ਮੁੱਖ ਖਬਰਾਂ
Home / ਭਾਰਤ / ਸ਼ਹੀਦ ਨੂੰ ਹਜ਼ਾਰਾਂ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ਼ਹੀਦ ਨੂੰ ਹਜ਼ਾਰਾਂ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Spread the love

ਅੰਬਾਲਾ-ਜੰਮੂ-ਕਸ਼ਮੀਰ ਦੇ ਗੁਰੇਜ਼ ਸੈਕਟਰ ਵਿੱਚ 6 ਅਗਸਤ ਨੂੰ ਅਤਿਵਾਦੀਆਂ ਦੀ ਘੁਸਪੈਠ ਨੂੰ ਰੋਕਣ ਸਮੇਂ ਸ਼ਹੀਦ ਹੋਏ ਲਾਂਸ ਨਾਇਕ ਵਿਕਰਮਜੀਤ ਸਿੰਘ ਦਾ ਉਸ ਦੇ ਜੱਦੀ ਪਿੰਡ ਟੇਪਲਾ ਵਿੱਚ ਸਰਕਾਰੀ ਅਤੇ ਸੈਨਿਕ ਸਨਮਾਨ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਹਜ਼ਾਰਾਂ ਲੋਕਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਅਤੇ ‘ਭਾਰਤ ਮਾਤਾ ਦੀ ਜੈ ਤੇ ਪਾਕਿਸਤਾਨ ਮੁਰਦਾਬਾਦ’ ਦੇ ਆਕਾਸ਼ ਗੁੰਜਾਊ ਨਾਅਰੇ ਲਾਉਂਦਿਆਂ ਨਮ ਅੱਖਾਂ ਨਾਲ ਸ਼ਹੀਦ ਨੂੰ ਵਿਦਾਇਗੀ ਦਿੱਤੀ।
ਸੈਨਾ ਅਤੇ ਪੁਲੀਸ ਦੀ ਟੁਕੜੀ ਨੇ ਹਥਿਆਰ ਪੁੱਠੇ ਕਰਕੇ, ਮਾਤਮੀ ਧੁਨ ਵਜਾ ਕੇ ਅਤੇ ਹਵਾ ਵਿੱਚ ਗੋਲੀਆਂ ਦਾਗ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦ ਦੀ ਦੇਹ ਕੱਲ ਸ਼ਾਮ ਨੂੰ ਏਅਰ ਫੋਰਸ ਸਟੇਸ਼ਨ ਅੰਬਾਲਾ ਛਾਉਣੀ ਪਹੁੰਚ ਗਈ ਸੀ ਅਤੇ ਰਾਤ ਮਿਲਟਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਸੀ। ਅੱਜ ਸਵੇਰੇ 8 ਵਜੇ ਫੁੱਲਾਂ ਨਾਲ ਸਜੀ ਗੱਡੀ ਅਤੇ ਹੋਰ ਵਾਹਨਾਂ ਦੇ ਕਾਫਲੇ ਦੇ ਰੂਪ ਵਿੱਚ ਤਿਰੰਗੇ ਵਿੱਚ ਲਿਪਟੀ ਸ਼ਹੀਦ ਦੀ ਦੇਹ ਨੂੰ ਟੇਪਲਾ ਲਿਜਾਇਆ ਗਿਆ। ਸ਼ਹੀਦ ਦੇ ਸਨਮਾਨ ਵਿੱਚ ਟੇਪਲਾ ਤੋਂ ਬਿਨਾ ਹੋਰ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸ਼ਹੀਦ ਦੇ ਪਿਤਾ ਬਲਜਿੰਦਰ ਸਿੰਘ, ਮਾਤਾ ਕਮਲੇਸ਼ ਕੌਰ, ਛੋਟਾ ਫੌਜੀ ਭਰਾ ਮੋਨੂੰ ਸਿੰਘ ਸੋਗ ਵਿੱਚ ਡੁੱਬੇ ਹੋਣ ਦੇ ਬਾਵਜੂਦ ਵਿਕਰਮਜੀਤ ਦੀ ਸ਼ਹਾਦਤ ’ਤੇ ਮਾਣ ਮਹਿਸੂਸ ਕਰ ਰਹੇ ਸਨ। ਹਰਿਆਣਾ ਸਰਕਾਰ ਵੱਲੋਂ ਸਿਹਤ ਮੰਤਰੀ ਅਨਿਲ ਵਿੱਜ ਨੇ ਸ਼ਹੀਦ ਦੀ ਦੇਹ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ 8 ਅਗਸਤ ਨੂੰ ਹੀ ਸ਼ਹੀਦ ਦੀ ਪਤਨੀ ਹਰਜੀਤ ਕੌਰ ਦੇ ਖਾਤੇ ਵਿੱਚ 23.34 ਲੱਖ ਰੁਪਏ, ਸ਼ਹੀਦ ਦੇ ਪਿਤਾ ਬਲਜਿੰਦਰ ਸਿੰਘ ਅਤੇ ਮਾਤਾ ਕਮਲੇਸ਼ ਕੌਰ ਦੇ ਖਾਤਿਆਂ ਵਿੱਚ 13.33-13.33 ਲੱਖ ਦੀ ਰਕਮ ਪਾ ਦਿੱਤੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਦੇ ਫੈਸਲੇ ਅਨੁਸਾਰ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਇਸ ਮੌਕੇ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਸੈਣੀ, ਸਥਾਨਕ ਵਿਧਾਇਕ ਸੰਤੋਸ਼ ਚੌਹਾਨ ਸਾਰਵਾਨ, ਵਿਧਾਇਕ ਅਸੀਮ ਗੋਇਲ, ਡੀਸੀ ਸ਼ਰਨਦੀਪ ਕੌਰ ਬਰਾੜ, ਐਸਪੀ ਅਸ਼ੋਕ ਕੁਮਾਰ, ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਐਸ ਐਸ ਸਿੱਧੂ, 2 ਕੋਰ ਦੇ ਜੀਓਸੀ ਕੇ ਐਸ ਨਿੱਝਰ, ਏਡੀਸੀ ਕੈਪਟਨ ਸ਼ਕਤੀ ਸਿੰਘ ਅਤੇ ਸੈਨਿਕ ਬੋਰਡ ਦੇ ਡਿਪਟੀ ਡਾਇਰੈਕਟਰ ਵੀ ਐਮ ਸ਼ਰਮਾ ਹਾਜ਼ਰ ਸਨ। ਸ਼ਹੀਦ ਦੀ ਅੰਤਿਮ ਯਾਤਰਾ ਵਿੱਚ ਸਢੌਰਾ ਤੋਂ ਵਿਧਾਇਕ ਬਲਵੰਤ ਸਿੰਘ, ਭਾਜਪਾ ਜ਼ਲ੍ਹਿ‌ਾ ਪ੍ਰਧਾਨ ਜਗਮੋਹਨ ਲਾਲ ਕੁਮਾਰ, ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਚੌਧਰੀ ਫੂਲ ਚੰਦ ਮੁਲਾਣਾ, ਸਾਬਕਾ ਮੰਤਰੀ ਚੌਧਰੀ ਨਿਰਮਲ ਸਿੰਘ, ਸਾਬਕਾ ਵਿਧਾਇਕ ਜਸਬੀਰ ਮਲੌਰ ਤੇ ਰਾਜਬੀਰ ਬਰਾੜਾ, ਰਾਜ ਸਿੰਘ, ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੂਬੇਦਾਰ ਅਤਰ ਸਿੰਘ ਮੁਲਤਾਨੀ ਅਤੇ ਹੋਰ ਹਜ਼ਾਰਾਂ ਲੋਕ ਸ਼ਾਮਲ ਹੋਏ।

Leave a Reply

Your email address will not be published.