Home / ਭਾਰਤ / ਇੰਜਨੀਅਰ ਅਗਰਵਾਲ ਦਾ ਤਿੰਨ ਰੋਜ਼ਾ ਰਾਹਦਾਰੀ ਰਿਮਾਂਡ ਦਿੱਤਾ

ਇੰਜਨੀਅਰ ਅਗਰਵਾਲ ਦਾ ਤਿੰਨ ਰੋਜ਼ਾ ਰਾਹਦਾਰੀ ਰਿਮਾਂਡ ਦਿੱਤਾ

Spread the love

ਨਾਗਪੁਰ-ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਬ੍ਰਹਿਮੋਸ ਦੇ ਏਅਰੋਸਪੇਸ ਇੰਜਨੀਅਰ ਨਿਸ਼ਾਂਤ ਅਗਰਵਾਲ ਦੋ ਸ਼ੱਕੀ ਫੇਸਬੁੱਕ ਖਾਤਿਆਂ ਨਾਲ ਰਾਬਤੇ ਵਿੱਚ ਸੀ।
ਉੱਤਰ ਪ੍ਰਦੇਸ਼ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ (ਏਟੀਐਸ) ਨੇ ਇੱਥੇ ਜੂਨੀਅਰ ਮੈਜਿਸਟ੍ਰੇਟ ਅੱਵਲ ਦਰਜਾ ਐਸ ਐਮ ਜੋਸ਼ੀ ਦੀ ਅਦਾਲਤ ਵਿੱਚ ਉਸ ਤੋਂ ਲਖਨਊ ਲਿਜਾ ਕੇ ਤਫ਼ਸੀਲ ’ਚ ਪੁੱਛ-ਪੜਤਾਲ ਕਰਨ ਲਈ ਉਸ ਦਾ ਰਾਹਦਾਰੀ ਰਿਮਾਂਡ ਮੰਗਦਿਆਂ ਇਹ ਜਾਣਕਾਰੀ ਸਾਂਝੀ ਕੀਤੀ। ਵਧੀਕ ਸਰਕਾਰੀ ਵਕੀਲ ਐਸ ਜੇ ਬਾਗੜੇ ਨੇ ਦੱਸਿਆ ਕਿ ਅਦਾਲਤ ਨੇ ਯੂਪੀ-ਏਟੀਐਸ ਨੂੰ ਉਸ ਦਾ ਤਿੰਨ ਰੋਜ਼ਾ ਰਾਹਦਾਰੀ ਰਿਮਾਂਡ ਦੇ ਦਿੱਤਾ।
ਨਿਸ਼ਾਂਤ ਅਗਰਵਾਲ ਨੂੰ ਕੱਲ੍ਹ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਪੁਲੀਸ ਦੇ ਏਟੀਐਸ ਯੂਨਿਟਾਂ ਦੇ ਸਾਂਝੇ ਅਪਰੇਸ਼ਨ ਤਹਿਤ ਕੱਲ੍ਹ ਬ੍ਰਹਮੋਸ ਦੇ ਵਰਧਾ ਰੋਡ ਕੇਂਦਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ’ਤੇ ਕੋਈ ਤਕਨੀਕੀ ਜਾਣਕਾਰੀ ਪਾਕਿਸਤਾਨ ਨੂੰ ਦੇਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਯੂਪੀ- ਏਟੀਐਸ ਦੇ ਤਫ਼ਤੀਸ਼ੀ ਅਫ਼ਸਰ ਨੇ ਅਦਾਲਤ ਨੂੰ ਦੱਸਿਆ ਕਿ ਅਗਰਵਾਲ ਨੇਹਾ ਸ਼ਰਮਾ ਤੇ ਪੂਜਾ ਰੰਜਨ ਦੇ ਨਾਵਾਂ ਹੇਠ ਚੱਲਦੇ ਫੇਸਬੁੱਕ ਖਾਤਿਆਂ ਨਾਲ ਜੁੜਿਆ ਹੋਇਆ ਸੀ ਜਿਨ੍ਹਾਂ ’ਤੇ ਸ਼ੱਕ ਹੈ ਕਿ ਇਹ ਇਸਲਾਮਾਬਾਦ ਤੋਂ ਪਾਕਿਸਤਾਨ ਦੀਆ ਖੁਫ਼ੀਆ ਏਜੰਸੀਆਂ ਰਾਹੀਂ ਚਲਾਏ ਜਾਂਦੇ ਹਨ। ਬ੍ਰਹਿਮੋਸ ਏਅਰੋਸਪੇਸ ਭਾਰਤੀ ਪੁਲਾੜ ਖੋਜ ਤੇ ਵਿਕਾਸ ਸੰਗਠਨ ਡੀਆਰਡੀਓ ਅਤੇ ਮਿਲਟਰੀ ਇੰਡਸਟ੍ਰੀਅਲ ਕਨਸੋਰਸ਼ੀਅਮ, ਰੂਸ ਦਾ ਸਾਂਝਾ ਉਦਮ ਹੈ। ਇਸ ਤਰ੍ਹਾਂ ਦੇ ਜਾਅਲੀ ਖਾਤੇ ਆਮ ਤੌਰ ’ਤੇ ਭਾਰਤ ਦੇ ਸੀਨੀਅਰ ਅਫ਼ਸਰਾਂ ਤੱਕ ਰਸਾਈ ਹਾਸਲ ਕਰਨ ਲਈ ਵਰਤੇ ਜਾਂਦੇ ਹਨ। ਏਟੀਐਸ ਅਫ਼ਸਰ ਨੇ ਦੱਸਿਆ ਕਿ ਅਗਰਵਾਲ ‘‘ ਬੇਹੱਦ ਸੰਵੇਦਨਸ਼ੀਲ ਕਾਰਜ’’ ਨਾਲ ਜੁੜਿਆ ਹੋਇਆ ਸੀ ਪਰ ਇੰਟਰਨੈੱਟ ’ਤੇ ਕਾਫ਼ੀ ਲਾਪਰਵਾਹੀ ਨਾਲ ਵਿਚਰਦਾ ਸੀ ਜਿਸ ਕਰ ਕੇ ਉਹ ਆਸਾਨ ਨਿਸ਼ਾਨਾ ਬਣ ਗਿਆ। ਤਫ਼ਤੀਸ਼ੀ ਅਫ਼ਸਰ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਨਿੱਜੀ ਲੈਪਟੌਪ ’ਚ ਵੀ ਕਾਫ਼ੀ ਖ਼ੁਫ਼ੀਆ ਜਾਣਕਾਰੀ ਰੱਖੀ ਹੋਈ ਸੀ।

Leave a Reply

Your email address will not be published.