Home / ਮੁੱਖ ਖਬਰਾਂ / ਜਲੰਧਰ ’ਚੋਂ ਤਿੰਨ ਕਸ਼ਮੀਰੀ ਵਿਦਿਆਰਥੀ ਗ੍ਰਿਫ਼ਤਾਰ
Three Kashmiri student associated anti-national activities,have been arrested from the CT Institute, accused appearing before judge at latter's residence in Jalandhar Wednesday.Tribune Photo: Malkiat Singh

ਜਲੰਧਰ ’ਚੋਂ ਤਿੰਨ ਕਸ਼ਮੀਰੀ ਵਿਦਿਆਰਥੀ ਗ੍ਰਿਫ਼ਤਾਰ

Spread the love

ਜਲੰਧਰ-ਪੰਜਾਬ ਪੁਲੀਸ ਅਤੇ ਜੰਮੂ ਕਸ਼ਮੀਰ ਦੇ ਸਪੈਸ਼ਲ ਅਪਰੇਸ਼ਨ ਗਰੁਪ ਨੇ ਸਾਂਝੀ ਕਰਵਾਈ ਕਰਦਿਆਂ ਇੱਥੇ ਪੜ੍ਹ ਰਹੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੇਰ ਰਾਤ ਕੀਤੀ ਗਈ ਕਾਰਵਾਈ ਦੌਰਾਨ ਦੋਹਾਂ ਸੂਬਿਆਂ ਦੀ ਪੁਲੀਸ ਨੇ ਪਿੰਡ ਸ਼ਾਹਪੁਰ ਵਿਚ ਸੀਟੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਤੋਂ ਦੋ ਅਤੇ ਸੇਂਟ ਸੋਲਜਰ ਇੰਸਟੀਚਿਊਟ ਤੋਂ ਇਕ ਕਸ਼ਮੀਰੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਕੋਲੋਂ ਇੱਕ ਏ.ਕੇ. 47, ਇੱਕ ਪਿਸਤੌਲ ਤੇ ਹੋਰ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋਈ ਹੈ। ਇਨ੍ਹਾਂ ਵਿਰੁੱਧ ਥਾਣਾ ਸਦਰ ਵਿੱਚ 121, 121ਏ, 120ਬੀ, ਅਸਲਾ ਐਕਟ ਦੀਆਂ ਧਾਰਾਵਾਂ 25/54/59 ਅਤੇ ਧਮਾਕਾਖੇ਼ਜ਼ ਐਕਟ ਦੀਆਂ ਧਾਰਾਵਾਂ 10/13/17/ 18/18ਬੀ/20/38/39/40 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਜ਼ਾਹਿਦ ਗੁਲਜ਼ਾਰ ਵਾਸੀ ਰਾਜਪੁਰਾ (ਸ੍ਰੀਨਗਰ), ਯੂਸ਼ਫ਼ ਰਫ਼ੀਕ ਭੱਟ ਵਾਸੀ ਨੂਰਪੁਰਾ ਪੁਲਵਾਮਾ ਅਤੇ ਮੁਹੰਮਦ ਇਦਰੀਸ਼ ਉਰਫ ਨਦੀਮ ਵਾਸੀ ਪੁਲਵਾਮਾ ਜੰਮੂ ਕਸ਼ਮੀਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਇਹ ਕੋਈ ਸਲੀਪਰ ਸੈੱਲ ਨਹੀਂ ਸੀ ਸਗੋਂ ਨਵੀਂ ਬਣੀ ਅਨਸਾਰ-ਗਜ਼ਵਤ-ਉਲ-ਹਿੰਦ ਨਾਂਅ ਦੀ ਜੱਥੇਬੰਦੀ ਲਈ ਕੰਮ ਕਰ ਰਹੇ ਸਨ। ਸ੍ਰੀ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲੀਸ ਨੂੰ ਕਾਫ਼ੀ ਸਮੇਂ ਤੋਂ ਕੁਝ ਸੂਹਾਂ ਮਿਲ ਰਹੀਆਂ ਸਨ। ਲੰਘੀ ਰਾਤ ਨੂੰ ਸੀ.ਟੀ ਇੰਸਟੀਚਿਊਟ ਦੇ ਹੋਸਟਲ ਵਿੱਚ ਛਾਪਾ ਮਾਰ ਕੇ ਦੋ ਵਿਦਿਆਰਥੀਆਂ ਨੂੰ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਜ਼ਾਹਿਦ ਅਤੇ ਰਫ਼ੀਕ ਸੀਟੀ ਇੰਸਟੀਚਿਊਟ ਵਿਚ ਬੀ.