ਮੁੱਖ ਖਬਰਾਂ
Home / ਮੁੱਖ ਖਬਰਾਂ / ਤਿੰਨ ਮੁਕਾਬਲਿਆਂ ’ਚ 8 ਦਹਿਸ਼ਤੀ ਹਲਾਕ
Jammu: Army personnel take position during a search operation on the second day after a militant attack on a CRPF post at Jhajjar Kotli on Srinagar-Jammu National highway, 35 kms away from Jammu, Thursday, Sept 13, 2018. (PTI Photo) (PTI9_13_2018_000104A)

ਤਿੰਨ ਮੁਕਾਬਲਿਆਂ ’ਚ 8 ਦਹਿਸ਼ਤੀ ਹਲਾਕ

Spread the love

ਸ੍ਰੀਨਗਰ/ਜੰਮੂ-ਜੰਮੂ ਕਸ਼ਮੀਰ ’ਚ ਤਿੰਨ ਵੱਖ ਵੱਖ ਮੁਕਾਬਲਿਆਂ ਦੌਰਾਨ ਵੀਰਵਾਰ ਨੂੰ ਜੈਸ਼-ਏ-ਮੁਹੰਮਦ ਦੇ ਤਿੰਨ ਦਹਿਸ਼ਤਗਰਦਾਂ ਸਮੇਤ ਅੱਠ ਦਹਿਸ਼ਤਗਰਦ ਮਾਰੇ ਗਏ ਜਦਕਿ ਸੁਰੱਖਿਆ ਬਲਾਂ ਦੇ 12 ਜਵਾਨ ਜ਼ਖ਼ਮੀ ਹੋ ਗਏ। ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਦਹਿਸ਼ਤਗਰਦ ਕੰਟਰੋਲ ਰੇਖਾ ਨੇੜੇ ਮਾਰੇ ਗਏ। ਕੁਪਵਾੜਾ ਅਤੇ ਰਿਆਸੀ ਜ਼ਿਲ੍ਹਿਆਂ ’ਚ ਤਿੰਨ-ਤਿੰਨ ਅਤੇ ਸੋਪੋਰ ’ਚ ਦੋ ਦਹਿਸ਼ਤਗਰਦ ਹਲਾਕ ਹੋਏ ਹਨ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਕਿਹਾ,‘‘ਜੰਮੂ ਕਸ਼ਮੀਰ ਰਾਈਫਲਜ਼ ਦੇ ਜਵਾਨਾਂ ਨੇ ਕੁਪਵਾੜਾ ਦੇ ਕੇਰਨ ਸੈਕਟਰ ਦੇ ਡਾਟ ਗਲੀ ਏਰੀਏ ’ਚ ਕੰਟਰੋਲ ਰੇਖਾ ਨੇੜੇ ਸ਼ੱਕੀ ਹਲਚਲ ਦੇਖੀ। ਭਾਰਤ ’ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦਹਿਸ਼ਤਗਰਦਾਂ ਦੇ ਛੋਟੇ ਗੁੱਟ ਨੂੰ ਜਦੋਂ ਚੁਣੌਤੀ ਦਿੱਤੀ ਗਈ ਤਾਂ ਮੁਕਾਬਲਾ ਸ਼ੁਰੂ ਹੋਇਆ ਅਤੇ ਤਿੰਨ ਦਹਿਸ਼ਤਗਰਦ ਮਾਰੇ ਗਏ।’’ ਸੂਤਰਾਂ ਨੇ ਕਿਹਾ ਕਿ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਕੰਡਿਆਲੀ ਤਾਰ ਨੇੜੇ ਪਈਆਂ ਹਨ ਅਤੇ ਉਨ੍ਹਾਂ ਨੂੰ ਬਰਾਮਦ ਨਹੀਂ ਕੀਤਾ ਜਾ ਸਕਿਆ ਹੈ। ਸੋਪੋਰ ਦੇ ਅਰਾਮਪੋਰਾ ਇਲਾਕੇ ’ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਅਲੀ ਉਰਫ਼ ਅਤਹਰ ਅਤੇ ਜ਼ਿਆ-ਉਰ-ਰਹਿਮਾਨ ਨੂੰ ਮਾਰ ਮੁਕਾਇਆ। ਅਲੀ 2014 ’ਚ ਘੁਸਪੈਠ ਕਰਕੇ ਵਾਦੀ ’ਚ ਪਹੁੰਚਿਆ ਸੀ ਅਤੇ ਉਹ ਕਈ ਦਹਿਸ਼ਤੀ ਹਮਲਿਆਂ ’ਚ ਸ਼ਾਮਲ ਸੀ। ਬਾਕੀ ਦੇ ਤਿੰਨ ਦਹਿਸ਼ਤਗਰਦ ਰਿਆਸੀ ਜ਼ਿਲ੍ਹੇ ’ਚ ਮਾਰੇ ਗਏ ਹਨ। ਇਹ ਉਹੋ ਦਹਿਸ਼ਤਗਰਦ ਸਨ ਜਿਨ੍ਹਾਂ ਇਕ ਦਿਨ ਪਹਿਲਾਂ ਪੁਲੀਸ ਪਾਰਟੀ ’ਤੇ ਟਰੱਕ ’ਚੋਂ ਗੋਲੀਆਂ ਚਲਾਈਆਂ ਸਨ ਅਤੇ ਫ਼ਰਾਰ ਹੋ ਗਏ ਸਨ। ਪੁਲੀਸ ਨੇ ਦੱਸਿਆ ਕਿ ਪਾਕਿਸਤਾਨੀ ਮੂਲ ਦੇ ਦਹਿਸ਼ਤਗਰਦ ਕੌਮਾਂਤਰੀ ਸਰਹੱਦ ’ਤੇ ਤਾਰਨਾਹ ਨਾਲੇ ਨੂੰ ਪਾਰ ਕਰਕੇ ਕਠੂਆ ਜ਼ਿਲ੍ਹੇ ਦੇ ਦਯਾਲਚੱਕ ਇਲਾਕੇ ਤੋਂ ਟਰੱਕ ਰਾਹੀਂ ਕਸ਼ਮੀਰ ਪੁੱਜੇ ਸਨ। ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਨੇੜੇ ਕਕਰਿਆਲ ਪਿੰਡ ਦੇ ਇਕ ਘਰ ’ਚ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਵੀਰਵਾਰ ਦੁਪਹਿਰ ਨੂੰ ਘੇਰਾ ਪਾ ਲਿਆ ਸੀ। ਫ਼ੌਜ, ਪੁਲੀਸ ਅਤੇ ਸੀਆਰਪੀਐਫ ਨੇ ਝੱਜਰ ਦੇ ਜੰਗਲਾਂ ਅਤੇ ਨੇੜਲੇ ਇਲਾਕਿਆਂ ’ਚ ਡਰੋਨ, ਹੈਲੀਕਾਪਟਰ ਅਤੇ ਹੋਰ ਨਿਗਰਾਨ ਯਤਰਾਂ ਦੀ ਸਹਾਇਤਾ ਨਾਲ ਦਹਿਸ਼ਤਗਰਦਾਂ ਦਾ ਪਤਾ ਲਗਾਇਆ ਸੀ। ਇਹ ਦਹਿਸ਼ਤਗਰਦ 18 ਤੋਂ 22 ਵਰ੍ਹਿਆਂ ਦੇ ਸਨ। ਪੁਲੀਸ ਨੇ ਕਿਹਾ ਕਿ ਮੁਕਾਬਲੇ ਦੌਰਾਨ 12 ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਮੁਕਾਬਲੇ ’ਚ ਇਕ ਡਿਪਟੀ ਕਮਾਂਡੈਂਟ ਅਤੇ ਅਸਿਸਟੈਂਟ ਕਮਾਂਡੈਂਟ ਸਮੇਤ ਸੀਆਰਪੀਐਫ ਦੇ 6 ਜਵਾਨ, ਡੀਐਸਪੀ ਮੋਹਨ ਲਾਲ ਸਮੇਤ ਪੰਜ ਪੁਲੀਸ ਕਰਮੀ ਅਤੇ ਇਕ ਫ਼ੌਜੀ ਜ਼ਖ਼ਮੀ ਹੋਏ ਹਨ। ਆਖਰੀ ਹਮਲੇ ਤੋਂ ਪਹਿਲਾਂ ਪਿੰਡ ਵਾਸੀਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਕ ਪਿੰਡ ਵਾਸੀ ਨੇ ਸੁਰੱਖਿਆ ਬਲਾਂ ਨੂੰ ਦੱਸਿਆ ਸੀ ਕਿ ਬੁੱਧਵਾਰ ਰਾਤ ਨੂੰ ਤਿੰਨ ਹਥਿਆਰਬੰਦ ਦਹਿਸ਼ਤਗਰਦ ਉਸ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਕੱਪੜੇ ਬਦਲ ਕੇ ਬਿਸਕੁਟ ਤੇ ਪਾਣੀ ਲੈ ਕੇ ਉਥੋਂ ਚਲੇ ਗਏ। ਨਗਰੋਟਾ ਅਤੇ ਝੱਜਰ ਕੋਟਲੀ ਦਰਮਿਆਨ ਕੌਮੀ ਰਾਜਮਾਰਗ ’ਤੇ ਆਵਾਜਾਈ ਨੂੰ ਵੀਰਵਾਰ ਨੂੰ ਰੋਕ ਦਿੱਤਾ ਗਿਆ ਸੀ। ਇਸ ਦੌਰਾਨ ਅੱਜ ਇਲਾਕੇ ’ਚ ਸਾਰੇ ਸਕੂਲ ਬੰਦ ਰੱਖੇ ਗਏ। ਪੁਲੀਸ ਨੇ ਬੁੱਧਵਾਰ ਨੂੰ ਟਰੱਕ ਦੇ ਡਰਾਈਵਰ ਅਤੇ ਉਸ ਦੇ ਹੈਲਪਰ ਨੂੰ ਹਿਰਾਸਤ ’ਚ ਲਿਆ ਸੀ। ਉਨ੍ਹਾਂ ਕੋਲੋਂ ਇਕ ਏਕੇ-56, ਭਰੀ ਹੋਈ ਮੈਗਜ਼ੀਨ, ਇਕ ਚੀਨੀ ਪਿਸਤੌਲ ਅਤੇ ਹੋਰ ਸਮੱਗਰੀ ਬਰਾਮਦ ਹੋਈ ਸੀ। ਰਿਆਸੀ, ਊਧਮਪੁਰ, ਜੰਮੂ ਦੇ ਤਿੰਨ ਐਸਐਸਪੀਜ਼, ਕਟੜਾ ਦੇ ਵਧੀਕ ਐਸਪੀ ਅਤੇ ਨਗਰੋੜਾ ਦੇ ਐਸਡੀਪੀਓ ਨੇ ਬੁੱਧਵਾਰ ਰਾਤ ਤਲਾਸ਼ੀ ਮੁਹਿੰਮ ਚਲਾਈ ਸੀ। ਨਗਰੋਟਾ ਦੇ ਐਸਡੀਪੀਓ ਨੇ ਕਿਹਾ ਕਿ ਸ਼ਾਮ ਪੰਜ ਵਜੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਦਹਿਸ਼ਤਗਰਦਾਂ ਨੇ ਕੱਲ ਹੀ ਹੀਰਾਨਗਰ ਪੱਟੀ ਤੋਂ ਘੁਸਪੈਠ ਕੀਤੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਜੀ (ਜੰਮੂ) ਐਸ ਡੀ ਸਿੰਘ ਜਾਮਵਾਲ ਨੇ ਕਿਹਾ ਕਿ ਦੋ ਵਿਅਕਤੀ ਦਹਿਸ਼ਤਗਰਦਾਂ ਨੂੰ ਦਯਾਲਚੱਕ ਤੋਂ ਟਰੱਕ ’ਚ ਲੈ ਕੇ ਆਏ ਸਨ। ਇਹ ਵਿਅਕਤੀ ਪਹਿਲਾਂ ਵੀ ਅਜਿਹੇ ਕਾਰਿਆਂ ’ਚ ਸ਼ਾਮਲ ਰਹੇ ਹਨ ਅਤੇ ਪੁਲੀਸ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਇਸ ਦੌਰਾਨ ਗੰਦਰਬਲ ਜ਼ਿਲ੍ਹੇ ’ਚ ਸ਼ੱਕੀ ਦਹਿਸ਼ਤਗਰਦ ਅਤੇ ਉਨ੍ਹਾਂ ਦੇ ਇਕ ਹਮਦਰਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਤਲਹਾ ਉਮਰ ਉਰਫ਼ ਅਬੂ ਹਮਜ਼ਾ ਇਸ ਸਾਲ ਹੀ ਦਹਿਸ਼ਤਗਰਦ ਬਣਿਆ ਸੀ। ਉਹ ਜ਼ਾਕਿਰ ਮੂਸਾ ਦੀ ਅਗਵਾਈ ਹੇਠਲੇ ਅਨਸਾਰ ਗਜ਼ਾਵਤ ਉਲ ਹਿੰਦ ਗੁੱਟ ਨਾਲ ਜੁੜਿਆ ਹੋਇਆ ਹੈ।

Leave a Reply

Your email address will not be published.