ਮੁੱਖ ਖਬਰਾਂ
Home / ਪੰਜਾਬ / ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਸੂਰਜ ਦੀ ਅੱਖ’ ਨੂੰ ਢਾਹਾਂ ਪੁਰਸਕਾਰ

ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਸੂਰਜ ਦੀ ਅੱਖ’ ਨੂੰ ਢਾਹਾਂ ਪੁਰਸਕਾਰ

Spread the love

ਚੰਡੀਗੜ੍ਹ-ਪੰਜਾਬ ਦੇ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਢਾਹਾਂ ਪੁਰਸਕਾਰਾਂ ਦਾ ਐਲਾਨ ਕੈਨੇਡਾ ਵਿੱਚ ਕਰ ਦਿੱਤਾ ਗਿਆ ਹੈ। ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਸੂਰਜ ਦੀ ਅੱਖ’ ਦੀ ਚੋਣ ਪਹਿਲੇ ਸਥਾਨ ’ਤੇ ਹੋਈ ਹੈ। ਉਨ੍ਹਾਂ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਪੁਰਸਕਾਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪਾਕਿਸਤਾਨੀ ਲੇਖਕ ਨਾਸਿਰ ਬਲੋਚ ਦੀ ਰਚਨਾ ‘ਝੂਠਾ ਸੱਚਾ ਕੋਈ ਨਾ’ ਨੂੰ ਦੂਜਾ ਇਨਾਮ ਦਿੱਤਾ ਜਾਵੇਗਾ। ਇਹ ਸ਼ਾਹਮੁਖੀ ਲਿੱਪੀ ਵਿੱਚ ਛਪਿਆ ਨਾਸਿਰ ਬਲੋਚ ਦੀਆਂ ਕਹਾਣੀਆਂ ਦਾ ਨਵਾਂ ਪਰਾਗਾ ਹੈ। ਇਸੇ ਤਰ੍ਹਾਂ ਹਰਪ੍ਰੀਤ ਸੇਖਾ ਸਰੀ ਨੂੰ ਵੀ ਦੂਜਾ ਇਨਾਮ ਦਿੱਤਾ ਜਾਵੇਗਾ। ਦੂਜੇ ਨੰਬਰ ’ਤੇ ਆਉਣ ਵਾਲੀਆਂ ਰਚਨਾਵਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਿੱਤੇ ਜਾਣਗੇ।
ਡਾ. ਰਘਬੀਰ ਸਿੰਘ ਸਿਰਜਣਾ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ‘ਸੂਰਜ ਦੀ ਅੱਖ’ ਨਾਵਲ ’ਤੇ ਬਲਦੇਵ ਸਿੰਘ ਨੂੰ ਇਹ ਵੱਕਾਰੀ ਇਨਾਮ ਮਿਲਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਕਾਲ ਦੇ ਸਭ ਪੱਖਾਂ ’ਤੇ ਝਾਤ ਪਾਉਣ ਵਾਲਾ ਸੜਕਨਾਮਾ ਦਾ ਇਹ ਸ਼ਾਹਕਾਰ ਨਾਵਲ ਹੈ। ਬਲਦੇਵ ਸਿੰਘ ਸੜਕਨਾਮਾ ਨੂੰ ਸਾਲ 2011 ਵਿੱਚ ਲੋਕ ਨਾਇਕ ਦੁੱਲਾ ਭੱਟੀ ਬਾਰੇ ਨਾਵਲ ‘ਢਾਹਵਾਂ ਦਿੱਲੀ ਦੇ ਕਿੰਗਰੇ’ ਲਈ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲ ਚੁੱਕਿਆ ਹੈ। ਇਸ ਲੇਖਕ ਨੇ ਆਪਣਾ ਸਿਰਜਣਾਤਮਕ ਸਫ਼ਰ 1977 ਵਿੱਚ ਕਹਾਣੀ ਸੰਗ੍ਰਹਿ ‘ਗਿੱਲੀਆਂ ਛਿਟੀਆਂ ਦੀ ਅੱਗ’ ਨਾਲ ਸ਼ੁਰੂ ਕੀਤਾ ਸੀ। ਟਰੱਕ ਡਰਾਈਵਰ ਵਜੋਂ ਉਸ ਦਾ ਅਨੁਭਵ ‘ਸੜਕਨਾਮਾ’ ਲਿਖਣ ਲਈ ਪ੍ਰੇਰਨਾ ਸਰੋਤ ਬਣਿਆ, ਜੋ ਅੰਮ੍ਰਿਤਾ ਪ੍ਰੀਤਮ ਦੇ ਰਸਾਲੇ ‘ਨਾਗਮਣੀ’ ਵਿੱਚ ਬਾਕਾਇਦਾ ਕਾਲਮ ਵਜੋਂ ਛਪਦਾ ਰਿਹਾ। ਬਲਦੇਵ ਸਿੰਘ ਨੇ ਨਾਵਲ ਤੇ ਕਹਾਣੀ ਸਮੇਤ ਨਾਟਕ, ਵਾਰਤਕ, ਸਫ਼ਰਨਾਮਾ ਅਤੇ ਬਾਲ ਸਾਹਿਤ ਦੀ ਵੀ ਰਚਨਾ ਕੀਤੀ ਹੈ।
ਇਸੇ ਤਰ੍ਹਾਂ ਦੂਜੇ ਸਥਾਨ ਲਈ ਚੁਣੇ ਕਹਾਣੀਆਂ ਦੇ ਪਰਾਗੇ ‘ਝੂਠਾ ਸੱਚਾ ਕੋਈ ਨਾ’ ਦੀ ਰਚਨਾ ਨਾਸਿਰ ਬਲੋਚ, ਖੁਸ਼ਾਬ (ਪਾਕਿਸਤਾਨ) ਨੇ ਕੀਤੀ ਹੈ। ਬਲੋਚ, ਸੂਖਮ ਸੋਝੀ ਨਾਲ ਰਚੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹੀ ਕਹਾਣੀ ਦਾ ਸ਼ਾਹ-ਸਵਾਰ ਹੈ, ਜੋ ਆਪਣੀ ਰਚਨਾ ਵਿੱਚ ਭ੍ਰਿਸ਼ਟਾਚਾਰ, ਅੱਧੋਗਤੀ ਤੇ ਖੜੋਤ ਦੀ ਭਾਂਤ-ਸੁਭਾਂਤੀ ਦਲਦਲ ਵਿੱਚ ਧਸੇ ਸਮਕਾਲੀ ਸਮਾਜੀ ਨਿਜ਼ਾਮ ਦਾ ਪਰਦਾਫਾਸ਼ ਕਰਦਾ ਹੈ। ਡਾ. ਨਾਸਿਰ ਬਲੋਚ ਉਰਦੂ ਅਤੇ ਪੰਜਾਬੀ ਦੇ ਪ੍ਰੋਫੈਸਰ ਹਨ, ਜੋ ਇਸ ਸਮੇਂ ਮਿਨਹਾਜ਼ ਯੂਨੀਵਰਸਿਟੀ, ਲਾਹੌਰ ਵਿੱਚ ਪੜ੍ਹਾ ਰਹੇ ਹਨ। ਉਰਦੂ ਅਤੇ ਪੰਜਾਬੀ ਵਿੱਚ ਲਿਖੇ ਉਨ੍ਹਾਂ ਦੇ ਡਰਾਮਿਆਂ ਦੀ ਗਿਣਤੀ 150 ਤੱਕ ਹੈ, ਜਿਨ੍ਹਾਂ ਵਿੱਚੋਂ 16 ਲੜੀਵਾਰ ਵਜੋਂ ਟੀ ਵੀ ’ਤੇ ਵਿਖਾਏ ਗਏ ਹਨ। ਪਾਕਿਸਤਾਨ ਟੀ.ਵੀ. ਵੱਲੋਂ ਉਸ ਨੂੰ ਬਿਹਤਰੀਨ ਡਰਾਮਾ ਲੇਖਕ ਦਾ ਐਵਾਰਡ ਵੀ ਦਿੱਤਾ ਜਾ ਚੁੱਕਿਆ ਹੈ।