ਟੈੱਕ (ਸਿਵਲ) ਦੇ ਦੂਜੇ ਸਮੈਸਟਰ ਦੇ ਵਿਦਿਆਰਥੀ ਹਨ ਜਦਕਿ ਨਦੀਮ ਸੇਂਟ ਸੋਲਜਰ ਇੰਸਟੀਚਿਊਟ ਦਾ ਵਿਦਿਆਰਥੀ ਹੈ। ਇਸ ਦੌਰਾਨ, ਗ੍ਰਿਫ਼ਤਾਰ ਕੀਤੇ ਤਿੰਨੋਂ ਵਿਦਿਆਰਥੀਆਂ ਨੂੰ ਇੱਥੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਦਾ ਦਸ ਰੋਜ਼ਾ ਪੁਲੀਸ ਰਿਮਾਂਡ ਦੇ ਦਿੱਤਾ ਗਿਆ। ਇਨ੍ਹਾਂ ਵਿਦਿਆਰਥੀਆਂ ਕੋਲ ਹਥਿਆਰ ਕਿਹੜੇ ਰਸਤੇ ਆਏ ਸਨ, ਇਸ ਬਾਰੇ ਸ੍ਰੀ ਭੁੱਲਰ ਨੇ ਕਿਹਾ ਕਿ ਇਹ ਸਾਰਾ ਕੁਝ ਜਾਂਚ ਦਾ ਹਿੱਸਾ ਹੈ। ਇਸ ਬਾਰੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ। ਉਨ੍ਹਾਂ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਜਲੰਧਰ ਵਿੱਚ ਆਰ.ਐਸ.ਐਸ ਦੇ ਮੁਖੀ ਮੋਹਨ ਭਾਗਵਤ ਦੀ ਮੌਜੂਦਗੀ ਨਾਲ ਕੋਈ ਸਬੰਧ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਉਨਾਂ ਹਾਲ ਹੀ ਵਿੱਚ ਥਾਣਾ ਮਕਸੂਦਾਂ ਦੇ ਬਾਹਰ ਹੋਏ ਚਾਰ ਹਲਕੇ ਪੱਧਰ ਦੇ ਧਮਾਕਿਆਂ ਨੂੰ ਵੀ ਇਸ ਕੜੀ ਨਾਲ ਜੋੜੇ ਜਾਣ ਤੋਂ ਇਨਕਾਰ ਕੀਤਾ ਹੈ।
ਉਧਰ ਸੀ.ਟੀ. ਗਰੁਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੰਘੀ ਰਾਤ ਨੂੰ ਪੁਲੀਸ ਨੇ ਹੋਸਟਲ ਦੇ ਕਮਰਾ ਨੰਬਰ 94 ਵਿੱਚੋਂ ਦੋ ਵਿਦਿਆਰਥੀਆਂ ਨੂੰ ਫੜ ਕੇ ਲਿਆਦਾ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ। ਸੰਸਥਾ ਦੇ ਮੁਖੀ ਨੇ ਇਹ ਸਪੱਸ਼ਟ ਕੀਤਾ ਕਿ ਸਾਨੂੰ ਇਹ ਨਹੀਂ ਪਤਾ ਕਿ ਵਿਦਿਆਰਥੀਆਂ ਦੇ ਕਮਰੇ ਵਿੱਚੋਂ ਕੀ ਬਰਾਮਦ ਹੋਇਆ ਹੈ। ਕਿਸੇ ਵੀ ਵਿਦਿਆਰਥੀ ਦਾ ਸਾਮਾਨ ਫਰੋਲ ਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਸੰਸਥਾ ਹਰ ਇੱਕ ’ਤੇ ਸ਼ੱਕ ਨਹੀਂ ਕਰ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਨੂੰ ਸੰਸਥਾ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਡੀਜੀਪੀ ਸ਼ੁਰੇਸ਼ ਅਰੋੜਾ ਅਤੇ ਜੰਮੂ ਕਸ਼ਮੀਰ ਦੇ ਡੀ.ਜੀ.ਪੀ ਨਾਲ ਮਿਲ ਕੇ ਅਗਲੀ ਜਾਂਚ ਆਰੰਭੀ ਜਾ ਚੁੱਕੀ ਹੈ। ਇਸ ਪਿੱਛੇ ਆਈ.ਐਸ.ਆਈ. ਦੇ ਹੱਥ ਹੋਣ ਬਾਰੇ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published.