ਮੁੱਖ ਖਬਰਾਂ
Home / ਮੁੱਖ ਖਬਰਾਂ / ਜੀਕੇ ’ਤੇ ਹਮਲੇ ਦੇ ਕੇਸ ਵਿੱਚ ਪਿਓ-ਪੁੱਤਰ ਗ੍ਰਿਫ਼ਤਾਰ

ਜੀਕੇ ’ਤੇ ਹਮਲੇ ਦੇ ਕੇਸ ਵਿੱਚ ਪਿਓ-ਪੁੱਤਰ ਗ੍ਰਿਫ਼ਤਾਰ

Spread the love

ਜਲੰਧਰ-ਅਮਰੀਕੀ ਸੂਬੇ ਕੈਲੀਫੋਰਨੀਆ ਦੀ ਸਟਰ ਕੰਟਰੀ ਪੁਲੀਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ 26 ਅਗਸਤ ਨੂੰ ਯੂਬਾ ਸਿਟੀ ਦੇ ਗੁਰਦੁਆਰੇ ਨੇੜੇ ਕੀਤੀ ਗਈ ਕੁੱਟਮਾਰ ਦੇ ਮਾਮਲੇ ਸਬੰਧੀ ਜਸਬੀਰ ਸਿੰਘ ਲੁਬਾਣਾ ਤੇ ਉਸ ਦੇ ਪੁੱਤਰ ਗਗਨਦੀਪ ਸਿੰਘ ਲੁਬਾਣਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਕੁੱਟਮਾਰ ਦੀ ਘਟਨਾ ਦੀ ਇਕ ਵੀਡੀਓ ਕਲਿਪ ਦੇ ਅਧਾਰ ’ਤੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਜਸਬੀਰ ਸਿੰਘ ਤੇ ਗਗਨਦੀਪ ਸਿੰਘ ਇਕ ਵਿਅਕਤੀ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਉਂਜ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵੀਡੀਓ ਕਲਿਪ ਵਿੱਚ ਕੁੱਟਿਆ ਜਾਣ ਵਾਲਾ ਸ਼ਖ਼ਸ ਮਨਜੀਤ ਸਿੰਘ ਜੀਕੇ ਹੀ ਹੈ ਜਾਂ ਕੋਈ ਹੋਰ। ਪੁਲੀਸ ਨੇ ਦੋਵਾਂ ਨੂੰ ਮਾਮਲੇ ਦੀ ਜਾਂਚ ਲਈ ਤਲਬ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਦਸ ਕੁ ਘੰਟਿਆਂ ਬਾਅਦ ਹੀ ਸਿੱਖਜ਼ ਫਾਰ ਜਸਟਿਸ ਦੇ ਵਕੀਲਾਂ ਨੇ ਇਕ ਮੁਕਾਮੀ ਅਦਾਲਤ ਤੋਂ ਦੋਵਾਂ ਦੀ ਜ਼ਮਾਨਤ ਲੈ ਲਈ।
ਕੈਲੀਫੋਰਨੀਆ ਵਿੱਚ ਭਾਰਤੀ ਕੌਂਸਲਖ਼ਾਨੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਪਿਤਾ-ਪੁੱਤਰ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਅਮਰੀਕਾ ਵਿੱਚ ਸਿੱਖ ਰੈਡੀਕਲ ਕਾਰਕੁਨਾਂ ਦੀਆਂ ਸਰਗਰਮੀਆਂ ਵਧਣ ਤੇ ਖ਼ਾਲਿਸਤਾਨ ਦੇ ਮੁੱਦੇ ਪ੍ਰਤੀ ਕੂਟਨੀਤਕ ਚੈਨਲਾਂ ਰਾਹੀਂ ਅਮਰੀਕੀ ਅਧਿਕਾਰੀਆਂ ਕੋਲ ਮਾਮਲਾ ਉਠਾਏ ਜਾਣ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਹੋਈਆਂ ਸਨ।
ਪਤਾ ਚੱਲਿਆ ਹੈ ਕਿ ਜਸਬੀਰ ਸਿੰਘ ‘ਰੈਫਰੰਡਮ 2020’ ਦੀ ਮੁਹਿੰਮ ਨਾਲ ਜੁੜਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਉਹ ਸਾਬਕਾ ਕਾਂਗਰਸ ਐਮਪੀ ਜਗਦੀਸ਼ ਟਾਈਟਲਰ ਖ਼ਿਲਾਫ਼ ਚੱਲ ਰਹੇ ਦਿੱਲੀ ਕਤਲੇਆਮ ਦੇ ਇਕ ਕੇਸ ਦਾ ਅਹਿਮ ਗਵਾਹ ਵੀ ਰਿਹਾ ਹੈ। ਲੁਬਾਣਾ ਪਿਓ-ਪੁੱਤਰ ਕੈਲੀਫੋਰਨੀਆ ਦੇ ਵਸਨੀਕ ਹਨ ਤੇ ਪਤਾ ਚੱਲਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕੈਲੀਫੋਰਨੀਆ ਪੀਨਲ ਕੋਡ ਦੀ ਧਾਰਾ 245 (ਏ) (4) ਤਹਿਤ ਦੋਸ਼ ਆਇਦ ਕੀਤੇ ਗਏ ਹਨ। ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮਨਜੀਤ ਸਿੰਘ ਜੀਕੇ ’ਤੇ ਲੰਘੀ 26 ਅਗਸਤ ਨੂੰ ਯੂਬਾ ਸਿਟੀ ਵਿੱਚ ਉਦੋਂ ਹਮਲਾ ਹੋਇਆ ਸੀ ਜਦੋਂ ਉਹ ਇਕ ਗੁਰਦੁਆਰੇ ਵਿੱਚ ਹੋਣ ਵਾਲੇ ਸਮਾਗਮ ਵਿੱਚ ਤਕਰੀਰ ਕਰਨ ਜਾ ਰਹੇ ਸਨ। ਇਸ ਤੋਂ ਪੰਜ ਕੁ ਦਿਨ ਪਹਿਲਾਂ ਨਿਊ ਯਾਰਕ ਵਿੱਚ ਵੀ ਉਨ੍ਹਾਂ ਨਾਲ ਹੱਥੋ-ਪਾਈ ਦੀ ਘਟਨਾ ਹੋਈ ਸੀ ਜਦੋਂ ਇਕ ਟੀਵੀ ਡਿਬੇਟ ਵਿੱਚ ਸ਼ਾਮਲ ਹੋਣ ਮਗਰੋਂ ਬਾਹਰ ਆ ਰਹੇ ਸਨ। ਸ੍ਰੀ ਜੀਕੇ ਨੇ ਕਿਹਾ ਸੀ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲੇ 20-25 ਬੰਦੇ ਸਨ ਜਦਕਿ ਕੇਂਦਰੀ ਮੰਤਰੀ ਤੇ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਸੀ ਕਿ ਜੀਕੇ ’ਤੇ ਹਮਲਾ ਕਰਨ ਵਾਲਿਆਂ ਦੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨਾਲ ਸਬੰਧ ਹਨ।

Leave a Reply

Your email address will not be published.