Home / ਪੰਜਾਬ / ਡਰੱਗ ਤਸਕਰੀ ਕੇਸ: ਸਾਬਕਾ ਮੰਤਰੀ ਫਿਲੌਰ ਸਮੇਤ 12 ਖ਼ਿਲਾਫ਼ ਦੋਸ਼ ਤੈਅ

ਡਰੱਗ ਤਸਕਰੀ ਕੇਸ: ਸਾਬਕਾ ਮੰਤਰੀ ਫਿਲੌਰ ਸਮੇਤ 12 ਖ਼ਿਲਾਫ਼ ਦੋਸ਼ ਤੈਅ

Spread the love

ਐੱਸ.ਏ.ਐੱਸ. ਨਗਰ (ਮੁਹਾਲੀ)-ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਉਸ ਦੇ ਬੇਟੇ ਦਮਨਵੀਰ ਸਿੰਘ ਫਿਲੌਰ, ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਪਰਮਜੀਤ ਸਿੰਘ ਚਾਹਲ, ਜਗਜੀਤ ਸਿੰਘ ਚਾਹਲ, ਉਸ ਦੀ ਪਤਨੀ ਇੰਦਰਜੀਤ ਕੌਰ ਚਾਹਲ, ਦਵਿੰਦਰ ਕਾਂਤ ਸ਼ਰਮਾ, ਸਚਿਨ ਸਰਦਾਨਾ, ਉਸ ਦੀ ਪਤਨੀ ਰਸ਼ਮੀ ਸਰਦਾਨਾ, ਪਿਤਾ ਸੁਸ਼ੀਲ ਕੁਮਾਰ ਸਰਦਾਨਾ, ਮਾਂ ਕੈਲਾਸ਼ ਸਰਦਾਨਾ ਅਤੇ ਜਸਵਿੰਦਰ ਸਿੰਘ ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਭੋਲਾ ਕੇਸ ਵਿੱਚ ਵੱਖਰੇ ਤੌਰ ’ਤੇ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਐੱਨਐੱਸ ਗਿੱਲ ਦੀ ਅਦਾਲਤ ਵਿੱਚ ਚੱਲ ਰਹੀ ਸੀ। ਅੱਜ ਕੇਸ ਦੀ ਸੁਣਵਾਈ ਦੌਰਾਨ ਈਡੀ ਦੇ ਵਕੀਲ ਜਗਜੀਤ ਸਿੰਘ ਸਰਾਓ ਵੀ ਹਾਜ਼ਰ ਸਨ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 23 ਅਕਤੂਬਰ ਦੀ ਮਿਤੀ ਨਿਰਧਾਰਤ ਕੀਤੀ ਹੈ। ਇਸ ਤਰੀਕ ਉੱਤੇ ਅਦਾਲਤ ਨੇ ਕਰੀਬ 100 ਸਰਕਾਰੀ ਗਵਾਹਾਂ ਵਿੱਚੋਂ 2 ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕੀਤੇ ਹਨ।
ਹਾਲਾਂਕਿ ਕਈ ਮੁਲਜ਼ਮਾਂ ਨੇ ਆਪੋ ਆਪਣੇ ਵਕੀਲਾਂ ਰਾਹੀਂ ਸੀਬੀਆਈ ਅਦਾਲਤ ਵਿੱਚ ਵੱਖੋ ਵੱਖਰੀਆਂ ਅਰਜ਼ੀਆਂ ਦਾਇਰ ਕਰਕੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਉਨ੍ਹਾਂ ਨੂੰ ਇਸ ਕੇਸ ’ਚੋਂ ਡਿਸਚਾਰਜ ਕਰਨ ਦੀ ਮੰਗ ਕੀਤੀ ਸੀ ਪਰ ਬੀਤੀ 31 ਅਗਸਤ ਨੂੰ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ।
