੇਲੇ ਰਣਜੀਤ ਐਵੀਨਿਊ ਇਲਾਕੇ ਵਿਚ ਇਸ ਸਟੇਡੀਅਮ ਦੀ ਉਸਾਰੀ ਲਈ ਸਾਬਕਾ ਉਪ ਮੁੱਖ ਮੰਤਰੀ ਵੱਲੋਂ ਨੀਂਹ ਪੱਥਰ ਵੀ ਰੱਖਿਆ ਗਿਆ ਸੀ, ਪਰ ਸਿਆਸੀ ਖਿੱਚੋਤਾਣ ਕਾਰਨ ਇਹ ਯੋਜਨਾ ਅਮਲੀ ਰੂਪ ਨਾ ਲੈ ਸਕੀ। ਸ੍ਰੀ ਸਿੱਧੂ ਨੇ ਦੱਸਿਆ ਕਿ 27 ਏਕੜ ਰਕਬੇ ਵਿਚ ਬਣਨ ਵਾਲੇ ਸਟੇਡੀਅਮ ਵਿਚ ਇਕ ਕ੍ਰਿਕਟ ਸਟੇਡੀਅਮ ਵੀ ਹੋਵੇਗਾ, ਜਿਸ ਵਿਚ ਚਾਰ ਕ੍ਰਿਕਟ ਪਿੱਚਾਂ ਹੋਣਗੀਆਂ। ਉਨ੍ਹਾਂ ਆਖਿਆ ਕਿ ਇਹ ਸਟੇਡੀਅਮ ਕਮ ਖੇਡ ਕੰਪਲੈਕਸ ਹੋਵੇਗਾ, ਜਿਸ ਵਿਚ ਕ੍ਰਿਕਟ ਤੋਂ ਇਲਾਵਾ ਅਥਲੈਟਿਕਸ ਵਾਸਤੇ ਟਰੈਕ, ਹਾਕੀ ਐਸਟਰੋਟਰਫ ਮੈਦਾਨ, ਬੈਡਮਿੰਟਨ, ਟੇਬਲ ਟੈਨਿਸ ਹਾਲ, ਸਕੇਟਿੰਗ ਰਿੰਕ, ਜੂਡੋ, ਬਾਕਸਿੰਗ, ਵਾਲੀਬਾਲ ਤੇ ਬਾਸਕਟਬਾਲ ਗਰਾਊਂਡ ਤੋਂ ਇਲਾਵਾ ਖਿਡਾਰੀਆਂ ਵਾਸਤੇ ਰਿਹਾਇਸ਼ ਦੀ ਸਹੂਲਤ ਵੀ ਹੋਵੇਗੀ। ਉਨ੍ਹਾਂ ਆਖਿਆ ਕਿ ਇਸ ਬਹੁਮੰਤਵੀ ਸਟੇਡੀਅਮ ਤੇ ਖੇਡ ਕੰਪਲੈਕਸ ਦੀ ਉਸਾਰੀ ਨਾਲ ਸ਼ਹਿਰ ਵਿਚ ਖੇਡਾਂ ਦੇ ਵਿਕਾਸ ਲਈ ਵੀ ਮੁਢਲਾ ਢਾਂਚਾ ਉਪਲਬੱਧ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿਚ ਪੰਜ ਪੁਲ ਉਸਾਰਨ ਦੀ ਯੋਜਨਾ ਹੈ ਅਤੇ ਇਸ ਯੋਜਨਾ ਨੂੰ ਰੇਲਵੇ ਮੰਤਰਾਲੇ ਵੱਲੋਂ ਵੀ ਹਰੀ ਝੰਡੀ ਮਿਲ ਗਈ ਹੈ, ਜਿਸ ਤਹਿਤ ਚਾਰ ਰੇਲਵੇ ਪੁਲ ਬਣਾਏ ਜਾਣਗੇ। ਇਕ ਰੇਲਵੇ ਪੁਲ ਵੱਲਾ ਫਾਟਕ ’ਤੇ 34 ਕਰੋੜ ਰੁਪਏ ਦੀ ਲਾਗਤ ਨਾਲ, ਇਕ ਪੁਲ ਜੋੜਾ ਫਾਟਕ ’ਤੇ ਲਗਭਗ 29 ਕਰੋੜ ਰੁਪਏ ਦੀ ਲਾਗਤ ਨਾਲ, ਇਕ ਰੇਲਵੇ ਪੁਲ ਅੰਮ੍ਰਿਤਸਰ ਅਟਾਰੀ ਰੇਲ ਲਾਈਨ ’ਤੇ 25 ਕਰੋੜ ਰੁਪਏ ਦੀ ਲਾਗਤ ਨਾਲ ਤੇ ਭੰਡਾਰੀ ਪੁਲ ਵਿਚ ਵਾਧਾ 22 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸੇ ਤਰ੍ਹਾਂ ਇਕ ਪੁਲ 18 ਕਰੋੜ ਰੁਪਏ ਦੀ ਲਾਗਤ ਨਾਲ ਫੋਰ ਐੱਸ ਚੌਕ ਵਿਚ ਬਣਾਇਆ ਜਾਵੇਗਾ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਰੇਲ ਮੰਤਰੀ ਨੇ ਰੇਲਵੇ ਪੁਲ ਬਣਾਉਣ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸ ਸਬੰਧੀ ਅੜਿੱਕੇ ਖਤਮ ਕਰ ਦਿੱਤੇ ਹਨ। ਇਹ ਯੋਜਨਾਵਾਂ ਪਿਛਲੇ ਇਕ ਦਹਾਕੇ ਤੋਂ ਲਟਕ ਰਹੀਆਂ ਸਨ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਰੇਲਵੇ ਪੁਲਾਂ ਦੀ ਸ਼ੁਰੂਆਤ ਲਈ ਨੀਂਹ ਪੱਥਰ ਰੱਖਣ ਵਾਸਤੇ ਰੇਲ ਮੰਤਰੀ ਵੀ ਪੁੱਜ ਸਕਦੇ ਹਨ। ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਵਾਸਤੇ ਉਨ੍ਹਾਂ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਆਖਿਆ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਜਦੋਂ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਉਸ ਵੇਲੇ ਕਦੇ ਵੀ ਇਨ੍ਹਾਂ ਦੀਆਂ ਕੀਮਤਾਂ ਵਿਚ ਇਸ ਤਰ੍ਹਾਂ ਵਾਧਾ ਨਹੀਂ ਹੋਇਆ ਸੀ। ਹੁਣ ਜਦੋਂ ਕੌਮਾਂਤਰੀ ਪੱਧਰ ’ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਹਨ ਤਾਂ ਤੇਲ ਦੀ ਕੀਮਤ 90 ਰੁਪਏ ਤਕ ਪੁੱਜ ਗਈ ਹੈ ਤੇ ਇਸ ਦਾ ਸਿੱਧਾ ਅਸਰ ਖੇਤੀਬਾੜੀ ਅਰਥਚਾਰੇ ’ਤੇ ਪੈ ਰਿਹਾ ਹੈ।

Leave a Reply

Your email address will not be published.