Home / ਮੁੱਖ ਖਬਰਾਂ / ਬੇਅਦਬੀ ਕਾਂਡ: ਸੁਮੇਧ ਸੈਣੀ ਹਾਈ ਕੋਰਟ ਪੁੱਜਿਆ

ਬੇਅਦਬੀ ਕਾਂਡ: ਸੁਮੇਧ ਸੈਣੀ ਹਾਈ ਕੋਰਟ ਪੁੱਜਿਆ

Spread the love

ਚੰਡੀਗੜ੍ਹ-ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੁੱਜ ਗਏ ਹਨ। ਭਾਵੇਂ ਕਿ ਉਨ੍ਹਾਂ ਵੱਲੋਂ ਦਾਇਰ ਪਟੀਸ਼ਨ ਦੇ ਵਿਸ਼ੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਟੀਸ਼ਨ ’ਚ ਸ੍ਰੀ ਸੈਣੀ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਪੰਜਾਬ ਪੁਲੀਸ ਕੋਲੋਂ ਨਾ ਕਰਵਾਈ ਜਾਵੇ।
ਇਸ ਸਬੰਧੀ ਹਾਈ ਕੋਰਟ, ਪੰਜਾਬ ਸਰਕਾਰ ਅਤੇ ਹੋਰ ਸਬੰਧਤ ਧਿਰਾਂ ਨੂੰ ਹਦਾਇਤਾਂ ਦੇਵੇ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸ੍ਰੀ ਸੈਣੀ ਨੇ ਆਪਣੇ ਵਿਰੁੱਧ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ ਤੇ ਉਹ ਸੀਬੀਆਈ ਵੀ ਹੋ ਸਕਦੀ ਹੈ। ਪਟੀਸ਼ਨ ਜਸਟਿਸ ਗੁਰਵਿੰਦਰ ਸਿੰਘ ਗਿੱਲ ਦੀ ਅਦਾਲਤ ਵਿੱਚ ਸੁਣਵਾਈ ਲਈ ਲੱਗੀ ਹੈ ਤੇ ਇਸ ਉੱਤੇ ਵੀਰਵਾਰ ਸਵੇਰੇ ਸੁਣਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦਾ ਨਾਂਅ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੇਸ਼ ਕੀਤੀ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ। ਤਿੰਨ ਸਾਲ ਪਹਿਲਾਂ ਪੁਲੀਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸ਼ਾਂਤਮਈ ਸਿੱਖਾਂ ਉੱਤੇ ਕੋਟਕਪੂਰਾ ਵਿੱਚ ਗੋਲੀ ਚਲਾ ਦਿੱਤੀ ਸੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਸ ਦੇ ਲਈ ਤਤਕਾਲੀ ਪੁਲੀਸ ਮੁਖੀ ਸੁਮੇਧ ਸੈਣੀ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਘਟਨਾ ਲਈ ਸੈਣੀ ਤੋਂ ਇਲਾਵਾ ਕਮਿਸ਼ਨ ਨੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਾਹਲ ਅਤੇ ਤਿੰਨ ਐੱਸਐੱਸਪੀਜ਼ ਐੱਸ ਐੱਸ ਮਾਨ, ਚਰਨਜੀਤ ਸ਼ਰਮਾ ਅਤੇ ਰਘਬੀਰ ਸਿੰਘ ਦੇ ਨਾਲ ਦੋ ਗੰਨਮੈਨਾਂ ਨੂੰ ਵੀ ਦੋਸ਼ੀ ਮੰਨਿਆ ਹੈ। ਸੈਣੀ ਤੋਂ ਪਹਿਲਾਂ ਕਈ ਪੁਲੀਸ ਅਧਿਕਾਰੀ ਹਾਈ ਕੋਰਟ ਦਾ ਰੁਖ ਕਰਕੇ ਉਨ੍ਹਾਂ ਨੂੰ ਜਸਟਿਸ ਰਣਜੀਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਜ਼ਾ ਨਾ ਦੇਣ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published.