ਜਾਣਕਾਰੀ ਅਨੁਸਾਰ ਈਡੀ ਵੱਲੋਂ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ’ਤੇ ਦੋਸ਼ ਲਗਾਇਆ ਗਿਆ ਸੀ ਕਿ ਗੁਰਮੇਜ ਸਿੰਘ ਉਰਫ਼ ਗਾਬਾ ਕੋਲੋਂ ਮਿਲੀ ਡਾਇਰੀ ਵਿੱਚ ਸਰਵਣ ਸਿੰਘ ਫਿਲੌਰ ਦੀ ਚੋਣ ’ਤੇ ਕੀਤੇ ਖ਼ਰਚ ਦਾ ਬਿਊਰਾ ਦਰਜ ਸੀ। ਜਦੋਂਕਿ ਡਰੱਗ ਕੇਸ ਵਿੱਚ ਗ੍ਰਿਫ਼ਤਾਰ ਵਰਿੰਦਰ ਰਾਜਾ ਨੇ ਪੁੱਛਗਿੱਛ ਦੌਰਾਨ ਪੁਲੀਸ ਕੋਲ ਸਾਬਕਾ ਮੰਤਰੀ ਦੇ ਬੇਟੇ ਦਮਨਵੀਰ ਸਿੰਘ ਦਾ ਨਾਂ ਲਿਆ ਸੀ ਕਿ ਉਸ ਨੇ ਦਮਨਵੀਰ ਨੂੰ ਗੁਰਜੀਤ ਗਾਬਾ ਨਾਲ ਮਿਲਾਇਆ ਸੀ। ਗੁਰਜੀਤ ਗਾਬਾ ਅਤੇ ਗੁਰਮੇਜ ਗਾਬਾ ਦੋਵੇਂ ਭਰਾ ਹਨ। ਸਾਬਕਾ ਸੰਸਦ ਸਕੱਤਰ ਅਵਿਨਾਸ਼ ਚੰਦਰ ’ਤੇ ਦੋਸ਼ ਹੈ ਕਿ ਗੁਰਮੇਜ ਗਾਬਾ ਕੋਲੋਂ ਮਿਲੀ ਡਾਇਰੀ ਵਿੱਚ ਚੋਣ ਵਿੱਚ ਖ਼ਰਚ ਕੀਤੇ ਪੈਸਿਆਂ ਤੋਂ ਇਲਾਵਾ ਹੋਰ ਖਰਚੇ ਦਾ ਹਿਸਾਬ ਕਿਤਾਬ ਲਿਖਿਆ ਹੋਇਆ ਮਿਲਿਆ ਹੈ। ਇਸ ਤਰ੍ਹਾਂ ਹੀ ਇੰਦਰਜੀਤ ਕੌਰ ’ਤੇ ਉਸ ਦੇ ਪਤੀ ਉੱਤੇ ਬੇਨਾਮੀ ਸੰਪਤੀ ਦੀ ਖ਼ਰੀਦਣ ਦਾ ਦੋਸ਼ ਹੈ।
ਈਡੀ ਵੱਲੋਂ ਦੋਸ਼ੀਆਂ ਦੇ ਖ਼ਿਲਾਫ਼ 8400 ਪੰਨਿਆਂ ਦੇ ਸਪਲੀਮੈਂਟਰੀ ਚਲਾਨ ਵਿੱਚ ਨਸ਼ਾ ਤਸਕਰੀ ਅਤੇ ਦੇਸ਼-ਵਿਦੇਸ਼ ਵਿੱਚ ਬਣਾਈਆਂ ਜਾਇਦਾਦਾਂ ਦਾ ਵੇਰਵਾ ਦਿੱਤਾ ਹੈ। ਇਸ ਮਾਮਲੇ ਵਿੱਚ ਨਾਮਜ਼ਦ ਜਗਜੀਤ ਸਿੰਘ ਚਾਹਲ, ਉਸ ਦੇ ਭਰਾ ਪਰਮਜੀਤ ਸਿੰਘ ਚਾਹਲ ਵੱਲੋਂ ਅੱਠ ਕੰਪਨੀਆਂ ਬਣਾਉਣ ਅਤੇ ਮਹਿੰਗੀਆਂ ਕਾਰਾਂ ਖ਼ਰੀਦਣ ਦਾ ਵੀ ਖ਼ੁਲਾਸਾ ਕੀਤਾ ਹੈ।

Leave a Reply

Your email address will not be published.