ਮੁੱਖ ਖਬਰਾਂ
Home / ਪੰਜਾਬ / ਸਿੱਧੂ ਖ਼ਿਲਾਫ਼ ਮੁੜ ਖੁੱਲ੍ਹੇਗਾ ਕੇਸ

ਸਿੱਧੂ ਖ਼ਿਲਾਫ਼ ਮੁੜ ਖੁੱਲ੍ਹੇਗਾ ਕੇਸ

Spread the love

ਨਵੀਂ ਦਿੱਲੀ-ਕਰੀਬ 30 ਸਾਲ ਪਹਿਲਾਂ ਸੜਕ ’ਤੇ ਝਗੜੇ ਦੌਰਾਨ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਫਿਰ ਵੱਧ ਸਕਦੀਆਂ ਹਨ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਮ੍ਰਿਤਕ ਗੁਰਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਖ਼ਲ ਨਜ਼ਰਸਾਨੀ ਪਟੀਸ਼ਨ ਸੁਣਵਾਈ ਲਈ ਸਵੀਕਾਰ ਕਰ ਲਈ ਹੈ। ਜਸਟਿਸ ਏ ਐਮ ਖਾਨਵਿਲਕਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਫ਼ੈਸਲੇ ਦੀ ਸਮੀਖਿਆ ਲਈ ਦਾਖ਼ਲ ਪਟੀਸ਼ਨ ’ਤੇ ਸ੍ਰੀ ਸਿੱਧੂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ 15 ਮਈ ਨੂੰ ਜਸਟਿਸ ਚੇਲਾਮੇਸ਼ਵਰ ਦੀ ਅਗਵਾਈ ਹੇਠਲੇ ਬੈਂਚ ਨੇ ਸ੍ਰੀ ਸਿੱਧੂ ’ਤੇ ਸਿਰਫ਼ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਸੀ। ਬੈਂਚ ਨੇ ਕਿਹਾ ਸੀ ਕਿ ਗੁਰਨਾਮ ਸਿੰਘ ਦੀ ਮੌਤ ਲਈ ਸਿੱਧੂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਕੁੱਟਣ ਸਬੰਧੀ ਕੋਈ ਸਬੂਤ ਨਹੀਂ ਮਿਲਿਆ ਹੈ। ਉਸ ਸਮੇਂ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਸ੍ਰੀ ਸਿੱਧੂ ਦਾ ਸਿਆਸੀ ਕਰੀਅਰ ਬਚ ਗਿਆ ਸੀ। ਜ਼ਿਕਰਯੋਗ ਹੈ ਕਿ ਜੇਕਰ ਅਪਰਾਧਿਕ ਕੇਸ ’ਚ ਦੋ ਸਾਲ ਤੋਂ ਘੱਟ ਦੀ ਸਜ਼ਾ ਹੋਵੇ ਤਾਂ ਸਿਆਸੀ ਕਰੀਅਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਸੜਕ ’ਤੇ ਝਗੜੇ ਦੀ ਘਟਨਾ ਪਟਿਆਲਾ ’ਚ 27 ਦਸੰਬਰ 1988 ਨੂੰ ਵਾਪਰੀ ਸੀ ਜਦੋਂ ਸਿੱਧੂ ਅਤੇ ਉਸ ਦਾ ਦੋਸਤ ਰੁਪਿੰਦਰ ਸਿੰਘ ਸੰਧੂ ਪੀੜਤ ਗੁਰਨਾਮ ਸਿੰਘ ਨਾਲ ਬਹਿਸ ਪਏ ਸਨ। ਦੋਹਾਂ ਨੇ ਸ੍ਰੀ ਗੁਰਨਾਮ ਸਿੰਘ ਨੂੰ ਕਾਰ ’ਚੋਂ ਧੂਹ ਲਿਆ ਸੀ ਜਿਸ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ ਸੀ।

Leave a Reply

Your email address will not be published.