ਇਸੇ ਤਰ੍ਹਾਂ ਹਰਪ੍ਰੀਤ ਸੇਖਾ ਸਰੀ, ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਨੂੰ ਵੀ ਦੂਜੇ ਇਨਾਮ ਲਈ ਚੁਣਿਆ ਹੈ। ਦੂਜੇ ਸਥਾਨ ਲਈ ਚੁਣਿਆ ‘ਪ੍ਰਿਜ਼ਮ’ ਹਰਪ੍ਰੀਤ ਸੇਖਾ ਦੀਆਂ ਕਹਾਣੀਆਂ ਦਾ ਸੱਜਰਾ ਸੰਗ੍ਰਹਿ ਹੈ। ਹਰਪ੍ਰੀਤ ਸੇਖਾ ਸਰੀ ਵਾਸੀ ਕੈਨੇਡੀਅਨ-ਪੰਜਾਬੀ ਲੇਖਕ ਹੈ, ਜਿਸ ਨੇ 1988 ਵਿੱਚ ਆਪਣੇ ਮਾਪਿਆਂ ਨਾਲ ਕੈਨੇਡਾ ਪਰਵਾਸ ਕੀਤਾ ਸੀ। ਉਸ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਕਹਾਣੀ ਸੰਗ੍ਰਹਿ ‘ਬੀ ਜੀ ਮੁਸਕਰਾ ਪਏ’(2006) ਅਤੇ ‘ਬਾਰਾਂ ਬੂਹੇ’(2013) ਤੋਂ ਇਲਾਵਾ ਸਾਲ 2011 ਵਿੱਚ ਛਪੀ ਵਾਰਤਕ ‘ਟੈਕਸੀਨਾਮਾ’ ਵੀ ਸ਼ਾਮਲ ਹੈ। ਹਰਪ੍ਰੀਤ ਦੀਆਂ ਕਹਾਣੀਆਂ ਭਾਰਤ ਦੇ ਸਕੂਲ ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀਆਂ ਵਿੱਚ ਪਾਠ ਪੁਸਤਕਾਂ ਵਜੋਂ ਪੜ੍ਹਾਏ ਜਾਂਦੇ ਸੰਗ੍ਰਹਿਆਂ ਵਿੱਚ ਸ਼ਾਮਲ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪੰਜਾਬੀ ਐੱਮਏ ਵਿੱਚ ਉਸ ਦੀ ਕਿਤਾਬ ‘ਟੈਕਸੀਨਾਮਾ’ ਸ਼ਾਮਲ ਰਹੀ ਹੈ।
‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਿਤਾਬ ਲਿਖਣ ਲਈ ਚਾਰ ਵਰ੍ਹੇ ਖੋਜ ਕੀਤੀ। ਇਸ ਨਾਵਲ ਬਾਰੇ ਹੋਏ ਵਾਦ-ਵਿਵਾਦ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਨਾਇਕ ਸਨ, ਪਰ ਵੱਖ ਵੱਖ ਲੇਖਕ ਤੇ ਵਿਦਵਾਨ ਆਪਣੇ ਨਾਇਕਾਂ ਨੂੰ ਵੱਖ ਵੱਖ ਦ੍ਰਿਸ਼ਟੀ ਤੋਂ ਵੇਖਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਉਸਾਰੂ ਆਲੋਚਨਾ ਦਾ ਸਵਾਗਤ ਕੀਤਾ ਹੈ।

Leave a Reply

Your email address will not be published.