ਮੁੱਖ ਖਬਰਾਂ
Home / ਮੁੱਖ ਖਬਰਾਂ / ਸੀਨੀਅਰ ਭਾਰਤੀ ਅਫ਼ਸਰ ਦੇ ਪਰਿਵਾਰ ਨੂੰ ਜਹਾਜ਼ ’ਚੋਂ ਉਤਾਰਿਆ

ਸੀਨੀਅਰ ਭਾਰਤੀ ਅਫ਼ਸਰ ਦੇ ਪਰਿਵਾਰ ਨੂੰ ਜਹਾਜ਼ ’ਚੋਂ ਉਤਾਰਿਆ

Spread the love

ਨਵੀਂ ਦਿੱਲੀ-ਭਾਰਤ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਬ੍ਰਿਟਿਸ਼ ਏਅਰਵੇਜ਼ ਦੇ ਸਟਾਫ ’ਤੇ ਵਿਤਕਰੇ ਅਤੇ ਅੱਖੜ ਵਿਹਾਰ ਦਾ ਦੋਸ਼ ਲਾਇਆ ਜਿਸ ਨੇ ਪਿਛਲੇ ਮਹੀਨੇ ਟੇਕਔਫ ਤੋਂ ਠੀਕ ਪਹਿਲਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਸੀ ਕਿਉਂਕਿ ਉਸ ਦਾ ਤਿੰਨ ਸਾਲਾ ਪੁੱਤਰ ਰੋਣ ਲੱਗ ਪਿਆ ਸੀ।
ਅਫ਼ਸਰ ਏਪੀ ਪਾਠਕ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੂੰ 3 ਅਗਸਤ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿੱਛੇ ਬੈਠੇ ਇਕ ਹੋਰ ਭਾਰਤੀ ਪਰਿਵਾਰ ਨੂੰ ਵੀ ਜਹਾਜ਼ ’ਚੋਂ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਬੱਚੇ ਨੂੰ ਚੁੱਪ ਕਰਾਉਣ ਲਈ ਬਿਸਕੁਟ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ 23 ਜੁਲਾਈ ਦੀ ਘਟਨਾ ਸੀ। ਇਸ ਦੌਰਾਨ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਘਟਨਾ ਬਾਰੇ ਤਫ਼ਸੀਲੀ ਰਿਪੋਰਟ ਮੰਗੀ ਹੈ।
ਅਧਿਕਾਰੀ ਨੇ ਦੋਸ਼ ਲਾਇਆ ਕਿ ਚਾਲਕ ਦਸਤੇ ਨੇ ਜਹਾਜ਼ (ਬੀਏ 8495) ਨੂੰ ਮੋੜ ਕੇ ਟਾਰਮੈਕ (ਪਟੜੀ) ’ਤੇ ਲੈ ਆਂਦਾ ਜਿੱਥੇ ਸੁਰੱਖਿਆ ਅਮਲੇ ਨੇ ਉਨ੍ਹਾਂ ਦੇ ਬੋਰਡਿੰਗ ਪਾਸ ਲੈ ਲਏ। ਕਸਟਮਰ ਕੇਅਰ ਸਰਵਿਸ ਮੈਨੇਜਰ ਨੇ ਉਨ੍ਹਾਂ ਨੂੰ ਜਹਾਜ਼ ’ਚੋਂ ਉਤਾਰਨ ਦਾ ਕੋਈ ਕਾਰਨ ਨਹੀਂ ਦੱਸਿਆ ਤੇ ਨਾ ਹੀ ਮੈਨੇਜਮੈਂਟ ਨੇ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਕੋਈ ਕਾਰਵਾਈ ਕੀਤੀ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰੀ ਰਕਮ ਅਦਾ ਕਰ ਕੇ ਬਰਲਿਨ ਵਿੱਚ ਰੁਕਣਾ ਪਿਆ। ਦੂਜੇ ਭਾਰਤੀ ਪਰਿਵਾਰ ਨੂੰ ਅਗਲੇ ਦਿਨ ਟਿਕਟ ਦੇ ਦਿੱਤੀ ਗਈ। ਭਾਰਤੀ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨ ਦੇ ਇਕ ਪੁਰਸ਼ ਮੈਂਬਰ ਦੇ ਵਤੀਰੇ ਤੋਂ ਉਸ ਦਾ ਬੱਚਾ ਡਰ ਕੇ ਉੱਚੀ ਉੱਚੀ ਰੋਣ ਲੱਗ ਪਿਆ ਸੀ। ਬੱਚੇ ਦੀ ਮਾਂ ਤੇ ਪਿੱਛੇ ਬੈਠੇ ਇਕ ਭਾਰਤੀ ਪਰਿਵਾਰ ਨੇ ਵੀ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਸਟਾਫ ਮੈਂਬਰ ਮੁੜ ਕੇ ਆਇਆ ਤੇ ਉਸ ਨੂੰ ਬੱਚੇ ਨੂੰ ਝਿੜਕ ਕੇ ਆਖਿਆ ‘‘ ਚੁੱਪ ਕਰ ਕੇ ਬੈਠ ਜਾਹ, ਨਹੀਂ ਤਾਂ ਤੈਨੂੰ ਖਿੜਕੀ ’ਚੋਂ ਬਾਹਰ ਸੁੱਟ ਦਿਆਂਗਾ।’’

Leave a Reply

Your email address will not be published.