Home / ਪੰਜਾਬ / ਬਠਿੰਡਾ ਦੇ ਅਧਿਆਪਕ ਨੇ ਸਟੇਟ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ

ਬਠਿੰਡਾ ਦੇ ਅਧਿਆਪਕ ਨੇ ਸਟੇਟ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ

Spread the love

ਬਠਿੰਡਾ-ਬਠਿੰਡਾ ਜ਼ਿਲ੍ਹੇ ਦੇ ਸਟੇਟ ਐਵਾਰਡੀ ਅਧਿਆਪਕ ਪਰਮਜੀਤ ਸਿੰਘ ਨੇ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਆਪਣਾ ਸਟੇਟ ਐਵਾਰਡ ਪੰਜਾਬ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦਾ ਇਹ ਪਹਿਲਾ ਅਧਿਆਪਕ ਹੈ, ਜਿਸ ਨੇ ਸੜਕਾਂ ’ਤੇ ਰੁਲ ਰਹੇ ਅਧਿਆਪਕਾਂ ਦੀ ਹਮਾਇਤ ’ਚ ਹਾਅ ਦਾ ਨਾਅਰਾ ਮਾਰਨ ਲਈ ਸਟੇਟ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਅਧਿਆਪਕ ਨੇ ਪਟਿਆਲਾ ਮੋਰਚੇ ਵਿਚ ਕੁੱਦੇ ਅਧਿਆਪਕਾਂ ਦੀ ਹਮਾਇਤ ਵਿਚ ਸਟੇਟ ਐਵਾਰਡ ਨਕਾਰ ਦਿੱਤਾ ਹੈ। ਪੰਜਾਬ ਸਰਕਾਰ ਨੇ ਰਮਸਾ ਅਤੇ ਐੱਸਐੱਸਏ ਅਧਿਆਪਕਾਂ ਦੀ ਤਨਖ਼ਾਹ 42 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਕਰ ਕੇ ਉਨ੍ਹਾਂ ਨੂੰ ਪੱਕੇ ਕੀਤਾ ਹੈ, ਜਿਸ ਦੇ ਸਬੰਧ ਵਿਚ ਹਜ਼ਾਰਾਂ ਅਧਿਆਪਕ ਪਟਿਆਲਾ ਸ਼ਹਿਰ ਦੀਆਂ ਸੜਕਾਂ ’ਤੇ ਉੱਤਰੇ ਹੋਏ ਹਨ। ਸਟੇਟ ਐਵਾਰਡੀ ਅਧਿਆਪਕ ਪਰਮਜੀਤ ਸਿੰਘ ਇਸ ਵੇਲੇ ਸਰਕਾਰੀ ਹਾਈ ਸਕੂਲ ਗੋਨਿਆਣਾ ਖ਼ੁਰਦ ’ਚ ਆਰਟ ਐਂਡ ਕਰਾਫ਼ਟ ਅਧਿਆਪਕ ਵਜੋਂ ਤਾਇਨਾਤ ਹੈ। ਪੰਜਾਬ ਸਰਕਾਰ ਨੇ ਉਸ ਨੂੰ ਸਾਲ 2014 ਵਿਚ ਸਟੇਟ ਪੁਰਸਕਾਰ ਨਾਲ ਸਨਮਾਨਿਆ ਸੀ। ਤਤਕਾਲੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਹ ਐਵਾਰਡ ਦਿੱਤਾ ਸੀ। ਦਿੱਲੀ ਤੋਂ ਉਸ ਨੂੰ ਗਲੋਬਲ ਟੀਚਰ ਐਵਾਰਡ ਵੀ ਮਿਲਿਆ ਹੋਇਆ ਹੈ।
ਸਟੇਟ ਐਵਾਰਡੀ ਅਧਿਆਪਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮਨ ਵਿਚ ਉਦੋਂ ਪੰਜਾਬ ਸਰਕਾਰ ਪ੍ਰਤੀ ਰੋਸ ਵਧ ਗਿਆ, ਜਦੋਂ 10 ਸਾਲ ਦੀ ਸੇਵਾ ਕਰਨ ਵਾਲੇ ਅਧਿਆਪਕਾਂ ਨੂੰ ਸੜਕਾਂ ’ਤੇ ਪਰਿਵਾਰਾਂ ਸਮੇਤ ਰੁਲਦੇ ਦੇਖਿਆ। ਇਹ ਅਧਿਆਪਕ ਸਭ ਸ਼ਰਤਾਂ ਪੂਰੀਆਂ ਕਰਦੇ ਹਨ ਤੇ ਉਨ੍ਹਾਂ ਨੂੰ ਬਿਨਾਂ ਕਸੂਰੋਂ ਸਜ਼ਾ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਜਦੋਂ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ ਸੀ ਤਾਂ ਬਹੁਤ ਖ਼ੁਸ਼ੀ ਹੋਈ ਸੀ ਪਰ ਹੁਣ ਜਦੋਂ ਉਹ ਅਧਿਆਪਕਾਂ ਨੂੰ ਸੜਕਾਂ ’ਤੇ ਰੁਲਦੇ ਦੇਖਦੇ ਹਨ ਤਾਂ ਐਵਾਰਡ ਕਾਗ਼ਜ਼ ਦਾ ਟੁਕੜਾ ਲੱਗਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰੋਸ ਵਜੋਂ ਆਪਣਾ ਸਟੇਟ ਐਵਾਰਡ ਸਰਕਾਰ ਨੂੰ ਵਾਪਸ ਕਰ ਰਹੇ ਹਨ।

Leave a Reply

Your email address will not be published.