Home / ਪੰਜਾਬ / ਘਰ ‘ਚੋਂ ਮਿ੍ਤਕ ਮਿਲੇ ਮਾਂ ਤੇ ਦੋ ਬੱਚੇ

ਘਰ ‘ਚੋਂ ਮਿ੍ਤਕ ਮਿਲੇ ਮਾਂ ਤੇ ਦੋ ਬੱਚੇ

Spread the love

ਫ਼ਰੀਦਕੋਟ-ਸਥਾਨਕ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਸੁੰਦਰ ਨਗਰ ਦੀ ਗਲੀ ਨੰ: 5 ‘ਚ ਸਥਿਤ ਇਕ ਘਰ ‘ਚੋਂ ਮਾਂ ਤੇ ਉਸਦੇ ਦੋ ਨਾਬਾਲਗ ਬੱਚਿਆਂ ਦੀਆਂ ਭੇਦਭਰੇ ਹਾਲਾਤ ‘ਚ ਲਾਸ਼ਾਂ ਮਿਲੀਆਂ | ਜਾਣਕਾਰੀ ਅਨੁਸਾਰ ਧਰਮਿੰਦਰ ਕੁਮਾਰ ਉਰਫ਼ ਲਵਲੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਿਜਲੀ ਦਾ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਪੰਜ ਕੁ ਵਜੇ ਬਿਜਲੀ ਦੀ ਸ਼ਿਕਾਇਤ ਨਿਪਟਾਉਣ ਲਈ ਗਿਆ ਅਤੇ ਵਾਪਸ ਆ ਕੇ ਆਪਣੀ ਪਤਨੀ ਪੂਜਾ (26), ਲੜਕੀ ਸਹਿਨਾਮ (7) ਤੇ ਲੜਕਾ ਮਾਣਕ (5) ਨੂੰ ਜਗਾਉਣਾ ਚਾਹਿਆ ਤਾਂ ਉਹ ਬੇਸੁਰਤ ਹੋ ਕੇ ਪਏ ਸਨ | ਉਸ ਨੇ ਤੁਰੰਤ ਉਨ੍ਹਾਂ ਨੂੰ ਆਸੇ ਪਾਸੇ ਦੇ ਲੋਕਾਂ ਦੀ ਮਦਦ ਨਾਲ ਸਥਾਨਕ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰ ਵਲੋਂ ਤਿੰਨਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਸੂਚਨਾ ਮਿਲਦੇ ਹੀ ਥਾਣਾ ਸਿਟੀ ਐਸ.ਐਚ.ਓ. ਇਕਬਾਲ ਸਿੰਘ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਹਸਪਤਾਲ ਜਾ ਕੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ | ਇੰਸਪੈਕਟਰ ਇਕਬਾਲ ਸਿੰਘ ਨੇ ਕਿਹਾ ਕਿ ਮਿ੍ਤਕ ਔਰਤ ਦੇ ਪਤੀ ਧਰਮਿੰਦਰ ਕੁਮਾਰ ਉਰਫ਼ ਲਵਲੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਿ੍ਤਕਾਂ ਦੇ ਸਰੀਰ ‘ਤੇ ਕਿਸੇ ਵੀ ਕਿਸਮ ਦੇ ਨਿਸ਼ਾਨ ਆਦਿ ਨਹੀਂ ਹਨ ਅਤੇ ਮੁੱਢਲੀ ਜਾਂਚ ਤੋਂ ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਚੱਲ ਸਕਿਆ | ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਮਿ੍ਤਕਾਂ ਦੇ ਪੋਸਟ ਮਾਰਟਮ ਲਈ ਡਾਕਟਰਾਂ ਦੇ ਬੋਰਡ ਦੇ ਗਠਨ ਸਬੰਧੀ ਲਿਖਿਆ ਗਿਆ ਹੈੇ ਤੇ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਬਾਰੇ ਪਤਾ ਲੱਗੇਗਾ | ਧਰਮਿੰਦਰ ਤੇ ਪੂਜਾ ਦਾ 2010 ‘ਚ ਵਿਆਹ ਹੋਇਆ ਸੀ ਅਤੇ ਸੁੰਦਰ ਨਗਰ ਵਿਖੇ ਉਹ ਕਿਰਾਏ ਦੇ ਮਕਾਨ ‘ਚ ਰਹਿੰਦੇ ਸਨ, ਜਿਥੇ ਇਹ ਘਟਨਾ ਵਾਪਰੀ | ਧਰਮਿੰਦਰ ਕੁਮਾਰ ਅਨੁਸਾਰ ਉਹ ਸਾਰੇ ਰਾਤ ਨੂੰ ਰੋਟੀ ਖਾਣ ਤੋਂ ਬਾਅਦ 12 ਕੁ ਵਜੇ ਸੋਣ ਲਈ ਗਏ ਸਨ ਤੇ ਸੋਣ ਸਮੇਂ ਉਨ੍ਹਾਂ ਸਾਰਿਆਂ ਨੇ ਦੁੱਧ ਪੀਤਾ ਸੀ |

Leave a Reply

Your email address will not be published.